ਕਰਨਾਟਕ ‘ਚ ਕ੍ਰਿਪਾਨ ‘ਤੇ ਪਾਬੰਦੀ ਲਾਉੁਣ ਦੇ ਫ਼ੈਸਲੇ ਮਗਰੋਂ ਸਿੱਖਾਂ ‘ਚ ਭਾਰੀ ਰੋਸ

ss1

ਕਰਨਾਟਕ ‘ਚ ਕ੍ਰਿਪਾਨ ‘ਤੇ ਪਾਬੰਦੀ ਲਾਉੁਣ ਦੇ ਫ਼ੈਸਲੇ ਮਗਰੋਂ ਸਿੱਖਾਂ ‘ਚ ਭਾਰੀ ਰੋਸ

ਨਵੀਂ ਦਿੱਲੀ, 13 ਸਤੰਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਰਨਾਟਕ ਸਰਕਾਰ ਵੱਲੋਂ ਕ੍ਰਿਪਾਨ ਪਹਿਨਣ ‘ਤੇ ਲਾਈ ਪਾਬੰਦੀ ਖਤਮ ਕਰਵਾਉੁਣ ਲਈ ਤੁਰੰਤ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਗ੍ਰਹਿ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਸ. ਸਿਰਸਾ ਨੇ ਕਿਹਾ ਕਿ ਕਰਨਾਟਕ ਸਰਕਾਰ ਵੱਲੋਂ ਹਥਿਆਰਾਂ ਬਾਰੇ 2016 ਦੇ ਨਿਯਮਾਂ ਤਹਿਤ ਬਿਨਾਂ ਲਾਇਸੈਂਸ ਦੇ ਹਥਿਆਰ ਰੱਖਣ, ਖਰੀਦਣ ਅਤੇ ਪਹਿਨਣ ‘ਤੇ ਬੰਗਲੌਰ ਸ਼ਹਿਰ ਵਿਚ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਵਿਚ ਕ੍ਰਿਪਾਨ ਵੀ ਸ਼ਾਮਲ ਕੀਤੀ ਗਈ ਹੈ, ਜੋ ਕਿ ਸਿੱਖਾਂ ਵੱਲੋਂ ਧਾਰਮਿਕ ਚਿੰਨ੍ਹ ਵਜੋਂ ਪਹਿਨੀ ਜਾਂਦੀ ਹੈ। ਇਹ ਅੰਮ੍ਰਿਤਧਾਰੀ ਸਿੱਖਾਂ ਲਈ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 25 ਅਧੀਨ ਧਰਮ ਦੀ ਆਜ਼ਾਦੀ ਦੇ ਨਿਯਮਾਂ ਤਹਿਤ ਸਿੱਖਾਂ ਨੂੰ ਕ੍ਰਿਪਾਨ ਧਾਰਨ ਦੀ ਖੁੱਲ੍ਹ ਦਿੱਤੀ ਗਈ ਹੈ। ਸਿੱਖਾਂ ਲਈ ਕ੍ਰਿਪਾਨ ਅਤੇ ਹੋਰ ਧਾਰਮਿਕ ਚਿੰਨ੍ਹ ਧਾਰਨ ਕਰਨ ਵਾਸਤੇ ਕਿਸੇ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ। ਕਰਨਾਟਕ ਸਰਕਾਰ ਵੱਲੋਂ ਲਾਈ ਗਈ ਪਾਬੰਦੀ ਭਾਰਤੀ ਸੰਵਿਧਾਨ ਦੀ ਧਾਰਾ 25 ਤੋਂ 28 ਤਹਿਤ ਦਿੱਤੇ ਧਰਮ ਦੀ ਆਜ਼ਾਦੀ ਦੇ ਅਧਿਕਾਰ ਖਿਲਾਫ਼ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਆਪਣੀ ਹੀ ਧਰਤੀ ਮਾਂ ‘ਤੇ ਕ੍ਰਿਪਾਨ ਪਹਿਨਣ ‘ਤੇ ਲਾਈ ਪਾਬੰਦੀ ਤੋਂ ਰੋਹ ਵਿਚ ਆ ਗਿਆ ਹੈ। ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰਖਦਿਆਂ ਕੇਂਦਰ ਸਰਕਾਰ ਨੂੰ ਇਹ ਗੰਭੀਰ ਮਾਮਲਾ ਹੱਲ ਕਰਨ ਦੀ ਜ਼ਰੂਰਤ ਹੈ।
ਕੇਂਦਰੀ ਗ੍ਰਹਿ ਮੰਤਰੀ ਤੋਂ ਮਾਮਲੇ ਵਿਚ ਦਖਲ ਦੀ ਮੰਗ ਕਰਦਿਆਂ ਸਿਰਸਾ ਨੇ ਕਿਹਾ ਕਿ ਬੰਗਲੌਰ ਸ਼ਹਿਰ ‘ਚ ਸਿੱਖਾਂ ਲਈ ਕ੍ਰਿਪਾਨ ਪਹਿਨਣ ‘ਤੇ ਲਾਈ ਪਾਬੰਦੀ ਤੋਂ ਛੋਟ ਦੁਆਉੁਣ ਲਈ ਉਨ੍ਹਾਂ ਨੂੰ ਤੁਰੰਤ ਇਸ ਵਿਚ ਦਖਲ ਦੇਣਾ ਚਾਹੀਦਾ ਹੈ। ਬੰਗਲੌਰ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਵੀ ਲੋੜੀਂਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ, ਜਿਸ ਸਦਕਾ ਸਿੱਖ ਮੁਸਾਫਰ ਹਵਾਈ ਸਫਰ ਕਰਨ ਵਾਸਤੇ ਸਿਵਲ ਐਵੀਏਸ਼ਨ ਰੂਲ ਤਹਿਤ ਕ੍ਰਿਪਾਨ ਧਾਰਨ ਕਰ ਕੇ ਸਫਰ ਕਰ ਸਕਣ।
ਸਿਰਸਾ ਨੇ ਗ੍ਰਹਿ ਮੰਤਰੀ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਪਹਿਲਾਂ ਵਾਪਰੀ ਘਟਨਾ ‘ਚ ਬੰਗਲੌਰ ਹਵਾਈ ਅੱਡੇ ‘ਤੇ ਸਿੱਖ ਮੁਸਾਫਰਾਂ ਨੂੰ ਜਹਾਜ਼ ਵਿਚੋਂ ਉਦੋਂ ਜਬਰੀ ਲਾਹ ਦਿੱਤਾ ਗਿਆ ਸੀ, ਜਦੋਂ ਉਨ੍ਹਾਂ ਨੇ ਕ੍ਰਿਪਾਨ ਉਤਾਰਨ ਤੋਂ ਜਵਾਬ ਦੇ ਦਿੱਤਾ ਸੀ।

print
Share Button
Print Friendly, PDF & Email