ਪ੍ਰਦੂਸ਼ਣ ਬਣਿਆ ਦੈਂਤ

ss1

ਪ੍ਰਦੂਸ਼ਣ ਬਣਿਆ ਦੈਂਤ

ਪ੍ਰਦੂਸ਼ਣ ਦੀ ਸਮਸਿਆ ਸਾਰੇ ਪਾਸੇ ਪੈਰ ਪਸਾਰ ਰਹੀ ਹੈ।ਹਰ ਕੋਈ ਇਸ ਸਮਸਿਆ ਤੋਂ ਤੰਗ ਹੈ ਪ੍ਰੇਸ਼ਾਨ ਹੈ ਪਰ ਗਲਤੀਆਂ ਤੇ ਖਾਮੀਆਂ ਇੰਨੀਆਂ ਹਨ ਕਿ ਉਲਝੇ ਤੇ ਉਲਝਾਈ ਤਾਣੀ ਦਾ ਸਿਰਾ ਨਹੀਂ ਮਿਲ ਰਿਹਾ।ਪ੍ਰਦੂਸ਼ਣ ਦੀ ਹਰ ਵੰਨਗੀ ਤੇ ਕਿਸਮ ਤੰਗ ਪ੍ਰੇਸ਼ਾਨ ਕਰਦੀ ਹੈ ਤੇ ਜਾਨ ਲੇਵਾ ਹੈ।ਅੱਜ ਕੱਲ ਪਰਾਲੀ ਦੇ ਪ੍ਰਦੂਸ਼ਣ ਦੀ ਹਾਲ ਦੁਹਾਈ ਪਈ ਹੋਈ ਹੈ।ਪ੍ਰਦੂਸ਼ਣ ਦਾ ਠੀਕਰਾ ਕਿਸਾਨਾਂ ਸਿਰ ਤੋੜਿਆ ਜਾ ਰਿਹਾ ਹੈ।ਜਿਸ ਪ੍ਰਦੂਸ਼ਣ ਦੀ ਮੈਂ ਗੱਲ ਕਰਨ ਜਾ ਰਹੀ ਹਾਂ ਉਸ ਦਾ ਠੀਕਰਾ ਕਿਹਦੇ ਸਿਰ ਭੰਨੋਗੇ ਤੇ ਕਿਵੇਂ, ਇਸ ਦੀ ਵੀ ਵਾਰੀ ਆਏਗੀ।ਮੈਂ ਗੱਲ ਕਰਨ ਜਾ ਰਹੀ ਹਾਂ “ਆਵਾਜ਼ ਪ੍ਰਦੂਸ਼ਣ “ਦੀ।ਕਿਸੇ ਵੀ ਤਰ੍ਹਾਂ ਸ਼ਕਾਇਤ ਕਰੋ, ਕਿਸੇ ਨੂੰ ਵੀ ਕਰੋ, ਹਾਲ ਦੁਹਾਈ ਪਾਈ ਜਾਉ ਆਪਣੀ ਪ੍ਰੇਸ਼ਾਨੀ ਦੀ,ਮਜ਼ਾਲ ਹੈ ਕੋਈ ਟੱਸ ਤੋਂ ਮੱਸ ਹੋ ਜਾਏ।ਪ੍ਰਸ਼ਾਸਨ ਦੀ ਜ਼ੁਮੇਵਾਰੀ ਹੈ ਕਿ ਲੋਕਾਂ ਦੀਆਂ ਸ਼ਕਾਇਤਾਂ ਤੇ ਤਕਲੀਫਾਂ ਨੂੰ ਧਿਆਨ ਨਾਲ ਸੁਣੇ।ਜਦੋਂ ਲੋਕ ਏਹ ਕਦਮ ਚੁੱਕਦੇ ਹਨ ਤਾਂ ਸਮਝ ਲਵੋ ਕਿ ਲੋਕਾਂ ਦੀ ਸਹਿਣ ਸ਼ਕਤੀ ਜਵਾਬ ਦੇ ਚੁੱਕੀ ਹੈ।ਪ੍ਰਸ਼ਾਸਨ ਦੀ ਜ਼ੁਮੇਵਾਰੀ ਹੈ ਕਿ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰੇ ਤੇ ਕਰਵਾਏ।ਅਗਿਆਤ ਅਨੁਸਾਰ,”ਕਾਨੂੰਨੀ ਪ੍ਰਬੰਧਾਂ ਦੇ ਡਰ ਕਾਰਨ ਲੋਕ ਸਮਾਜਕ ਬੁਰਾਈਆਂ ਨੂੰ ਤਿਆਗਣ ਲਈ ਮਜ਼ਬੂਰ ਹੋ ਜਾਂਦੇ ਹਨ।”ਪ੍ਰਸ਼ਾਸਨ ਕੋਲ ਕਾਨੂੰਨ ਵਰਗਾ ਹਥਿਆਰ ਹੈ ਜਿਸ ਨੂੰ ਵਧੀਆ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ ਤੇ ਲੋਕਾਂ ਨੂੰ ਹੱਕਾਂ ਤੇ ਫਰਜ਼ਾ ਦੀ ਵਰਤੋਂ ਕਰਨ ਦੀ ਆਦਤ ਪਾਉਣ ਲਈ ਤਿਆਰ ਕਰਨਾ ਚਾਹੀਦਾ ਹੈ।ਪ੍ਰਸ਼ਾਸਨ ਦੀ ਹੋਂਦ ਇਸੇ ਕਰਕੇ ਕੀਤੀ ਗਈ ਸੀ।ਜਦੋਂ ਪ੍ਰਸ਼ਾਸਨ ਢਿੱਲਾ ਪੈਂਦਾ ਹੈ ਤਾਂ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ।
ਕਿਧਰੇ ਨਾ ਕਿਧਰੇ ਅਸੀਂ ਸਾਰੇ ਆਪਣੀ ਆਪਣੀ ਜ਼ੁਮੇਵਾਰੀ ਤੋਂ ਭੱਜਦੇ ਹਾਂ।ਕਈ ਵਾਰ ਮੈਨੂੰ ਕੀ ਵਾਲੀ ਗੱਲ ਕਰ ਜਾਂਦੇ ਹਾਂ ਤੇ ਉਸਨੂੰ ਭੁੱਗਤਦੇ ਅਸੀਂ ਸਾਰੇ ਹੀ ਹਾਂ।ਘਰਾਂ ਵਿੱਚ, ਖੁੱਲੀਆਂ ਥਾਵਾਂ ਚ,ਮੈਰਿਜ਼ ਪੈਲਸਾਂ ਵਿੱਚ ਮਿਊਜ਼ਕ ਲਗਾਕੇ ਅਸੀਂ ਭੁੱਲ ਜਾਂਦੇ ਹਾਂ ਕਿ ਹੋਰ ਦੁਨੀਆਂ ਵੀ ਵੱਸਦੀ ਹੈ।ਰਾਤ ਦੇ ਬਾਰਾਂ ਵੱਜ ਜਾਣ ਜਾਂ ਦੋ ਵੱਜ ਜਾਣ ਅਸੀਂ ਉਸ ਤੇ ਡਾਂਸ ਤੇ ਭੰਗੜੇ ਪਾਉਂਦੇ ਹਾਂ।ਸਾਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਕਿ ਕਿਸੇ ਬੱਚੇ ਦਾ ਸਵੇਰੇ ਪੇਪਰ ਹੈ,ਕਿਸੇ ਦੇ ਘਰ ਵਿੱਚ ਕੋਈ ਬੀਮਾਰ ਹੈ,ਉਸਨੂੰ ਉਹ ਆਵਾਜ਼ ਹੋਰ ਪ੍ਰੇਸ਼ਾਨ ਕਰਦੀ ਹੈ,ਕਿਸੇ ਦੇ ਘਰ ਮੌਤ ਹੋਈ ਹੈ,ਕਿਸੇ ਨੇ ਸਵੇਰੇ ਉੱਠਕੇ ਨੌਕਰੀ ਤੇ ਜਾਣਾ ਹੈ।ਸਵੇਰੇ ਤੜਕੇ ਗੁਰਦੁਆਰਾ ਸਾਹਿਬ ਤੋਂ ਭਾਈ ਜੀ ਸਪੀਕਰ ਲਗਾ ਦਿੰਦੇ ਨੇ,ਮੰਦਿਰ ਦੇ ਪੁਜਾਰੀ ਜੀ ਵੀ ਭਜਨ ਕੀਰਤਨ ਲਗਾ ਦਿੰਦੇ ਹਨ।ਕਿਸੇ ਵੀ ਪਾਠ,ਭਜਨ ਜਾਂ ਕੀਰਤਨ ਦੀ ਸਮਝ ਨਹੀਂ ਆਉਂਦੀ।ਮਾਣਯੋਗ ਸੁਪਰੀਮ ਕੋਰਟ ਦੇ ਹੁਕਮ ਹਨ ਕਿ ਰਾਤ ਦੇ ਦਸ ਵਜੇ ਤੋਂ ਸਵੇਰ ਦੇ ਛੇ ਵਜੇ ਤੱਕ ਕੋਈ ਸਪੀਕਰ ਨਹੀਂ ਵੱਜੇਗਾ,ਆਵਾਜ਼ ਉਨੀ ਰੱਖੋ ਜੋ ਉਥੇ ਬੈਠੇ ਲੋਕਾਂ ਤੱਕ ਪਹੁੰਚੇ ਪਰ ਕੋਈ ਵੀ ਪ੍ਰਵਾਹ ਨਹੀਂ ਕਰਦਾ।ਪ੍ਰਸ਼ਾਸਨ ਦੀ ਜ਼ੁਮੇਵਾਰੀ ਹੈ ਕਿ ਇਸ ਤਰ੍ਹਾਂ ਅਣਗਿਹਲੀ ਵਰਤਣ ਵਾਲਿਆਂ ਨੂੰ ਕੰਟਰੋਲ ਕਰਨ।ਏਹ ਪ੍ਰਦੂਸ਼ਣ ਵੀ ਦੂਸਰੇ ਪ੍ਰਦੂਸ਼ਣ ਵਾਂਗ ਸਿਹਤ ਲਈ ਹਾਨੀਕਾਰਕ ਹੈ।ਰਾਤ ਦੀ ਨੀਂਦ ਪੂਰੀ ਨਾ ਹੋਣ ਕਰਕੇ ਡਰਾਇਵਿੰਗ ਕਰਦਿਆਂ ਹਾਦਸਾ ਹੋ ਸਕਦਾ ਹੈ।ਕਿਸੇ ਬੱਚੇ ਦਾ ਸਾਲ ਖਰਾਬ ਹੋ ਸਕਦਾ ਹੈ।ਏਸ ਪ੍ਰਦੂਸ਼ਣ ਨੂੰ ਵੀ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ।
ਸਰਕਾਰ ਕਾਨੂੰਨ ਬਣਾ ਕੇ ਸੁਰਖਰੂ ਨਹੀਂ ਹੋ ਸਕਦੀ।ਅਗਰ ਲੋਕਾਂ ਨੂੰ ਉਨਾਂ ਕਾਨੂੰਨਾਂ ਮੁਤਾਬਿਕ ਸੁਵਿਧਾਵਾਂ ਤੇ ਰਾਹਤ ਨਹੀਂ ਮਿਲਦੀ ਤਾਂ ਉਹ ਕਾਨੂੰਨ ਵੀ ਅਪਾਹਜ਼ ਹੋ ਜਾਂਦਾ ਹੈ।ਅਗਿਆਤ ਨੇ ਲਿਖਿਆ ਹੈ,”ਕਾਨੂੰਨ ਪਾਸ ਕਰਨ ਨਾਲ ਹੀ ਸਰਕਾਰ ਦਾ ਕੰਮ ਖਤਮ ਨਹੀਂ ਹੁੰਦਾ ਸਗੋਂ ਉਸਦੇ ਨਤੀਜਿਆਂ ਬਾਰੇ ਵੀ ਸੋਚਣਾ ਚਾਹੀਦਾ ਹੈ।
ਸੜਕਾਂ ਵੱਜਦੇ ਤਿੱਖੇ ਤੇ ਵੰਨ ਸੁਵੰਨੇ ਹਾਰਨ ਵੀ ਇੱਕ ਵੱਖਰੀ ਕਿਸਮ ਦਾ ਪ੍ਰਦੂਸ਼ਣ ਪੈਦਾ ਕਰਦੇ ਹਨ।ਲਾਲਬੱਤੀ ਤੇ ਖੜੇ ਹਾਰਨ ਕਰੀ ਜਾਣਗੇ।ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਸਾਹਮਣੇ ਲਾਲ ਬੱਤੀ ਵਿਖਾਈ ਨਹੀਂ ਦਿੰਦੀ ਜਾਂ ਉਹ ਮਾਨਸਿਕ ਤੌਰ ਤੇ ਉਥੱਲ ਪੁਥਲ ਵਿੱਚ ਹਨ।ਹਾਰਨ ਬੇਵਜ੍ਹਾ ਵਜਾਉਣਾ ਦੂਸਰਿਆਂ ਨੂੰ ਵੀ ਪ੍ਰੇਸ਼ਾਨ ਕਰਦਾ ਹੈ।ਵਿਦੇਸ਼ਾਂ ਵਿੱਚ ਇੰਜ ਹਾਰਨ ਮਾਰਨਾ ਵੀ ਜ਼ੁਰਮ ਦੇ ਬਰਾਬਰ ਹੈ।ਡਰਾਇਵਿੰਗ ਦੀ ਪੂਰੀ ਤਰ੍ਹਾਂ ਸਿਖਲਾਈ ਹੋਵੇ,ਹਾਰਨ ਸਿਰਫ਼ ਕਦੋਂ ਵਜਾਉਣਾ ਹੈ ਦੱਸਿਆ ਜਾਵੇ।ਹਰ ਪਾਸੇ ਸ਼ੋਰ ਸ਼ਰਾਬਾ ਹੈ,ਸੁੱਖ ਚੈਨ ਗਾਇਬ ਹੋ ਰਿਹਾ ਹੈ।ਹਰ ਨਾਗਰਿਕ ਨੂੰ, ਉਸ ਵਿੱਚ ਆਪਣੇ ਆਪਨੂੰ ਸੱਭ ਤੋਂ ਪਹਿਲਾਂ ਰੱਖੋ ਤੇ ਫਰਜ਼ਾਂ ਦੀ ਪੂਰਤੀ ਕਰਨ ਦੀ ਪਹਿਲ ਕਰੋ।ਆਪਣੀ ਖੁਸ਼ੀ ਨੂੰ ਮਨਾਉ ਪਰ ਦੂਸਰਿਆਂ ਦਾ ਵੀ ਧਿਆਨ ਰੱਖੋ।ਜੋ ਬਿਮਾਰ ਹੈ ਉਸਨੂੰ ਏਹ ਸ਼ੋਰ ਸ਼ਰਾਬਾ ਕਿਵੇਂ ਪ੍ਰੇਸ਼ਾਨ ਕਰਦਾ ਹੈ ਉਸ ਬਾਰੇ ਜ਼ਰੂਰ ਸੋਚੋ।ਜਿੰਨਾ ਬੱਚਿਆਂ ਦੇ ਪੇਪਰ ਹੋਣਗੇ ਤੇ ਰਾਤ ਨੂੰ ਨਾ ਉਹ ਪੜ੍ਹ ਸਕਦੇ ਹਨ ਇਸ ਆਵਾਜ਼ ਨਾਲ ਤੇ ਨਾ ਹੀ ਸੌਂ ਸਕਦੇ ਹਨ।ਆਵਾਜ਼ ਪ੍ਰਦੂਸ਼ਣ ਵੀ ਉਵੇਂ ਹੀ ਜਾਨ ਲੇਵਾ ਹੈ ਜਿਵੇਂ ਦੂਸਰੇ ਪ੍ਰਦੂਸ਼ਣ ਹਨ।ਅਸੀਂ ਉਦੋਂ ਜਾਗਦੇ ਹਾਂ ਜਦੋਂ ਪਾਣੀ ਸਿਰ ਤੋਂ ਲੰਘਣਾ ਸ਼ੁਰੂ ਹੋ ਜਾਏ।ਪ੍ਰਸ਼ਾਸਨ ਨੂੰ ਕਾਨੂੰਨ ਦੇ ਤਹਿਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕ ਚੈਨ ਨਾਲ ਜਿਉ ਸਕਣ ਤੇ ਸੌ ਸਕਣ।ਜਦੋਂ ਗੱਲ ਹੱਦ ਤੋਂ ਵੱਧ ਜਾਏ ਤਾਂ ਏਹ ਗੱਲ ਹੋ ਜਾਏਗੀ” ਵੇਲੇ ਦੀ ਨੁਮਾਜ਼ ਕਵੇਲੇ ਦੀਆਂ ਟੱਕਰਾਂ।”

ਪ੍ਰਭਜੋਤ ਕੌਰ ਢਿੱਲੋਂ
9815030221

print
Share Button
Print Friendly, PDF & Email