ਪੱਤਰਕਾਰ ਕੇ. ਜੇ. ਸਿੰਘ ਦੇ ਕਤਲ ਮਾਮਲੇ ਵਿੱਚ ਪੁਲੀਸ ਦੇ ਹੱਥ ਹੁਣ ਤਕ ਖਾਲੀ, ਹਨੇਰੇ ਵਿੱਚ ਹੱਥ ਪੈਰ ਮਾਰ ਰਹੀ ਹੈ ਪੁਲੀਸ

ss1

ਪੱਤਰਕਾਰ ਕੇ. ਜੇ. ਸਿੰਘ ਦੇ ਕਤਲ ਮਾਮਲੇ ਵਿੱਚ ਪੁਲੀਸ ਦੇ ਹੱਥ ਹੁਣ ਤਕ ਖਾਲੀ, ਹਨੇਰੇ ਵਿੱਚ ਹੱਥ ਪੈਰ ਮਾਰ ਰਹੀ ਹੈ ਪੁਲੀਸ

ਬੀਤੀ 22 ਸਤੰਬਰ ਦੀ ਵਿਚਕਾਰਲੀ ਰਾਤ ਨੂੰ ਸਥਾਨਕ ਫੇਜ਼ 3 ਬੀ-2 ਦੀ ਇੱਕ ਕੋਠੀ ਵਿੱਚ ਹੋਏ ਪੱਤਰਕਾਰ ਕੇ. ਜੇ. ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਦੇ ਹੱਥ ਹੁਣੇ ਵੀ ਖਾਲੀ ਹਨ ਅਤੇ ਲੱਖ ਯਤਨਾਂ ਦੇ ਬਾਵਜੂਦ ਪੁਲੀਸ ਇਸ ਮਾਮਲੇ ਵਿੱਚ ਕਿਸੇ ਸਿੱਟੇ ਤੇ ਨਹੀਂ ਪਹੁੰਚ ਪਾਈ ਹੈ ਜਿਸ ਕਾਰਨ ਆਮ ਲੋਕਾਂ ਵਿੱਚ ਪੁਲੀਸ ਦੀ ਕਾਰਗੁਜਾਰੀ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ|
ਜ਼ਿਕਰਯੋਗ ਹੈ ਕਿ ਬੀਤੀ 22 ਅਤੇ 23 ਸਤੰਬਰ ਦੀ ਵਿਚਕਾਰਲੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਫੇਜ਼ 3 ਬੀ-2 ਵਿੱਚ ਕੇ. ਜੇ. ਸਿੰਘ ਦੇ ਘਰ ਵਿੱਚ ਦਾਖਿਲ ਹੋ ਕੇ ਤੇਜਧਾਰ ਹਥਿਆਰਾਂ ਨਾਲ ਸ੍ਰ. ਕੇ. ਜੇ. ਸਿੰਘ ਅਤੇ ਉਹਨਾਂ ਦੀ ਬਜ਼ੁਰਗ ਮਾਤਾ ਨੂੰ ਬੇਦਰਦੀ ਨਾਲ ਕਤਲ ਕਰ ਦਿੱਤਾ ਸੀ| ਇਸ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵਲੋਂ ਉੱਚ ਪੁਲੀਸ ਅਧਿਕਾਰੀਆਂ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ ਅਤੇ ਪੁਲੀਸ ਵਲੋਂ ਤਿੰਨ ਚਾਰ ਦਿਨ ਤਕ ਇਸ ਕੋਠੀ ਵਿੱਚ ਕਤਲ ਨਾਲ ਸਬੰਧਿਤ ਸੁਰਾਗ ਵੀ ਲੱਭੇ ਜਾਂਦੇ ਰਹੇ ਸਨ ਪਰੰਤੂ ਪੁਲੀਸ ਨੂੰ ਇਸ ਮਾਮਲੇ ਵਿੱਚ ਹੁਣ ਕੋਈ ਕਾਮਯਾਬੀ ਹਾਸਿਲ ਨਹੀਂ ਹੋ ਪਾਈ ਹੈ|
ਫੇਜ਼-3 ਬੀ-2 ਦੇ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ (ਜਿਹਨਾਂ ਦੇ ਵਾਰਡ ਵਿੱਚ ਕਤਲ ਦੀ ਇਹ ਘਟਨਾ ਵਾਪਰੀ ਸੀ) ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਪੁਲੀਸ ਦੀ ਕਾਰਗੁਜਾਰੀ ਨਿਰਾਸ਼ ਕਰਨ ਵਾਲੀ ਹੀ ਰਹੀ ਹੈ| ਉਹਨਾਂ ਕਿਹਾ ਕਿ ਪੱਤਰਕਾਰ ਕੇ. ਜੇ. ਸਿੰਘ ਅਤੇ ਉਹਨਾਂ ਦੀ ਮਾਤਾ ਦੇ  ਬੇਦਰਦੀ ਨਾਲ ਕੀਤੇ ਗਏ ਕਤਲ ਦੀ ਇਸ ਵਾਰਦਾਤ ਕਾਰਨ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਸ਼ਹਿਰਵਾਸੀ ਖੁਦ ਨੂੰ ਅਸੁਰਖਿਅਤ ਮਹਿਸੂਸ ਕਰ ਰਹੇ ਹਨ ਪਰੰਤੂ ਪੁਲੀਸ ਵਲੋਂ ਇਸ ਮਾਮਲੇ ਵਿੱਚ ਹੋਈ ਜਾਂਚ ਦੀ ਤਰੱਕੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ|
ਉਹਨਾਂ ਕਿਹਾ ਕਿ ਘਟਨਾ ਵਾਲੇ ਦਿਨ ਤੋਂ ਹੀ 3 ਬੀ-2 ਦੇ ਵਸਨੀਕ ਦਹਿਸ਼ਤ ਦੇ ਸਾਏ ਹੇਠ ਜੀ ਰਹੇ ਹਨ ਅਤੇ ਪੁਲੀਸ ਵਲੋਂ ਇਸ ਮਾਮਲੇ ਨੂੰ ਹਲ ਕਰਨ ਵਿੱਚ ਨਾਕਾਮ ਰਹਿਣ ਕਾਰਨ ਲੋਕ ਪੁਲੀਸ ਦੀ ਕਾਰਗੁਜਾਰੀ ਤੇ ਵੀ ਸਵਾਲ ਉਠਾਉਣ ਲੱਗ ਪਏ ਹਨ|
ਸ੍ਰ. ਬੇਦੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ( ਸੱਤ ਅੱਠ ਸਾਲ ਪਹਿਲਾਂ) ਸਥਾਨਕ ਫੇਜ਼-4 ਵਿੱਚ ਰਹਿੰਦੇ ਇੱਕ ਬਜ਼ੁਰਗ ਜੋੜੇ ਦਾ ਤੇਜਧਾਰ ਹਥਿਆਰਾਂ ਨਾਲ ਹੋਏ ਕਤਲ ਦੇ ਮਾਮਲੇ ਵਿੱਚ ਪੁਲੀਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ ਸੀ ਅਤੇ ਜਿਸ ਤਰੀਕੇ ਨਾਲ ਕੇ. ਜੇ. ਸਿੰਘ ਅਤੇ ਉਹਨਾਂ ਦੀ ਮਾਤਾ ਦੇ ਕਤਲ ਦੇ ਮਾਮਲੇ ਦੀ ਜਾਂਚ ਦੌਰਾਨ ਪੁਲੀਸ ਵਲੋਂ ਕੋਈ ਵੀ ਤੱਥ ਉਜਾਗਰ ਨਹੀਂ ਕੀਤਾ ਗਿਆ ਹੈ ਅਤੇ 18 ਦਿਨ ਬਾਅਦ ਵੀ ਕਾਤਲ ਕਾਬੂ ਨਹੀਂ ਕੀਤੇ ਜਾ ਸਕੇ ਹਨ ਉਸ ਨਾਲ ਇਸ ਮਾਮਲੇ ਦੇ ਵੀ ਫਾਈਲਾਂ ਵਿੱਚ ਦਬੇ ਰਹਿਣ ਦੀ ਆਸ਼ੰਕਾ ਬਣ ਰਹੀ ਹੈ|
ਸ੍ਰ. ਬੇਦੀ ਨੇ ਕਿਹਾ ਕਿ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੁਲੀਸ ਵਲੋਂ ਇਸ ਖੇਤਰ ਵਿੱਚ ਚਲਣ ਵਾਲੇ ਮੋਬਾਈਲ ਫੋਨਾਂ ਦੀ ਪੂਰੀ ਡਿਟੇਲ ਕੱਢਵਾਈ ਗਈ ਸੀ ਅਤੇ ਮੁਹਾਲੀ ਦੇ ਵਸਨੀਕਾਂ ਨੂੰ ਪੁਲੀਸ ਵਲੋਂ ਉਸ ਰਾਤ ਉਹਨਾਂ ਵਲੋਂ ਉਹਨਾਂ ਦੇ ਮੋਬਾਈਲ ਫੋਨ ਤੇ ਹੋਈ ਗੱਲਬਾਤ ਸੰਬੰਧੀ ਥਾਣੇ ਵਿੱਚ ਵੀ ਸੱਦਿਆ ਜਾਂਦਾ ਰਿਹਾ ਹੈ| ਇਸ ਤੋਂ ਇਲਾਵਾ ਉਹਨਾਂ ਦੇ ਖੁਦ ਮੁਹੱਲੇ ਵਿੱਚ ਲੱਗੇ ਤਮਾਮ ਸੀ. ਸੀ. ਟੀ. ਵੀ. ਕੈਮਰਿਆਂ ਦੀ ਪੂਰੀ ਫੁਟੇਜ ਪੁਲੀਸ ਨੂੰ ਮੁਹਈਆਂ ਕਰਵਾਈ ਹੈ ਅਤੇ ਮੁਹੱਲੇ ਦੇ ਤਮਾਮ ਵਸਨੀਕਾਂ ਵਲੋਂ ਪੁਲੀਸ ਨੂੰ ਪੂਰਾ ਸਹਿਯੋਗ ਵੀ ਦਿੱਤਾ ਜਾਂਦਾ ਰਿਹਾ ਹੈ ਪਰੰਤੂ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਠੋਸ ਨਤੀਜਾ ਨਾ ਆਉਣ ਕਾਰਣ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵੱਧ ਰਹੀ ਹੈ ਅਤੇ ਪੁਲੀਸ ਦੀ ਇਹ  ਜਿੰਮੇਵਾਰੀ ਬਣਦੀ ਹੈ ਕਿ ਉਹ ਦੋਹਰੇ ਕਤਲ ਦੇ ਇਸ ਮਾਮਲੇ ਲਈ ਜਿੰਮੇਵਾਰ ਦੋਸ਼ੀਆਂ ਨੂੰ ਕਾਬੂ ਕਰਕੇ ਸੱਚਾਈ ਦੁਨੀਆਂ ਦੇ ਸਾਮ੍ਹਣੇ ਲਿਆਏ|
ਇਸ ਸਬੰਧੀ ਸੰਪਰਕ ਕਰਨ ਤੇ ਜਿਲ੍ਹਾ ਮੁਹਾਲੀ ਦੇ ਐਸ. ਐਸ. ਪੀ . ਸ੍ਰ. ਕੁਲਦੀਪ ਸਿੰਘ ਚਾਹਲ ਨੇ ਮੰਨਿਆ ਕਿ ਪੁਲੀਸ ਹੁਣ ਤਕ ਕਿਸੇ ਨਤੀਜੇ ਤੇ ਨਹੀਂ ਪਹੁੰਚ ਪਾਈ ਹੈ| ਉਹਨਾਂ ਕਿਹਾ ਕਿ ਪੁਲੀਸ ਵਲੋਂ ਇਸ ਮਾਮਲੇ ਵਿੱਚ ਪੂਰਾ ਰਿਕਾਰਡ ਵੇਖਿਆ ਜਾ ਰਿਹਾ ਹੈ ਅਤੇ ਹੁਣੇ ਉਹ ਇਸ ਬਾਰੇ ਵਿੱਚ ਕੁਝ ਨਹੀਂ ਦੱਸ ਸਕਦੇ| ਮੁਹੱਲੇ ਦੇ ਵਸਨੀਕਾਂ ਨੂੰ ਥਾਣੇ ਬੁਲਾਏ ਜਾਣ ਬਾਰੇ ਉਹਨਾਂ ਕਿਹਾ ਕਿ ਅਜਿਹਾ ਸਿਰਫ ਵੈਰੀਫਿਕੇਸ਼ਨ ਲਈ ਹੀ ਕੀਤਾ ਜਾਂਦਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਪੁਲੀਸ ਨਾਲ ਸਹਿਯੋਗ ਕਰਨ|

print
Share Button
Print Friendly, PDF & Email

Leave a Reply

Your email address will not be published. Required fields are marked *