ਪ੍ਰਿੰਸੀਪਲ ਨੇ ਟਰੱਸਟੀ ਮੈਂਬਰ ‘ਤੇ ਲਾਏ ਬਦਤਮੀਜ਼ੀ ਦੇ ਦੋਸ਼

ss1

ਪ੍ਰਿੰਸੀਪਲ ਨੇ ਟਰੱਸਟੀ ਮੈਂਬਰ ‘ਤੇ ਲਾਏ ਬਦਤਮੀਜ਼ੀ ਦੇ ਦੋਸ਼

ਬਨੂੜ ਵਿਚ ਸਥਿਤ ਸੰਤ ਬਾਬਾ ਵਰਿਆਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਨੰਦਿਤਾ ਨਰੂਲਾ ਨੇ ਸਕੂਲ ਦੇ ਟਰਾਂਸਪੋਰਟ ਸੈੱਲ ਦੇ ਇੰਚਾਰਜ ਤੇ ਟਰੱਸਟੀ ਮੈਂਬਰ ‘ਤੇ ਬਦਤਮੀਜ਼ੀ ਕਰਨ ਦੇ ਦੋਸ਼ ਲਾਏ ਹਨ। ਆਪਣੇ ਦਫ਼ਤਰ ਵਿਚ ਗੱਲਬਾਤ ਕਰਦਿਆਂ ਪ੍ਰਿੰਸੀਪਲ ਨੇ ਕਿਹਾ ਕਿ ਅੱਜ ਸਕੂਲ ਖੁੱਲ੍ਹਣ ਮੌਕੇ ਪ੍ਰਾਰਥਨਾ ਹੋ ਰਹੀ ਸੀ। ਇਸ ਦੌਰਾਨ ਚੇਅਰਮੈਨ ਸੰਤ ਬਾਬਾ ਗੁਰਦੇਵ ਸਿੰਘ ਦੀ ਮੌਜੂਦਗੀ ਵਿਚ ਟਰਾਂਸਪੋਰਟ ਸੈੱਲ ਦੇ ਇੰਚਾਰਜ ਤੇ ਟਰੱਸਟੀ ਮੈਂਬਰ ਮਨਜੀਤ ਸਿੰਘ ਤੰਗੋਰੀ ਨੇ ਬੀਤੇ ਦਿਨ ਪ੍ਰਬੰਧਕਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਖੋਲ੍ਹੇ ਗਏ ਨਵੇਂ ਸਕੂਲ ਵਿਚ ਰਖਵਾਏ ਸਮਾਗਮ ‘ਚ ਨਾ ਪਹੁੰਚਣ ਕਾਰਨ ਬਦਤਮੀਜ਼ੀ ਕੀਤੀ। ਉਸ ‘ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸਕੁਲ ਵਿਚ ਜ਼ਿਆਦਾਤਰ ਸਟਾਫ ਔਰਤਾਂ ਦਾ ਹੈ। ਪ੍ਰਬੰਧਕਾਂ ਵੱਲੋਂ ਉਥੇ ਜਾਣ ਲਈ ਟਰਾਂਸਪੋਰਟ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਉਹ ਤੇ ਸਟਾਫ ਸਮਾਗਮ ਵਿਚ ਨਹੀਂ ਪਹੁੰਚ ਸਕਿਆ। ਪ੍ਰਿੰਸੀਪਲ ਨੇ ਕਿਹਾ ਕਿ ਮਨਜੀਤ ਸਿੰਘ ਨੇ ਸਕੂਲ ਦੇ ਸਮੂਹ ਸਟਾਫ ਤੇ ਬੱਚਿਆਂ ਸਾਹਮਣੇ ਉਸ ਦੀ ਬੇਇਜ਼ਤੀ ਕੀਤੀ ਹੈ। ਜੇਕਰ ਉਸ ਨੇ ਮੁਆਫੀ ਨਾ ਮੰਗੀ ਤਾਂ ਉਸ ਦੀ ਸ਼ਿਕਾਇਤ ਥਾਣਾ ਬਨੂੜ ਵਿਖੇ ਕੀਤੀ ਜਾਵੇਗੀ। ਇਸ ਮੌਕੇ ਅਧਿਆਪਕ ਜਤਿੰਦਰ ਕੌਰ, ਜਸਪ੍ਰੀਤ ਕੌਰ, ਦਵਿੰਦਰ ਕੌਰ, ਵੀਰਪਾਲ ਸਿੰਘ, ਅਮਨਪ੍ਰੀਤ ਕੌਰ ਤੇ ਅਰਵਿੰਦਰ ਸਿੰਘ ਹਾਜ਼ਰ ਸਨ। ਇਸ ਮਾਮਲੇ ਬਾਰੇ ਜਦੋਂ ਮਨਜੀਤ ਤੰਗੋਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਵੱਲੋਂ ਲਾਏ ਦੋਸ਼ ਬੇਬੁਨਿਆਦ ਹਨ। ਸਮਾਗਮ ਵਿਚ ਜਾਣ ਲਈ ਸਕੂਲ ਦੀ ਬੱਸ ਦਾ ਇੰਤਜ਼ਾਮ ਕੀਤਾ ਗਿਆ ਸੀ। ਪ੍ਰਿੰਸੀਪਲ ਨੇ ਕਿਸੇ ਰੰਜਿਸ਼ ਕਾਰਨ ਸਮਾਗਮ ਬਾਰੇ ਸਟਾਫ ਨੂੰ ਸੂਚਿਤ ਨਹੀਂ ਕੀਤਾ। ਇਸ ਬਾਰੇ ਜਦੋਂ ਸਕੂਲ ਦੇ ਚੇਅਰਮੈਨ ਸੰਤ ਬਾਬਾ ਗੁਰਦੇਵ ਸਿੰਘ ਬਨੂੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਪ੍ਰਿੰਸੀਪਲ ਵੱਲੋਂ ਟਰੱਸਟੀ ਮੈਂਬਰ ‘ਤੇ ਲਾਏ ਦੋਸ਼ਾਂ ਨੂੰ ਨਕਾਰਿਆ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਜਾਣ-ਬੁੱਝ ਕੇ ਇਸ ਮਾਮਲੇ ਨੂੰ ਹਵਾ ਦੇ ਕੇ ਸਕੂਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

print
Share Button
Print Friendly, PDF & Email