ਮੁੱਖ ਮੰਤਰੀ ਜੰਗ-ਏ-ਆਜ਼ਾਦੀ ਯਾਦਗਾਰ 6 ਨਵੰਬਰ ਨੂੰ ਕੌਮ ਨੂੰ ਸਮਰਪਿਤ ਕਰਨਗੇ

ss1

ਕੌਮੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦੇ ਮਹਾਨ ਯੋਗਦਾਨ ਨੂੰ ਦਰਸਾਉਂਦੀ ਸ਼ਿਆਮ ਬੈਨੇਗਲ ਦੀ ਫਿਲਮ ਸਕਰੀਨਿੰਗ ਲਈ ਤਿਆਰ

ਮੁੱਖ ਮੰਤਰੀ ਜੰਗ-ਏ-ਆਜ਼ਾਦੀ ਯਾਦਗਾਰ 6 ਨਵੰਬਰ ਨੂੰ ਕੌਮ ਨੂੰ ਸਮਰਪਿਤ ਕਰਨਗੇ

ਚੰਡੀਗੜ੍ਹ, 23 ਮਈ (ਪ੍ਰਿੰਸ): ਜਲੰਧਰ ਨੇੜੇ ਕਰਤਾਰਪੁਰ ਵਿਖੇ ਬਣਾਈ ਜਾ ਰਹੀ ਵਿਸ਼ਵ ਪੱਧਰੀ ਜੰਗ-ਏ-ਆਜ਼ਾਦੀ ਯਾਦਗਾਰ 6 ਨਵੰਬਰ, 2016 ਨੂੰ ਕੌਮ ਨੂੰ ਸਮਰਪਿਤ ਕੀਤੀ ਜਾਵੇਗੀ।
ਇਸ ਬਾਰੇ ਫੈਸਲਾ ਅੱਜ ਦੁਪਹਿਰ ਇੱਥੇ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀ ਸੱਤਵੀਂ ਮੀਟਿੰਗ ਦੌਰਾਨ ਲਿਆ ਗਿਆ।
ਮੀਟਿੰਗ ਦੌਰਾਨ ਮੈਂਬਰਾਂ ਨੇ ਫੈਸਲਾ ਕੀਤਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਇਸ ਅਦਭੁੱਤ ਯਾਦਗਾਰ ਦੇ ਪਹਿਲੇ ਪੜਾਅ ਦਾ ਉਦਘਾਟਨ 6 ਨਵੰਬਰ ਨੂੰ ਇਕ ਸ਼ਾਨਦਾਰ ਸਮਾਰੋਹ ਦੌਰਾਨ ਕਰਨਗੇ।
ਇਸ ਦੌਰਾਨ ਫਾਊਂਡੇਸ਼ਨ ਦੇ ਮੈਂਬਰ ਸਕੱਤਰ ਅਤੇ ਅਜੀਤ ਅਖਬਾਰ ਸਮੂਹ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਮੁੱਖ ਮੰਤਰੀ ਤੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੂੰ ਇਸ ਯਾਦਗਾਰ ਦੇ ਵੱਖ-ਵੱਖ ਪਹਿਲੂਆਂ ਦੀ ਹੁਣ ਤੱਕ ਦੀ ਪ੍ਰਗਤੀ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਲਗਪਗ 70 ਫੀਸਦੀ ਨਿਰਮਾਣ ਕਾਰਜ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਦਾ ਕੰਮ ਵੀ ਜੰਗੀ ਪੱਧਰ ‘ਤੇ ਜਾਰੀ ਹੈ। ਇਸ ਮੌਕੇ ਨਾਮਵਰ ਆਰਕੀਟੈਕਟ ਰਾਜ ਰਾਵੇਲ ਨੇ ਇਕ ਸੰਖੇਪ ਪੇਸ਼ਕਾਰੀ ਦਿੱਤੀ ਜਿਨ੍ਹਾਂ ਨੂੰ ਪ੍ਰਾਜੈਕਟ ਦੇ ਭਵਨ ਨਿਰਮਾਣ ਅਤੇ ਡਿਜ਼ਾਇਨ ਦਾ ਕੰਮ ਸੌਂਪਿਆ ਗਿਆ ਹੈ।
ਮੀਟਿੰਗ ਦੌਰਾਨ ਡਾ. ਹਮਦਰਦ ਨੇ ਦੱਸਿਆ ਕਿ ਉੱਘੇ ਫਿਲਮ ਨਿਰਦੇਸ਼ਕ ਤੇ ਫਿਲਮ ਕਹਾਣੀ ਲੇਖਕ ਸ੍ਰੀ ਸ਼ਿਆਮ ਬੈਨੇਗਲ ਵੱਲੋਂ ਕੌਮੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬ ਦੇ ਲਾਮਿਸਾਲ ਸੰਘਰਸ਼ ‘ਤੇ ਚਾਨਣਾ ਪਾਉਂਦੀ ਫਿਲਮ ਤਿਆਰ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਮਿਊਜ਼ੀਅਮ ਦੀਆਂ ਗੈਲਰੀਆਂ ਦੇ ਅੰਦਰੂਨੀ ਤੇ ਡਿਜ਼ਾਇਨ ਲਈ ਇਕ ਕੰਸਲਟੈਂਟ ਫਰਮ ਦੀਆਂ ਸੇਵਾਵਾਂ ਲੈ ਲਈਆਂ ਹਨ ਅਤੇ ਇਸ ਦਾ ਕਾਰਜ ਮੁੰਬਈ ਦੀ ਇਕ ਫਰਮ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ। ਸਮੁੱਚਾ ਕੰਮ 30 ਸਤੰਬਰ ਤੱਕ ਮੁਕੰਮਲ ਹੋਣ ਦੀ ਆਸ ਹੈ। ਇਸੇ ਤਰ੍ਹਾਂ ਲੇਜ਼ਰ ਸ਼ੋਅ ਨਾਲ ਸਬੰਧਤ ਕੰਮ ਇਕ ਪ੍ਰਸਿੱਧ ਮਲਟੀ ਮੀਡਆ ਫਰਮ ਨੂੰ ਅਲਾਟ ਕੀਤਾ ਗਿਆ ਹੈ।
ਵਿਚਾਰ-ਚਰਚਾ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਦੇ ਸੁਪਨਮਈ ਪ੍ਰਾਜੈਕਟ ਨੂੰ ਸੰਕਲਪ ਤੋਂ ਹਕੀਕਤ ਵਿੱਚ ਬਦਲਣ ਲਈ ਡਾ. ਹਮਦਰਦ ਵੱਲੋਂ ਕੀਤੇ ਵਿਸ਼ੇਸ਼ ਉੱਦਮ ਲਈ ਉਚੇਚੇ ਤੌਰ ‘ਤੇ ਸ਼ਲਾਘਾ ਕੀਤੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਮੁਲਕ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਵਿਲੱਖਣ ਪ੍ਰਾਜੈਕਟ ਹੋਵੇਗਾ ਸਾਡੇ ਨੌਜਵਾਨਾਂ ਵਿੱਚ ਰਾਸ਼ਟਰਵਾਦ ਤੇ ਦੇਸ਼ ਭਗਤੀ ਦੇ ਜਜ਼ਬੇ ਦੀ ਤਾਂਘ ਪੈਦਾ ਕਰੇਗਾ। ਸ. ਬਾਦਲ ਨੇ ਕਿਹਾ ਕਿ ਕੌਮੀ ਆਜ਼ਾਦੀ ਸੰਘਰਸ਼ ਦੇ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਦੇ ਅੰਦੋਲਨਾਂ ਨੂੰ ਮੂਰਤੀਮਾਨ ਕਰਨ ਲਈ ਜੰਗ-ਏ-ਆਜ਼ਾਦੀ ਯਾਦਗਾਰ ਅਤੇ ਅੰਮ੍ਰਿਤਸਰ ਵਿਖੇ ਜੰਗੀ ਯਾਦਗਾਰ ਜਿਹੀਆਂ ਯਾਦਗਾਰਾਂ ਰਾਹੀਂ ਆਪਣੇ ਇਤਿਹਾਸ ਨੂੰ ਸਦੀਵੀ ਬਣਾਉਣ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਜਾਂਦਾ ਹੈ।
ਮੀਟਿੰਗ ਵਿੱਚ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੂੰਦੜ, ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਸੋਹਣ ਸਿੰਘ ਠੰਡਲ, ਸਾਬਕਾ ਮੰਤਰੀ ਸ. ਸੇਵਾ ਸਿੰਘ ਸੇਖਵਾਂ ਤੇ ਸ. ਸਰਵਣ ਸਿੰਘ ਫਿਲੌਰ, ਮੁੱਖ ਮੰਤਰੀ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਸੱਭਿਆਚਾਰਕ ਮਾਮਲੇ ਸ੍ਰੀਮਤੀ ਅੰਜਲੀ ਭਾਵੜਾ, ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੇ ਸੀ.ਈ.ਓ. ਸ੍ਰੀ ਵਿਨੈ ਬੁਬਲਾਨੀ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਕੇ.ਕੇ. ਯਾਦਵ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *