ਸਾਲਾਨਾ ਸ਼ਹੀਦੀ ਸਭਾ ਮੌਕੇ ਰਾਜਸੀ ਕਾਨਫੰਰਸਾਂ ‘ਚ ਦੂਸ਼ਣਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ : ਭਾਈ ਲੌਂਗੋਵਾਲ

ss1

ਸਾਲਾਨਾ ਸ਼ਹੀਦੀ ਸਭਾ ਮੌਕੇ ਰਾਜਸੀ ਕਾਨਫੰਰਸਾਂ ‘ਚ ਦੂਸ਼ਣਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ : ਭਾਈ ਲੌਂਗੋਵਾਲ

ਫਤਹਿਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਮੁੱਚੀਆਂ ਰਾਜਸੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਸਤਿਕਾਰਤ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਰਾਜਸੀ ਕਾਨਫਰੰਸਾਂ ਵਿਚ ਦੂਸ਼ਣਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸਾਲਾਨਾ ਸ਼ਹੀਦੀ ਜੋੜ ਮੇਲ ਮੌਕੇ ਵੱਖ-ਵੱਖ ਰਾਜਸੀ ਧਿਰਾਂ ਵੱਲੋਂ ਆਪੋ-ਆਪਣੀਆਂ ਕਾਨਫੰਰਸਾਂ ਕੀਤੀਆਂ ਜਾਂਦੀਆਂ ਹਨ। ਪਰ ਸੰਗਤ ਵੱਲੋਂ ਅਕਸਰ ਹੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਇਸ ਦਿਹਾੜੇ ਮੌਕੇ ਰਾਜਸੀ ਕਾਨਫਰੰਸਾਂ ਵਿਚ ਕੀਤੀ ਜਾਂਦੀ ਆਪਸੀ ਤਿੱਖੀ ਬਿਆਨਬਾਜ਼ੀ ਨਾਲ ਸਾਹਿਬਜ਼ਾਦਿਆਂ ਦੇ ਸਤਿਕਾਰ ਅਤੇ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜਦੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇਨ੍ਹਾਂ ਕਾਨਫਰੰਸਾਂ ਵਿਚ ਬੋਲਣ ਵਾਲੇ ਆਗੂ ਆਪਣੇ ਸੰਬੋਧਨ ਵਿਚ ਸਾਹਿਬਜ਼ਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਤੋਂ ਇਲਾਵਾ ਕਿਸੇ ਕਿਸਮ ਦੀ ਵੀ ਰਾਜਸੀ ਬਿਆਨਬਾਜ਼ੀ ਕਰਨ ਤੋਂ ਸੰਕੋਚ ਕਰਨ।
ਇਸ ਦੌਰਾਨ ਸਿੱਖ ਕੌਮ ਦੇ ਦੋ ਅਹਿਮ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਸ੍ਰੀ ਅੰਮਿਤਸਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਏਅਰ ਇੰਡੀਆ ਵੱਲੋਂ ਸ਼ੁਰੂ ਕੀਤੀ ਜਾ ਰਹੀ ਹਵਾਈ ਸੇਵਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਨ ਲਈ ਏਅਰ ਇੰਡੀਆ ਵੱਲੋਂ 23 ਨਵੰਬਰ ਦਿਨ ਸ਼ਨੀਵਾਰ ਤੋਂ ਇਹ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਸ਼ੁਰੂਆਤ ਵਿਚ ਇਹ ਸੇਵਾ ਹਫਤੇ ਵਿਚ ਦੋ ਦਿਨ ਹੋਵੇਗੀ। ਉਨ੍ਹਾਂ ਇਸ ਕਾਰਜ ਲਈ ਏਅਰ ਇੰਡੀਆ ਦਾ ਧੰਨਵਾਦ ਕੀਤਾ। ਸ. ਲੌਂਗੋਵਾਲ ਨੇ ਆਸ ਪ੍ਰਗਟਾਈ ਕਿ ਸਿੱਖ ਸੰਗਤਾਂ ਜਿਥੇ ਦੇਸ਼ਾ ਵਿਦੇਸ਼ਾਂ ਤੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੀਆਂ ਹਨ, ਉਥੇ ਇਸ ਹਵਾਈ ਸੇਵਾ ਦੇ ਸ਼ੁਰੂ ਹੋਣ ਨਾਲ ਸੰਗਤਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਵੀ ਸਹਿਜੇ ਹੀ ਕਰ ਸਕਣਗੀਆਂ। ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆ ਸਕਣਗੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *