“ਆਪ ਆਪਣਿਆਂ ਨਾਲ” ਪ੍ਰੋਗਰਾਮ ਤਹਿਤ ਭਗਵੰਤ ਮਾਨ ਨੇ ਕੀਤਾ ਹਲਕਾ ਮਾਲੇਰਕੋਟਲਾ ਦੇ ਕਈ ਪਿੰਡਾਂ ਦਾ ਦੌਰਾ

ss1

“ਆਪ ਆਪਣਿਆਂ ਨਾਲ” ਪ੍ਰੋਗਰਾਮ ਤਹਿਤ ਭਗਵੰਤ ਮਾਨ ਨੇ ਕੀਤਾ ਹਲਕਾ ਮਾਲੇਰਕੋਟਲਾ ਦੇ ਕਈ ਪਿੰਡਾਂ ਦਾ ਦੌਰਾ
ਮਾਨ ਨੇ ਆਪਣੇ ਅੰਦਾਜ਼ ਵਿੱਚ ਮੌਜੂਦਾ ਕਾਂਗਰਸ ਸਰਕਾਰ, ਸ੍ਰੋਮਣੀ ਅਕਾਲੀ ਦਲ ਤੇ ਕੇਦਰ ਦੀ ਭਾਜਪਾ ਸਰਕਾਰ ਨੂੰ ਲਿਆ ਕਰੜੇ ਹੱਥੀਂ

ਸੇਰਪੁਰ/ਘਨੌਰੀ ਕਲਾ (ਰਵਿੰਦਰ ਗਰਗ ਘਨੌਰ ਕਲਾਂ ):- ਅੱਜ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ (ਆਮ ਆਦਮੀ ਪਾਰਟੀ) ਨੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਕਰੀਬ ਦਰਜਨ ਭਰ ਪਿੰਡਾਂ ਦਾ ਦੌਰਾ ਕੀਤਾ ਤੇ ਆਪਣੇ ਐਮ ਪੀ ਕੋਟੇ ਵਿੱਚੋ ਆਈਆ ਗਰਾਂਟਾ ਵਾਰੇ ਲੋਕਾਂ ਨੂੰ ਜਾਣੂ ਕਰਵਾਇਆ ਤੇ ਹੋਰ ਗਰਾਂਟਾ ਦਾ ਐਲਾਨ ਕੀਤਾ। ਇਸੇ ਕੜੀ ਤਹਿਤ ਅੱਜ ਉਹ ਪਿੰਡ ਹਥਨ ਵਿਖੇ ਪਹੁੰਚੇ ਤੇ ਉਨ੍ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਪਿੰਡ ਵਿੱਚ ਆਈਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਿਸ ਵਿਚ ਪਿੰਡ ਵਿੱਚ ਸੋਲਰ ਲਾਈਟਾਂ, ਸਟੇਡੀਅਮ ਲਈ 2 ਲੱਖ ਰੁਪਏ ਦੀ ਰਾਸ਼ੀ ਤੇ ਸਰਕਾਰੀ ਸਕੂਲ ਵਿਚ ਸਾਇੰਸ ਦੀਆ ਕਲਾਸਾਂ ਨੂੰ ਚਾਲੂ ਕਰਵਾਉਣਾ ਸਾਮਿਲ ਹੈ, ਇਸ਼ ਮੌਕੇ ਪਿੰਡ ਵਾਸੀਆਂ ਵਲੋਂ ਉਨਾਂ ਨੂੰ ਹੋਰ ਮੰਗਾਂ ਲਈ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ ਬਾਰੇ ਉਨ੍ਹਾਂ ਕਿਹਾ ਕਿ ਜਲਦੀ ਹੀ ਪਿੰਡ ਵਾਸੀਆਂ ਵਲੋਂ ਜੋ ਮੰਗਾਂ ਰੱਖੀਆਂ ਗਈਆਂ ਹਨ ਉਨਾਂ ਨੂੰ ਪੂਰਾ ਕੀਤਾ ਜਾਵੇਗਾ। ਅੱਗੇ ਉਨਾਂ ਕਿਸਾਨਾਂ ਦੀ ਗੱਲ ਕਰਦਿਆ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਤੋ ਰੋਕਣਾ ਬਹੁਤ ਹੀ ਜ਼ਿਆਦਾ ਮੰਦਭਾਗਾ ਹੈ ਜੇਕਰ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਕਿਸਾਨਾਂ ਉਪਰ ਪਰਾਲੀ ਨੂੰ ਅੱਗ ਲਾਉਣ ਲਈ ਮੁਕੱਦਮਾ ਦਰਜ ਕਰਨ ਨੂੰ ਸਹੀ ਠਹਿਰਾਉਂਦੀ ਹੈ ਤਾਂ ਉਸ ਪਰਾਲੀ ਨੂੰ ਸਾਂਭ ਸੰਭਾਲ ਕਰਨਾ ਵੀ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਰਕਾਰ ਦੀ ਹੀ ਜ਼ਿੰਮੇਵਾਰੀ ਬਣਦੀ ਹੈ, ਕਿਸਾਨੀ ਕਰਜੇ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਸਰਕਾਰ ਆਪਣੇ ਕਰਜ਼ਾ ਮੁਆਫੀ ਵਾਅਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ ਅਤੇ ਸਰਕਾਰ ਵੱਲੋਂ ਜਾਰੀ ਨਵੇ ਨਿਰਦੇਸ਼ ਮੁਤਾਬਕ ਨਵੇਂ ਕਿਸਾਨੀ ਖੇਤੀਬਾੜੀ ਬਿਜਲੀ ਮੀਟਰ ਬਿਨਾਂ ਮੁਆਫੀ ਤੋਂ ਕੁਨੈਕਸਨ ਜਾਰੀ ਕਰਨਾ ਕਿਸਾਨਾਂ ਨਾਲ ਸਿੱਧੇ ਤੌਰ ਤੇ ਧੱਕੇਸਾਹੀ ਹੈ ਤੇ ਆਮ ਆਦਮੀ ਪਾਰਟੀ ਇਸ਼ ਮੁਦੇ ਦਾ ਵਿਰੋਧ ਕਰਦੀ ਹੈ ਤੇ ਇਸ਼ ਨੂੰ ਜ਼ੋਰ ਸੌਰ ਨਾਲ ਉਠਾਵੇਗੀ। ਅੱਗੇ ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘਰ ਘਰ ਨੌਕਰੀ ਤਹਿਤ ਕੋਈ ਵੀ ਬੇਰੋਜਗਾਰ ਨੌਜਵਾਨ ਨੂੰ ਨੌਕਰੀ ਨਾ ਮਿਲਣ, ਨੌਜਵਾਨਾਂ ਲਈ ਮੁਫਤ ਸਮਾਰਟ ਫੋਨ ਨਾ ਮਿਲਣ ਦੇ ਲਈ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਕਾਲੀ ਤੇ ਕਾਂਗਰਸੀ ਇੱਕੋ ਥਾਲੀ ਦੇ ਚੱਟੇ ਬੱਟੇ ਹਨ ਅਤੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣਾ ਪੰਜਾਬ ਦੀ ਜਨਤਾ ਲਈ ਬਹੁਤ ਵੱਡਾ ਘਾਟਾ ਤੇ ਮੰਦਭਾਗਾ ਦੱਸਦਿਆ ਸਮਾਂ ਆਉਣ ਤੇ ਦਰੁੱਸਤ ਕਰਨ ਦੀ ਅਪੀਲ ਕੀਤੀ। ਉਨਾਂ ਲੋਕ ਸਭਾ ਹਲਕਾ ਸੰਗਰੂਰ ਦੇ ਅੰਦਰ ਜਹਾਂਗੀਰ ਨਹਿਰ ਦੇ ਅਧੂਰੇ ਪਏ ਕੰਮ, ਮਾਲੇਰਕੋਟਲਾ ਬਰਨਾਲਾ ਸੜਕ ਦੀ ਮਾੜੀ ਹਾਲਤ ਤੇ ਹੋਰ ਅਧੂਰੇ ਪਏ ਵਿਕਾਸ ਦੇ ਕੰਮਾਂ ਲਈ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਮੌਜੂਦਾ ਕਾਂਗਰਸੀ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੂੰ ਵੀ ਕਰੜੇ ਹੱਥੀਂ ਲਿਆ ਤੇ ਜਲਦੀ ਹੀ ਡਿਪਟੀ ਕਮਿਸ਼ਨਰ ਤੇ ਸੰਬੰਧਿਤ ਅਧਿਕਾਰੀਆਂ ਨੂੰ ਮਿਲਕੇ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਉਨ੍ਹਾਂ ਕੇਦਰ ਦੀ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਨਹੀਂ ਬਖਸ਼ਿਆ ਤੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਿਰਫ ਅਡਾਨੀ ਤੇ ਅੰਬਾਨੀ ਦੇ ਕਰਜੇ ਮੁਆਫ ਕੀਤੇ ਗਏ ਹਨ ਤੇ ਦੇਸ਼ ਦੇ ਕਿਸਾਨ ਤੇ ਮਜ਼ਦੂਰ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ, ਕੇਦਰ ਸਰਕਾਰ ਵੱਲੋਂ ਜੀ. ਐੱਸ. ਟੀ. ਲਾਗੂ ਕਰਨ ਨਾਲ ਦੁਕਾਨਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਬਹੁਤ ਹੀ ਜ਼ਿਆਦਾ ਮੰਦਭਾਗਾ ਕਰਾਰ ਦਿੱਤਾ ਤੇ ਕਾਲੇ ਧਨ ਦੇ ਮਾਮਲੇ ਤੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਕਰੜੀ ਆਲੋਚਨਾ ਕੀਤੀ ਤੇ ਕੇਦਰ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲਈ ਕਿਹਾ ਤਾਂ ਜੋ ਦੇਸ਼ ਦਾ ਕਿਸਾਨ ਖੁਸ਼ਹਾਲ ਹੋ ਸਕੇ। ਅੰਤ ਵਿਚ ਉਨ੍ਹਾਂ ਲੋਕ ਸਭਾ ਹਲਕਾ ਸੰਗਰੂਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਦੇਸ਼ ਦੇ ਪਹਿਲੇ 5 ਲੋਕ ਸਭਾ ਹਲਕਿਆਂ ਵਿਚੋ ਹੈ ਜਿਥੋਂ ਦੇ ਐਮ. ਪੀ ਨੇ ਸਭ ਤੋਂ ਜ਼ਿਆਦਾ ਸਵਾਲ ਕੀਤੇ ਤੇ ਅਪਣੇ ਹਲਕੇ ਦੇ ਮੁਦੇ ਉਠਾਏ, ਉਨਾਂ ਕਿਹਾ ਕਿ ਉਹ ਹਰ ਵਕਤ ਹਲਕਾ ਸੰਗਰੂਰ ਦੀ ਆਵਾਜ ਇਸੇ ਤਰ੍ਹਾਂ ਉਠਾਉਂਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਡਾਕਟਰ ਅਨਵਰ ਭਸੌੜ, ਸਰਪੰਚ ਅਲਾਲ, ਤੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।

print
Share Button
Print Friendly, PDF & Email