ਅਮਰੀਕਾ ਵਿੱਚ ਅੱਤਵਾਦੀ ਹਮਲਾ, 9 ਮਰੇ, ਭਾਰਤੀ ਫਿਲਮੀ ਕਲਾਕਾਰ ਪ੍ਰਿਯੰਕਾ ਚੋਪੜਾ ਵਾਲ-ਵਾਲ ਬਚੀ

ss1

ਅਮਰੀਕਾ ਵਿੱਚ ਅੱਤਵਾਦੀ ਹਮਲਾ, 9 ਮਰੇ, ਭਾਰਤੀ ਫਿਲਮੀ ਕਲਾਕਾਰ ਪ੍ਰਿਯੰਕਾ ਚੋਪੜਾ ਵਾਲ-ਵਾਲ ਬਚੀ

ਨਿਊਯਾਰਕ (ਪੀ. ਐਸ. ਸੈਣੀ): ਅਮਰੀਕਾ ਵਿੱਚ ਨਿਊਯਾਰਕ ਦੇ ਲੋਅਰ ਮੈਨਹਟਨ ਵਿੱਚ ਵਿਸ਼ਵ ਟਰੇਡ ਸੈਂਟਰ ਦੇ ਨੇੜੇ ਇੱਕ ਡਰਾਈਵਰ ਨੇ ਫੁੱਟਪਾਥ ਅਤੇ ਸਾਈਕਲ ਲੇਨ ਉੱਪਰ ਟਰੱਕ ਚੜ੍ਹਾ ਦਿੱਤਾ, ਜਿਸ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 11 ਗੰਭੀਰ ਜਖਮੀਂ ਹੋਏ ਹਨ। ਅਮਰੀਕੀ ਪੁਲਿਸ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਸਰਕਾਰੀ ਸੂਤਰਾਂ ਮੁਤਾਬਕ ਟਰੱਕ ਲੋਕਾਂ ਉੱਪਰ ਚੜ੍ਹਾਉਣ ਦੌਰਾਨ ਡਰਾਈਵਰ ਅੱਲਾ ਹੂ ਅਕਬਰ ਦੇ ਨਾਅਰੇ ਲਗਾ ਰਿਹਾ ਸੀ। ਪੁਲਸ ਨੇ ਹਮਲਾਵਰ ਟਰੱਕ ਡਰਾਈਵਰ ਦੇ ਪੇਟ ਵਿੱਚ ਗੋਲੀ ਮਾਰੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਕਾਏਰਾਨਾ ਹਰਕਤ ਦੱਸਿਆ ਹੈ। ਜਿਸ ਥਾਂ ਇਹ ਹਮਲਾ ਕੀਤਾ ਗਿਆ ਉਹ ਥਾਂ 16 ਸਾਲ ਪਹਿਲਾਂ ਵਿਸ਼ਵ ਟਰੇਡ ਸੈਂਟਰ ਉੱਪਰ ਕੀਤੇ ਗਏ ਅੱਤਵਾਦੀ ਹਮਲੇ ਵਾਲੀ ਥਾਂ ਤੋਂ 10 ਕਿਲੋਮੀਟਰ ਦੂਰ ਹੈ। ਇਸ ਘਟਨਾ ਤੋਂ ਬਾਅਦ ਭਾਰਤੀ ਫਿਲਮ ਕਲਾਕਾਰ ਪ੍ਰਿਯੰਕਾ ਚੋਪੜਾ ਜੋ ਇਸ ਸਮੇਂ ਅਮਰੀਕਾ ਵਿੱਚ ਹੈ, ਨੇ ਟਵੀਟ ਕੀਤਾ ਕਿ ਇਹ ਘਟਨਾ ਮੇਰੇ ਘਰ ਤੋਂ ਪੰਜ ਬਲਾਕਾਂ ਦੀ ਦੂਰੀ ਉੱਪਰ ਵਾਪਰੀ।

    ਉਸ ਨੇ ਦੱਸਿਆ ਕਿ ਗੱਡੀਆਂ ਦੇ ਸਾਇਰਨਾਂ ਦੀ ਆਵਾਜ਼ ਨੇ ਮੈਨੂੰ ਦੱਸਿਆ ਕਿ ਸਾਡੀ ਦੁਨੀਆਂ ਦੀ ਹਾਲਤ ਕੀ ਹੈ? ਨਿਊਯਾਰਕ ਪੁਲਿਸ ਕਮਿਸ਼ਨਰ ਅਨੁਸਾਰ ਟਰੱਕ ਡਰਾਈਵਰ ਨੇ ਪਹਿਲਾਂ ਇੱਕ ਸਕੂਲ ਬੱਸ ਨੂੰ ਟੱਕਰ ਮਾਰੀ ਅਤੇ ਫਿਰ ਟਰੱਕ ਸਾਈਕਲ ਚਲਾਉਣ ਵਾਲੇ ਲੋਕਾਂ ਲਈ ਬਣੇ ਰਸਤੇ ਉੱਪਰ ਜਾ ਚੜ੍ਹੇ। ਜਿਸ ਸੜਕ ਤੇ ਇਹ ਹਮਲਾ ਹੋਇਆ, ਉਹ ਬਹੁਤ ਜ਼ਿਆਦਾ ਸੰਘਣੇ ਟ੍ਰੈਫਿਕ ਲਈ ਜਾਣੀ ਜਾਂਦੀ ਹੈ। ਇਹ ਸੜਕ ਹਡਸਨ ਨਦੀ ਨਾਲ ਜੁੜੀ ਹੋਈ ਹੈ। ਪੁਲਿਸ ਅਨੁਸਾਰ ਟਰੱਕ ਡਰਾਈਵਰ ਲੋਕਾਂ ਨੂੰ ਟਰੱਕ ਥੱਲੇ ਦਰੜਦਿਆਂ ਨਕਲੀ ਪਿਸਤੌਲ ਵੀ ਲਹਿਰਾ ਰਿਹਾ ਸੀ। ਜਾਂਚ ਅਧਿਕਾਰੀਆਂ ਨੂੰ ਟਰੱਕ ਕੋਲੋਂ ਇੱਕ ਅਰਬੀ ਵਿੱਚ ਲਿਖਿਆ ਨੋਟ ਵੀ ਮਿਲਿਆ ਹੈ, ਜਿਸ ਅਨੁਸਾਰ ਇਸ ਹਮਲੇ ਦੇ ਤਾਰ ਇਰਾਕੀ ਬਾਗੀਆਂ ਨਾਲ ਵੀ ਜੁੜੇ ਦੱਸੇ ਜਾ ਰਹੇ ਹਨ। ਹਮਲਾਵਰ ਦਾ ਨਾਂਅ ਸੈਫੁਲੋ ਸਾਈਪੋਵ ਦੱਸਿਆ ਗਿਆ ਹੈ ਅਤੇ ਉਸ ਦੀ ਉਮਰ 29 ਸਾਲ ਹੈ। ਉਹ ਓਜ਼ਬੇਕਿਸਤਾਨ ਨਾਲ ਸਬੰਧਤ ਹੈ ਅਤੇ 2010 ਤੋਂ ਅਮਰੀਕਾ ਦੇ ਨਿਊਜਰਸੀ ਦੇ ਪੈਟਰਸਨ ਵਿੱਚ ਰਹਿ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਹਮਲੇ ਲਈ ਵਰਤਿਆ ਗਿਆ ਟਰੱਕ ਉਸ ਨੇ ਕਿਰਾਏ ਤੇ ਲਿਆ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *