ਫੁੱਲਾਂ ਨਾਲ ਮਹਿਕਿਆ ਸ਼੍ਰੀ ਹਰਿਮੰਦਰ ਸਾਹਿਬ

ss1

ਫੁੱਲਾਂ ਨਾਲ ਮਹਿਕਿਆ ਸ਼੍ਰੀ ਹਰਿਮੰਦਰ ਸਾਹਿਬ

ਅੰਮ੍ਰਿਤਸਰ: ਚੌਥੀ ਪਾਤਸ਼ਾਹੀ ਤੇ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਦੇ ਸੰਸਥਾਪਕ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਫੁੱਲਾਂ ਨਾਲ ਅਲੌਕਿਕ ਸਜਾਵਟ ਕੀਤੀ ਗਈ। ਪ੍ਰਕਾਸ਼ ਦਿਹਾੜਾ ਕੱਲ੍ਹ ਹੈ ਤੇ ਕੱਲ੍ਹ ਸੁੰਦਰ ਜਲੋ ਵੀ ਸਜਾਏ ਜਾਣਗੇ।

ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਦੀ ਸੇਵਾ ਨਿਭਾਉਣ ਵਾਲੇ ਮੁੰਬਈ ਨਿਵਾਸੀ ਇਕਬਾਲ ਸਿੰਘ ਵੱਲੋਂ ਇਹ ਖਾਸ ਸਜਾਵਟ ਕੀਤੀ ਗਈ ਹੈ। ਇਕਬਾਲ ਸਿੰਘ ਤੋਂ ਇਲਾਵਾ 40 ਕਾਰੀਗਰ ਤੇ 125 ਸ਼ਰਧਾਲੂ ਇਸ ਸੇਵਾ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ। ਇਕਬਾਲ ਸਿੰਘ ਵੱਲੋਂ ਸਾਲ 2010 ਤੋਂ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਦਿਹਾੜਿਆਂ ਮੌਕੇ ਫੁੱਲਾਂ ਨਾਲ ਕੀਤੀ ਜਾਣ ਵਾਲੀ ਖਾਸ ਸਜਾਵਟ ਦੀ ਸੇਵਾ ਨਿਭਾਈ ਜਾ ਰਹੀ ਹੈ। ਇਕਬਾਲ ਸਿੰਘ ਮੁਤਾਬਕ 15 ਕਿਸਮਾਂ ਦੇ ਖਾਸ ਫੁੱਲਾਂ ਨਾਲ ਹਰਿਮੰਦਰ ਸਾਹਿਬ ਨੂੰ ਸਜਾਇਆ ਗਿਆ ਹੈ।

ਹਰਮੰਦਿਰ ਸਾਹਿਬ ਤੋਂ ਇਲਾਵਾ, ਸ੍ਰੀ ਅਕਾਲ ਤਖਤ ਸਾਹਿਬ, ਸੱਚਖੰਡ ਤੇ ਸੁੱਖ ਆਸਾਨ ਸਾਹਿਬ ਨੂੰ ਸਜਾਉਣ ਤੋਂ ਇਲਾਵਾ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ੁਸ਼ੋਭਿਤ ਕਰਨ ਵਾਲੀ ਪਾਲਕੀ ਨੂੰ ਸਜਾਉਣ ਲਈ ਰੰਗ ਬਿਰੰਗੇ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਇਹ ਫੁਲ ਮਲੇਸ਼ੀਆ, ਸਿੰਘਾਪੁਰ, ਉਜੈਨ, ਦਿੱਲੀ ਤੇ ਬੰਗਲੌਰ ਤੋਂ ਮੰਗਵਾਏ ਗਏ ਹਨ। ਤਿੰਨ ਦਿਨਾਂ ਤੱਕ ਚੱਲੀ ਇਸ ਸੇਵਾ ਵਿੱਚ ਰੋਜ਼ਾਨਾ ਫੁਲ ਮੰਗਵਾਏ ਜਾਂਦੇ ਸਨ।

ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਫੁੱਲਾਂ ਨੂੰ ਪਿਰੋਣ ਲਈ 1000 ਸੂਈਆਂ ਲਿਆਂਦੀਆਂ ਗਈਆਂ ਸਨ ਪਰ ਸੰਗਤ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਸੀ ਕਿ ਇਹ ਸੂਈਆਂ ਵੀ ਘੱਟ ਪੈ ਗਈਆਂ। ਉਨ੍ਹਾਂ ਦੱਸਿਆ ਕਿ ਇਸ ਵਾਰ ਉਨ੍ਹਾਂ ਨਾਲ ਆਈ ਸੰਗਤ ਵੱਲੋਂ ਸ਼ਾਮ ਨੂੰ ਪ੍ਰਦੂਸ਼ਣ ਮੁਕਤ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਹਰਿਮੰਦਰ ਸਾਹਿਬ ਤੇ ਉਸ ਦੇ ਆਲੇ-ਦੁਆਲੇ ਨੂੰ ਖਾਸ ਐਲਈਡੀ ਲਾਈਟਾਂ ਨਾਲ ਸਜਾਇਆ ਗਿਆ ਹੈ।

ਅੱਜ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਅਲੌਕਿਕ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਵਿਸ਼ੇਸ਼ ਸਟਾਲ ਵੀ ਲਾਏ ਗਏ। ਕੱਲ੍ਹ ਗੁਰਪੁਰਬ ਵਾਲੇ ਦਿਨ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਵੱਲੋਂ ਦੀਪਮਾਲਾ ਕੀਤੀ ਜਾਵੇਗੀ ਤੇ ਦੇਰ ਸ਼ਾਮ ਆਤਿਸ਼ਬਾਜ਼ੀ ਵੀ ਹੋਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *