ਆਪਣਾ ਪੰਜਾਬ ਪਾਰਟੀ ਵੱਲੋਂ ਬਾਬਾ ਬਕਾਲਾ ਤੋਂ ਚੋਣ ਲੜਨ ਵਾਲੇ ਬਲਜੀਤ ਸਿੰਘ ਭੱਟੀ ਅਕਾਲੀ ਦਲ ਵਿੱਚ ਸ਼ਾਮਿਲ

ss1

ਆਪਣਾ ਪੰਜਾਬ ਪਾਰਟੀ ਵੱਲੋਂ ਬਾਬਾ ਬਕਾਲਾ ਤੋਂ ਚੋਣ ਲੜਨ ਵਾਲੇ ਬਲਜੀਤ ਸਿੰਘ ਭੱਟੀ ਅਕਾਲੀ ਦਲ ਵਿੱਚ ਸ਼ਾਮਿਲ

ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਵਿੱਚ ਹਲਕਾ ਬਾਬਾ ਬਕਾਲਾ ਤੋਂ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਸਾਬਕਾ ਸਰਪੰਚ ਸ: ਬਲਜੀਤ ਸਿੰਘ ਭੱਟੀ ਵਾਸੀ ਪਿੰਡ ਸਠਿਆਲਾ ਅਤੇ ਸਾਬਕਾ ਸਰਪੰਚ ਨੰਬਰਦਾਰ ਬਾਬਾ ਨਰਿੰਦਰ ਸਿੰਘ ਸਠਿਆਲਾ ਨੇ ਸਾਬਕਾ ਵਿਧਾਇਕ ਸ: ਮਲਕੀਅਤ ਸਿੰਘ ਏ ਆਰ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ।੨੦੧੨ ਦੌਰਾਨ ਵੀ ਆਜ਼ਾਦ ਚੋਣ ਲੜਨ ਵਾਲੇ ਸ: ਭੱਟੀ ਨੇ ਕਿਹਾ ਕਿ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਤੋਂ ਪੰਜਾਬ ਦੇ ਲੋਕਾਂ ਨੂੰ ਆਸਾਂ ਉਮੀਦਾਂ ਹਨ। ਉਹਨਾਂ ਕਿਹਾ ਕਿ ਕਾਂਗਰਸ ਅੱਜ ਹਰ ਫਰੰਟ ‘ਤੇ ਫੇਲ੍ਹ ਹੋ ਚੁੱਕੀ ਹੈ ਅਤੇ ਲੋਕਾਂ ਦਾ ਕਾਂਗਰਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ। ਸ: ਭੱਟੀ ਨੇ ਕਿਹਾ ਕਿ ਉਹਨਾਂ ਦਾ ਅਕਾਲੀ ਦਲ ਵਿੱਚ ਆਉਣਾ ਲੋਕ ਰਾਏ ਦੀ ਤਰਜਮਾਨੀ ਹੈ। ਇਸ ਮੌਕੇ ਸ: ਮਜੀਠੀਆ ਨੇ ਸ: ਭੱਟੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੀ ਹੈ। ਉਹਨਾਂ ਕਿਹਾ ਕਿ ਪਾਰਟੀ ਵਿੱਚ ਸ: ਭੱਟੀ ਦਾ ਬਣ ਦਾ ਪੂਰਾ ਮਾਨ ਸਤਿਕਾਰ ਕੀਤਾ ਜਾਵੇਗਾ। ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਇੱਕ ਅਜਿਹੀ ਸਰਕਾਰ ਹੈ ਜਿਸ ਨੇ ਚਾਰ ਮਹੀਨਿਆਂ ‘ਚ ਹੀ ਲੋਕਾਂ ਦਾ ਭਰੋਸਾ ਗਵਾ ਲੈਣ ਦਾ ਰਿਕਾਰਡ ਕਾਇਮ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਚੋਣਾਂ ਦੌਰਾਨ ਕੀਤੇ ਗਏ ਝੂਠੇ ਵਾਅਦਿਆਂ ਦੀ ਪੋਲ ਖੁੱਲ ਚੁੱਕੀ ਹੈ ਅਤੇ ਅੱਜ ਚਾਰ ਮਹੀਨਿਆਂ ‘ਚ ਹੀ ੨੦੦ ਤੋਂ ਵਧ ਕਿਸਾਨਾਂ ਨੇ ਕਰਜ਼ਿਆਂ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਨ ਦੌਰਾਨ ਸਰਕਾਰ ਦੇ ਝੂਠੇ ਵਾਅਦਿਆਂ ‘ਤੇ ਯਕੀਨ ਕਰਨ ਦੀ ਭੁੱਲ ਸਵੀਕਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਲੋਕਾਂ ਨੂੰ ਗੁਮਰਾਹ ਕਰਨ ਦੀ ਥਾਂ ਵਾਅਦੇ ਮੁਤਾਬਿਕ ਕਿਸਾਨਾਂ ਦਾ ਕਰਜ਼ਾ ਹਰ ਹਾਲ ‘ਚ ਮੁਆਫ਼ ਕਰਨਾ ਚਾਹੀਦਾ ਹੈ।ਉਹਨਾਂ ਕਾਂਗਰਸ ਸਰਕਾਰ ਵੱਲੋਂ ਰਾਜ ਦਾ ਵਿਕਾਸ ਠੱਪ ਕਰ ਕੇ ਰਖ ਦੇਣ ਦੀ ਵੀ ਸਖ਼ਤ ਅਲੋਚਨਾ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਰਾਜ ਨੂੰ ਵਿਕਾਸ ਪੱਖੋਂ ਉਚਾਈਆਂ ‘ਤੇ ਪਹੁੰਚਾਇਆ ਜਿੱਥੇ ਕਾਂਗਰਸ ਨੇ ਵਿਕਾਸ ਸਕੀਮਾਂ ਠੱਪ ਕਰ ਕੇ ਰਾਜ ਦੇ ਲੋਕਾਂ ਨੂੰ ਬੇਰੁਜ਼ਗਾਰੀ ਵਲ ਤੋਰਿਆ ਹੈ। ਉਹਨਾਂ ਦੱਸਿਆ ਕਿ ਕਾਂਗਰਸ ਨੇ ਕਦੀ ਨਹੀਂ ਕਿਹਾ ਕਿ ਉਹ ਸਰਕਾਰ ‘ਚ ਆ ਕੇ ਅਕਾਲੀ ਵਰਕਰਾਂ ਉੱਤੇ ਸਿਆਸੀ ਬਦਲਾਖੋਰੀ ਕਰੇਗੀ ਪਰ ਉਹ ਅੱਜ ਸਿਆਸੀ ਬਦਲਾਖੋਰੀ ਤੋਂ ਸਿਵਾ ਕੁੱਝ ਨਹੀਂ ਕਰ ਰਹੀ ਹੈ। ਉਹਨਾਂ ਦੱਸਿਆ ਕਿ ਅੱਜ ਹਰ ਪਿੰਡ ਹਰ ਸ਼ਹਿਰ ‘ਚ ਕਾਂਗਰਸ ਵੱਲੋਂ ਸਰਕਾਰੀ ਦਹਿਸ਼ਤ ਪੈਦਾ ਕਰਕੇ ਲੋਕਾਂ ‘ਤੇ ਨਜਾਇਜ਼ ਪਰਚੇ ਕੀਤੇ ਜਾ ਰਹੇ ਹਨ।ਅਕਾਲੀ ਦਲ ਦੇ ਹਮਾਇਤੀ ਦਲਿਤਾਂ ਨੂੰ ਖਾਸ ਕਰ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਗੁਰੂ ਘਰਾਂ ‘ਚ ਵੀ ਜ਼ਬਰਦਸਤੀ ਵੜ ਕੇ ਬੇਅਦਬੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਅਕਾਲੀ ਦਲ ਕਾਂਗਰਸ ਦੀਆਂ ਵਧੀਕੀਆਂ ਨੂੰ ਸਹਿਣ ਨਹੀਂ ਕਰੇਗਾ ਅਤੇ ਕਾਂਗਰਸ ਸਰਕਾਰ ਵਿਰੁੱਧ ਜ਼ਬਰਦਸਤ ਲੋਕ ਲਹਿਰ ਚਲਾਈ ਜਾਵੇਗੀ। ਇਸ ਮੌਕੇ ਤਲਬੀਰ ਸਿੰਘ ਗਿੱਲ, ਸੰਦੀਪ ਸਿੰਘ ਏ ਆਰ, ਦਲਵਿੰਦਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਹਿੰਗਾ ਸਿੰਘ ਸਰਪੰਚ ਸਠਿਆਲਾ, ਸੰਤੋਖ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਰਾਜੂ, ਪੂਰਨ ਸਿੰਘ ਪ੍ਰਧਾਨ ਸੁਸਾਇਟੀ, ਦਲਬੀਰ ਸਿੰਘ ਬੀਕਾ ਮੈਂਬਰ ਬਲਾਕ ਸੰਮਤੀ, ਕਿਰਪਾਲ ਸਿੰਘ ਪ੍ਰਧਾਨ ਸ਼ਹਿਰੀ ਜਥਾ ਰਈਆ, ਸੁਖਦੇਵ ਸਿੰਘ, ਦਲਜੀਤ ਸਿੰਘ, ਬਲਜਿੰਦਰ ਸਿੰਘ, ਦਲਬਾਗ ਸਿੰਘ, ਤਰਸੇਮ ਸਿੰਘ ( ਸਾਰੇ ਐਮ ਸੀ) ਪਿਆਰਾ ਸਿੰਘ ਸੇਖੋਂ, ਸੋਹਨ ਸਿੰਘ ਫੇਰੂਮਾਨ, ਬੇਗਮ ਸਿੰਘ ਪ੍ਰਿੰਸ, ਸੁਖਚੈਨ ਸਿੰਘ ਸਾਵੀ, ਸੁਰਜੀਤ ਸਿੰਘ ਭਿੰਡਰ, ਨਛੱਤਰ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *