ਸਿੰਚਾਈ ਘੁਟਾਲਾ ਮਾਮਲਾ : ਠੇਕੇਦਾਰ ਗੁਰਿੰਦਰ ਸਿੰਘ ਨੇ ਕੀਤਾ ਆਤਮ ਸਮਰਪਣ

ss1

ਸਿੰਚਾਈ ਘੁਟਾਲਾ ਮਾਮਲਾ : ਠੇਕੇਦਾਰ ਗੁਰਿੰਦਰ ਸਿੰਘ ਨੇ ਕੀਤਾ ਆਤਮ ਸਮਰਪਣ

mohali

ਐੱਸਏਐੱਸ ਨਗਰ (ਮੁਹਾਲੀ) : ਵਿਜੀਲੈਂਸ ਵੱਲੋਂ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਤੇ ਠੇਕੇਦਾਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਤੇ ਧੋਖਾਧੜੀ ਦੇ ਦਰਜ ਕੇਸ ‘ਚ ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਠੇਕੇਦਾਰ ਗੁਰਿੰਦਰ ਸਿੰਘ ਨੇ ਮੁਹਾਲੀ ਦੀ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ ਹੈ। ਅਦਾਲਤ ਨੇ ਗੁਰਿੰਦਰ ਨੂੰ ਤਿੰਨ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਜਦੋਂ ਕਿ ਇਸ ਤੋਂ ਪਹਿਲਾਂ ਬੀਤੇ ਸੋਮਵਾਰ ਮਾਮਲੇ ‘ਚ ਨਾਮਜ਼ਦ ਸੇਵਾਮੁਕਤ ਚੀਫ ਇੰਜੀਨੀਅਰ ਹਰਵਿੰਦਰ ਸਿੰਘ ਨੇ ਵੀ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ ਸੀ, ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਪੰਜਾਬ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

 

ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਸੱਤ ਦਸੰਬਰ ਨੂੰ ਮੁਲਜ਼ਮ ਇੰਜੀਨਿਅਰ ਹਰਵਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਦਿਆਂ ਇਕ ਹਫ਼ਤੇ ‘ਚ ਆਤਮ ਸਮਰਪਣ ਤੇ ਜਾਂਚ ‘ਚ ਸਹਿਯੋਗ ਲਈ ਕਿਹਾ ਸੀ, ਜਿਸ ਮਗਰੋਂ ਹਰਵਿੰਦਰ ਸਿੰਘ ਮੋਹਾਲੀ ਦੀ ਅਦਾਲਤ ‘ਚ ਖ਼ੁਦ ਹੀ ਪੇਸ਼ ਹੋ ਗਿਆ ਸੀ ਅਤੇ ਉਸ ਨੂੰ ਪੁੱਛ-ਪੜਤਾਲ ਲਈ 14 ਦਸੰਬਰ ਤਕ ਵਿਜੀਲੈਂਸ ਹਿਰਾਸਤ ‘ਚ ਭੇਜ ਦਿੱਤਾ ਗਿਆ ਸੀ। ਹੁਣ ਠੇਕੇਦਾਰ ਗੁਰਿੰਦਰ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਇੰਜੀਨੀਅਰ ਹਰਵਿੰਦਰ ਸਿੰਘ ਸਮੇਤ ਬਾਕੀ ਦੋਸ਼ੀਆਂ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਵਿਜੀਲੈਂਸ ਜਾਂਚ ‘ਚ ਸ਼ਾਮਲ ਹੋਣ ਲਈ ਕਿਹਾ ਸੀ। ਵਿਜੀਲੈਂਸ ਬਿਊਰੋ ਵੱਲੋਂ ਸਿੰਚਾਈ ਵਿਭਾਗ ‘ਚ ਬੀਤੇ ਸਮੇਂ ਦੌਰਾਨ ਟੈਂਡਰ ਅਲਾਟ ਕਰਨ ‘ਚ ਹੋਈਆਂ ਬੇਨਿਯਮੀਆਂ ਦੀ ਜਾਂਚ ਲਈ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਤੋਂ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ।

ਦੱਸ ਦੇਈਏ ਕਿ ਪੰਜਾਬ ਦੇ ਸਿੰਚਾਈ ਵਿਭਾਗ ਵਿਚ ਹੋਏ ਵੱਡੇ ਘਪਲੇ ਦੇ ਸਬੰਧ ਵਿਚ ਸੁਪਰੀਮ ਕੋਰਟ ਨੇ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਅਤੇ ਸੇਵਾਮੁਕਤ ਮੁੱਖ ਇੰਜੀਨਿਅਰ ਹਰਵਿੰਦਰ ਸਿੰਘ ਦੀ ਅਗਾਊਂ ਜ਼ਮਾਨਤ ਲਈ ਦਾਖ਼ਲ ਅਰਜ਼ੀ ਨੂੰ ਖਾਰਜ ਕਰਦਿਆਂ ਦੋਵਾਂ ਨੂੰ ਇੱਕ ਹਫ਼ਤੇ ਦੇ ਅੰਦਰ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਸਨ। ਜ਼ਿਕਰਯੋਗ ਹੈ ਕਿ ਇਨ੍ਹਾਂ ਖਿ਼ਲਾਫ਼ ਸਿੰਚਾਈ ਵਿਭਾਗ ਵਿਚ ਬੀਤੇ ਸਮੇਂ ਦੌਰਾਨ ਟੈਂਡਰ ਅਲਾਟ ਕਰਨ ਵਿਚ ਹੋਈਆਂ ਬੇਨਿਯਮੀਆਂ ਦੀ ਜਾਂਚ ਲਈ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਡੀ ਅਤੇ 13 (2) ਸਮੇਤ ਆਈਪੀਸੀ ਦੀ ਧਾਰਾ 406, 420, 467, 468, 471-ਏ, ਅਤੇ 120ਬੀ ਅਧੀਨ ਕੇਸ ਦਰਜ ਕੀਤਾ ਗਿਆ ਸੀ।

ਇਸ ਕੇਸ ਵਿਚ ਗੁਰਿੰਦਰ ਸਿੰਘ ਠੇਕੇਦਾਰ ਅਤੇ ਸਿੰਚਾਈ ਵਿਭਾਗ ਦੇ ਤਿੰਨ ਸੇਵਾਮੁਕਤ ਇੰਜੀਨਿਅਰਾਂ ਪਰਮਜੀਤ ਸਿੰਘ ਘੁੰਮਣ, ਹਰਵਿੰਦਰ ਸਿੰਘ,

 

ਗੁਰਦੇਵ ਸਿੰਘ ਸਮੇਤ ਸੇਵਾਮੁਕਤ ਐੱਸਡੀਓ ਕਮਿੰਦਰ ਸਿੰਘ ਦਿਓਲ, ਐਕਸੀਅਨ ਬਜਰੰਗ ਲਾਲ ਸਿੰਗਲਾ ਅਤੇ ਵਿਮਲ ਕੁਮਾਰ ਸ਼ਰਮਾ ਸੁਪਰਵਾਈਜ਼ਰ ‘ਤੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹਨ, ਜਿਨ੍ਹਾਂ ਨੇ ਗੁਰਿੰਦਰ ਸਿੰਘ ਨਾਲ ਮਿਲੀਭੁਗਤ ਕਰਕੇ ਗ਼ੈਰਕਾਨੂੰਨੀ ਤਰੀਕੇ ਨਾਲ ਰਾਜ ਸਰਕਾਰ ਨੂੰ ਵੱਡਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1 ਦੇ ਐੱਸਏਐੱਸ ਨਗਰ ਸਥਿਤ ਥਾਣੇ ਵਿਚ ਕੇਸ ਦਰਜ ਕੀਤਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਮੁਹਾਲੀ ਦੀ ਮੁਕੱਦਮਾ ਅਦਾਲਤ ਵੀ ਠੇਕੇਦਾਰ ਗੁਰਿੰਦਰ ਸਿੰਘ ਅਤੇ ਹੋਰਨਾਂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਨੂੰ ਪਹਿਲਾਂ ਹੀ ਖਾਰਜ ਕਰ ਚੁੱਕੀ ਹੈ। ਹੁਣ ਇਨ੍ਹਾਂ ਮੁਲਜ਼ਮਾਂ ਵੱਲੋਂ ਸੁਪਰੀਮ ਕੋਰਟ ਵਿਚ ਪੇਸ਼ਗੀ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ, ਜਿਸ ‘ਤੇ ਅੱਜ ਸੁਣਵਾਈ ਉਪਰੰਤ ਸੁਪਰੀਮ ਕੋਰਟ ਵੱਲੋਂ ਠੇਕੇਦਾਰ ਗੁਰਿੰਦਰ ਸਿੰਘ ਅਤੇ ਸੇਵਾਮੁਕਤ ਮੁੱਖ ਇੰਜੀਨਿਅਰ ਹਰਵਿੰਦਰ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਦਿਆਂ ਦੋਵਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਸਮਰਪਣ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ।

ਸਿੰਚਾਈ ਵਿਭਾਗ ਵਿਚ ਘਪਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਸੀ ਕਿ ਵਿਜੀਲੈਂਸ ਵੱਲੋਂ ਸਿੰਚਾਈ ਵਿਭਾਗ ਪੰਜਾਬ ਦੇ ਡਰੇਨੇਜ਼ ਅਤੇ ਕੰਡੀ ਏਰੀਆ ਵਿੰਗ ਦੁਆਰਾ ਈ-ਟੈਂਡਰਾਂ ਰਾਹੀਂ ਅਲਾਟ ਕੀਤੇ ਕਈ ਕੰਮਾਂ ਦੇ ਠੇਕਿਆਂ ਦੀ ਪੜਤਾਲ ਦੌਰਾਨ ਇਹ ਸਿੱਧ ਹੋਇਆ ਹੈ

 

ਕਿ ਵਿਭਾਗ ਦੇ ਸੀਨੀਅਰ ਅਫਸਰਾਂ ਨੇ ਪਿਛਲੇ ਸਮੇਂ ਦੌਰਾਨ ਇੱਕੋ ਠੇਕੇਦਾਰ ਗੁਰਿੰਦਰ ਸਿੰਘ ਨੂੰ ਵਿਭਾਗ ਦੇ ਕੁੱਲ ਕੰਮਾਂ ਵਿਚੋਂ ਕੀਮਤ ਮੁਤਾਬਕ 60 ਫੀਸਦੀ ਤੋਂ ਵੱਧ ਕੰਮ ਨਿਯਮਾਂ ਅਤੇ ਹਦਾਇਤਾਂ ਦੀ ਅਣਦੇਖੀ ਕਰਦਿਆਂ ਕੰਮ ਅਲਾਟ ਕੀਤੇ ਸਨ।

ਉਕਤ ਅਧਿਕਾਰੀਆਂ ਨੇ ਮਿਲੀਭੁਗਤ ਨਾਲ ਗੁਰਿੰਦਰ ਸਿੰਘ ਨੂੰ ਠੇਕੇ ਅਲਾਟ ਕਰਨ ਵੇਲੇ ਬਹੁਤ ਸਾਰੇ ਕੰਮਾਂ ਦੌਰਾਨ ਪੱਖ ਪੂਰਿਆ ਅਤੇ ਕਈ ਕੰਮਾਂ ਨੂੰ ਜੋੜ ਕੇ ਮਰਜ਼ੀ ਮੁਤਾਬਕ ਟੈਂਡਰ ਬਣਾ ਕੇ ਇਸ ਕੰਪਨੀ ਨੂੰ ਵੱਧ ਦਰਾਂ ‘ਤੇ ਕੰਮਾਂ ਦੇ ਠੇਕੇ ਅਲਾਟ ਕੀਤੇ ਗਏ ਸਨ। ਵਿਜੀਲੈਂਸ ਬਿਊਰੋ ਨੇ ਅਦਾਲਤ ਵਿਚ ਬਹਿਸ ਦੌਰਾਨ ਕਿਹਾ ਸੀ ਕਿ ਗੁਰਿੰਦਰ ਸਿੰਘ ਅਤੇ ਮਹਿਕਮੇ ਦੇ ਅਧਿਕਾਰੀ ਵਿਜੀਲੈਂਸ ਨੂੰ ਜਾਂਚ ਦੌਰਾਨ ਸਹਿਯੋਗ ਨਹੀਂ ਕਰ ਰਹੇ ਅਤੇ ਇਨ੍ਹਾਂ ਸਭ ਦਾ ਇਰਾਦਾ ਕੇਵਲ ਚੱਲ ਰਹੀ ਜਾਂਚ ਵਿਚ ਅੜਿੱਕਾ ਡਾਹੁਣਾ ਹੈ ਤਾਂ ਜੋ ਤੱਥਾਂ ਅਤੇ ਸੱਚਾਈ ਨੂੰ ਦਬਾਇਆ ਜਾ ਸਕੇ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਹਾਈਕੋਰਟ ਨੇ ਉਕਤ ਦੋਸ਼ੀਆਂ ਦੀਆਂ ਪੇਸ਼ਗੀ ਜ਼ਮਾਨਤ ਨਾਲ ਸਬੰਧਤ ਪਟੀਸ਼ਨਾਂ ਵਿਚ ਕੋਈ ਤੱਥ ਨਾ ਹੋਣ ‘ਤੇ ਇਨ੍ਹਾਂ ਨੂੰ ਖਾਰਜ ਕਰ ਦਿੱਤਾ ਸੀ।

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਇਸ ਘਪਲੇ ਵਿਚ ਸ਼ਾਮਲ ਛੇ ਦੋਸ਼ੀਆਂ ਦੇ ਗ੍ਰਿਫਤਾਰੀ ਵਾਰੰਟ ਮੁਹਾਲੀ ਦੀ ਅਦਾਲਤ ਵੱਲੋਂ ਪਹਿਲਾਂ ਹੀ ਹਾਸਲ ਕੀਤੇ ਜਾ ਚੁੱਕੇ ਹਨ ਤਾਂ ਜੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦੀ ਪੜਤਾਲ ਜਲਦ ਮੁਕੰਮਲ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਬਹੁ ਕਰੋੜੀ ਘੁਟਾਲੇ ਦੀ ਹਰ ਪੱਖ ਤੋਂ ਜਾਂਚ ਕਰਨ ਲਈ ਸਿੰਚਾਈ ਵਿਭਾਗ ਤੋਂ ਹੋਰ ਰਿਕਾਰਡ ਦੀ ਵੀ ਮੰਗ ਕੀਤੀ ਗਈ ਹੈ।

print

Share Button
Print Friendly, PDF & Email

Leave a Reply

Your email address will not be published. Required fields are marked *