ਪ੍ਰਾਇਮਰੀ ਸਕੂਲ ਅਧਿਆਪਕ ਸਤੌਜ ਨੂੰ ਮਾਣਮੱਤਾ ਢਾਹਾਂ ਪੁਰਸਕਾਰ

ss1

ਪ੍ਰਾਇਮਰੀ ਸਕੂਲ ਅਧਿਆਪਕ ਸਤੌਜ ਨੂੰ ਮਾਣਮੱਤਾ ਢਾਹਾਂ ਪੁਰਸਕਾਰ

ਵੈਨਕੂਵਰ (ਏਜੰਸੀ) : ਪੰਜਾਬੀ ਸਾਹਿਤ ਨਾਲ ਸਬੰਧਤ ਭਾਈਚਾਰੇ ਵੱਲੋਂ ਹਰ ਸਾਲ ਦਿੱਤੇ ਜਾਂਦੇ ਢਾਹਾਂ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 2017 ਦਾ ਪਹਿਲਾ ਇਨਾਮ ਪੰਜਾਬ ਦੇ ਪ੍ਰਾਇਮਰੀ ਸਕੂਲ ਅਧਿਆਪਕ ਪ੍ਰਗਟ ਸਿੰਘ ਸਤੌਜ ਨੂੰ ਉਨ੍ਹਾਂ ਦੇ ਪੰਜਾਬੀ ਨਾਵਲ ‘ਖ਼ਬਰ ਇਕ ਪਿੰਡ ਦੀ’ ਲਈ ਦਿੱਤਾ ਗਿਆ ਹੈ। ਦੂਜਾ ਇਨਾਮ ਪਾਕਿਸਤਾਨੀ ਲੇਖਕ ਅਲੀ ਅਨਵਰ ਅਹਿਮਦ ਨੂੰ ਉਨ੍ਹਾਂ ਦੀ ਮਿੰਨੀ ਕਹਾਣੀਆਂ ਦੀ ਕਿਤਾਬ ‘ਤੰਦ ਤੰਦ ਮੈਲੀ ਚੱਦਰ’ ਲਈ ਦਿੱਤਾ ਗਿਆ ਹੈ। ਤੀਜਾ ਇਨਾਮ ਸਰੀ (ਬਿ੍ਰਟਿਸ਼ ਕੋਲੰਬੀਆ, ਕੈਨੇਡਾ) ਦੇ ਲੇਖਕ ਨਛੱਤਰ ਸਿੰਘ ਬਰਾੜ ਨੂੰ ਉਨ੍ਹਾਂ ਦੇ ਨਾਵਲ ‘ਕਾਗਜ਼ੀ ਵਿਆਹ’ ਲਈ ਦਿੱਤਾ ਗਿਆ ਹੈ। ਦੂਜੇ ਤੇ ਤੀਜੇ ਇਨਾਮ ਲਈ ਦੋਹਾਂ ਲੇਖਕਾਂ ਨੂੰ ਪੰਜ ਹਜ਼ਾਰ ਡਾਲਰ ਇਨਾਮ ਵਜੋਂ ਮਿਲਣਗੇ।

ਪੰਜਾਬੀ ਸਾਹਿਤ ਦੇ ਪ੍ਰਚਾਰ ਨੂੰ ਸਮਰਪਿਤ ਢਾਹਾਂ ਪੁਰਸਕਾਰ ਹਰ ਸਾਲ ਵਿਸ਼ਵ ਪੱਧਰ ‘ਤੇ ਬਿਹਤਰੀਨ ਨਾਵਲ ਲਈ ਪ੍ਰਦਾਨ ਕੀਤਾ ਜਾਂਦਾ ਹੈ। ਇਹ ਪੁਰਸਕਾਰ ਦੋਹਾਂ ਪ੍ਰਚਲਿਤ ਲਿਪੀਆਂ ਗੁਰਮੁਖੀ ਤੇ ਸ਼ਾਹਮੁਖੀ ਵਿਚੋਂ ਕਿਸੇ ਇਕ ਲਿਪੀ ਦੇ ਲੇਖਕ ਨੂੰ ਦਿੱਤਾ ਜਾਂਦਾ ਹੈ ਅਤੇ ਦੋ ਹੋਰ ਪੰਜ ਹਜ਼ਾਰ ਡਾਲਰ ਦੇ ਪੁਰਸਕਾਰ ਦੂਜੇ ਤੇ ਤੀਜੇ ਸਥਾਨ ਲਈ ਦਿੱਤੇ ਜਾਂਦੇ ਹਨ।

ਢਾਹਾਂ ਪੁਰਸਕਾਰ ਲਈ ਕੋਸਟ ਕੈਪੀਟਲ ਸੇਵਿੰਗਜ਼ ਸਪਾਂਸਰ ਹਨ। ਇਸ ਤੋਂ ਇਲਾਵਾ ਬੀਸੀ ਦੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੀ ਢਾਹਾਂ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਪੁਰਸਕਾਰ ਲਈ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਵਿਚਕਾਰ ਪੰਜਾਬੀ ‘ਚ ਮਿੰਨੀ ਕਹਾਣੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਇਨ੍ਹਾਂ ਦਾ ਅੰਗਰੇਜ਼ੀ ਵਿਚ ਉਲੱਥਾ ਕਰਵਾਇਆ ਜਾਵੇਗਾ। ਸਕੂਲਾਂ ਦੇ ਜੇੇਤੂ ਵਿਦਿਆਰਥੀਆਂ ਦਾ ਐਲਾਨ 4 ਨਵੰਬਰ, 2017 ਨੂੰ ਇਨਾਮ ਵੰਡ ਸਮਾਗਮ ਦੌਰਾਨ ਕੀਤਾ ਜਾਵੇਗਾ।

ਢਾਹਾਂ ਪੁਰਸਕਾਰਾਂ ਦੇ ਬਾਨੀ ਬਾਰਜ ਐੱਸ ਢਾਹਾਂ ਨੇ ਦੱਸਿਆ ਕਿ 2017 ਦੇ ਢਾਹਾਂ ਪੁਰਸਕਾਰ ਜੇਤੂ ਲੇਖਕ ਪੰਜਾਬੀ ਸਾਹਿਤ ਵਿਚ ਜਾਣੇ ਪਛਾਣੇ ਨਾਂ ਹਨ। ਉਨ੍ਹਾਂ ਦੀਆਂ ਕਹਾਣੀਆਂ ਅਤੇ ਚਰਿੱਤਰ ਜ਼ਿੰਦਾ ਹਨ। ਇਨ੍ਹਾਂ ਲੇਖਕਾਂ ਨੇ ਪੰਜਾਬੀ ਸਾਹਿਤ ‘ਚ ਝੋਲੀ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਦਾ ਮਕਸਦ ਸਰਹੱਦਾਂ ਤੋਂ ਉਪਰ ਉੱਠ ਕੇ ਵਿਸ਼ਵ ਭਰ ਵਿਚ ਪੰਜਾਬੀ ਮਾਂ-ਬੋਲੀ ਦਾ ਪ੍ਰਚਾਰ ਕਰਨਾ ਅਤੇ ਵਿਸ਼ਵ ‘ਚ ਪੰਜਾਬੀ ਭਾਈਚਾਰੇ ਵਿਚਕਾਰ ਪੁਲ਼ ਦਾ ਕੰਮ ਕਰਨਾ ਹੈ।

ਢਾਹਾਂ ਯੂਥ ਐਵਾਰਡ ਇਕ ਅਜਿਹਾ ਨਿਵੇਕਲਾ ਫ਼ੈਸਲਾ ਹੈ ਜਿਸ ਨਾਲ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਵਿਚ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਪੰਜਾਬੀ ਮਾਂ-ਬੋਲੀ ਨਾਲ ਜੋੜਨਾ ਹੈ। ਇਹ ਪੁਰਸਕਾਰ ਵੈਨਕੂਵਰ ਵਿਖੇ ਸਥਾਪਿਤ ਕੀਤਾ ਗਿਆ ਜਿਥੇ ਬਹੁਤ ਵੱਡੀ ਗਿਣਤੀ ਵਿਚ ਪੰਜਾਬੀ ਪਰਿਵਾਰ ਰਹਿੰਦੇ ਹਨ। ਕੈਨੇਡਾ ਵਿਚ ਇਸ ਸਮੇਂ ਪੰਜਾਬੀ ਤੀਜੀ ਵੱਡੀ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਪੁਰਸਕਾਰ ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ ਵੱਲੋਂ ਡਿਪਾਰਟਮੈਂਟ ਆਫ਼ ਏਸ਼ੀਅਨ ਸਟੱਡੀਜ਼ ਦੇ ਸਹਿਯੋਗ ਨਾਲ ਤੇ ਬਾਰਜ ਤੇ ਰੀਟਾ ਢਾਹਾਂ ਦੀ ਮਾਇਕ ਸਹਾਇਤਾ ਨਾਲ ਦਿੱਤਾ ਜਾ ਰਿਹਾ ਹੈ।

print
Share Button
Print Friendly, PDF & Email