ਮਿੰਨੀ ਕਹਾਣੀ : ਸੋਚ

ss1

ਮਿੰਨੀ ਕਹਾਣੀ : ਸੋਚ

ਆਪਣੇ ਰੁਝੇਵਿਆਂ ਦੇ ਚੱਲਦਿਆਂ ਬਲਕਾਰ ਨੇ ਵਿਸ਼ੇਸ਼ ਦਿਨ ਮਨਾਉਣ ਦੇ ਆਏ ਦਫ਼ਤਰੀ ਪ੍ਰੋਗਰਾਮ ਦੀ ਸਾਰੀ ਜ਼ਿੰਮੇਵਾਰੀ ਆਪਣੀ ਹਮਅਹੁਦਾ ਮੈਡਮ ਅਤੇ ਉਹਨਾਂ ਦੇ ਸਟਾਫ਼ ਨੂੰ ਦੇ ਦਿੱਤੀ। ਪ੍ਰੋਗਰਾਮ ਸਮਾਪਨ ਦੇ ਅਗਲੇ ਦਿਨ ਪ੍ਰੋਗਰਾਮ ਦੌਰਾਨ ਬਚੇ ਸਾਮਾਨ ਅਤੇ ਖਰਚੇ ਦੇ ਹਿਸਾਬ ਕਰਦਿਆਂ ਬਲਕਾਰ ਨੇ ਬਚੇ ਸਾਮਾਨ ਬਾਰੇ ਮੈਡਮ ਨੂੰ ਪੁੱਛਣ ਤੇ ਕੀ ਤੁਸੀਂ ਰੱਖਣਾ ਜਾਂ ਦੂਜੇ ਦਫ਼ਤਰ ਭੇਜ ਦਈਏ? ਤਾਂ ਮੈਡਮ ਕਹਿੰਦੇ ਦੂਜੇ ਦਫ਼ਤਰ ਭੇਜ ਦਿਉ ਸਾਡੇ ਕੋਲ ਵਾਧੂ ਏ। ਬਲਕਾਰ ਨੇ ਸਾਰਾ ਹਿਸਾਬ ਕੀਤਾ ਤੇ ਬਚਿਆ ਸਾਮਾਨ ਦੂਜੇ ਦਫ਼ਤਰ ਭੇਜ ਦਿੱਤਾ ਜਿੱਥੇ ਉਸਦੀ ਜ਼ਰੂਰਤ ਸਮਝੀ। ਸ਼ਿਸ਼ਟਾਚਾਰ ਦੇ ਤੌਰ ਤੇ ਬਲਕਾਰ ਨੇ ਸਾਰੇ ਸਟਾਫ਼ ਦਾ ਸਹਿਯੋਗ ਕਰਨ ਲਈ ਧੰਨਵਾਦੀ ਸ਼ਬਦਾਂ ਨਾਲ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਟ੍ਰੀਟ (ਖਾਣ ਪੀਣ ਦੀ ਪਾਰਟੀ) ਦਿੱਤੀ। ਅਜੇ ਆਪਣੇ ਦਫ਼ਤਰ ਵਿੱਚ ਆਏ ਨੂੰ ਮਸਾਂ ਤਿੰਨ ਕੁ ਘੰਟੇ ਹੋਏ ਸਨ ਕਿ ਹਮਅਹੁਦਾ ਮੈਡਮ ਦਾ ਫੋਨ ਆਇਆ ਤਾਂ ਮੈਡਮ ਦੇ ਬੋਲ “ਅਸੀਂ ਖਾਣ ਦੇ ਭੁੱਖੇ ਨਹੀਂ, ਬੰਦਾ ਮਾਣ ਸਨਮਾਨ ਦਾ ਭੁੱਖਾ ਹੁੰਦਾ ਸਰ! ਸਾਡਾ ਸਟਾਫ਼ ਅੱਗੇ ਤੋਂ ਤੁਹਾਡੀ ਕੋਈ ਮੱਦਦ ਨਹੀਂ ਕਰੇਗਾ“ ਸੁਣਦਿਆਂ ਹੀ ਬਲਕਾਰ ਦੰਗ ਰਹਿ ਗਿਆ ਅਤੇ ਸਮਝਦਿਆਂ ਦੇਰ ਨਾ ਲੱਗੀ ਕਿ ਇਹ ਸਾਰੀ ਗੱਲ ਜੋ ਸਾਮਾਨ ਦੂਜੇ ਦਫ਼ਤਰ ਨੂੰ ਭੇਜਿਆ ਉਸਦੇ ਕਾਰਨ ਹੈ। ਬਲਕਾਰ ਨੇ ਦਫ਼ਤਰੀ ਸ਼ਾਲੀਨਤਾ ਦਿਖਾਉਂਦੇ ਹੋਏ ਅਜਿਹੀ ਕਿਸੇ ਕਮਜ਼ੋਰ ਮਾਨਸਿਕਤਾ, ਤੰਗ ਮਨੋਰਥ ਨਾ ਹੁੰਦੇ ਹੋਏ ਵੀ ਮਾਫ਼ੀ ਮੰਗਦਿਆਂ ਹੋਇਆ ਫੋਨ ਤੇ ਗੱਲ ਸਮਾਪਤ ਕਰ ਦਿੱਤੀ। ਹੁਣ ਉਹ ਬੈਠਾ ਸੋਚ ਰਿਹਾ ਸੀ ਕਿ ਮਾਣ ਸਨਮਾਣ ਵਿੱਚ ਤਾਂ ਕੋਈ ਕਸਰ ਨਹੀਂ ਛੱਡੀ ਉਹਨਾਂ ਦੇ ਸਟਾਫ਼ ਦੇ। ਦਫ਼ਤਰੀ ਸਾਮਾਨ ਵਿੱਚ ਤਾਂ ਦਫ਼ਤਰੀ ਪੈਸੇ ਚੋਂ ਖਰੀਦੇ ਕੁਝ ਡਿਸਪੋਜ਼ਲ ਅਤੇ ਪੈਕਟ ਨਮਕੀਨ ਦਾ ਬਚਿਆ ਸੀ, ਜੋ ਦਫ਼ਤਰੀ ਪੈਸੇ ਦੀ ਸਾਰਥਕਤਾ ਲਈ ਉਹਨਾਂ ਦੀ ਸਹਿਮਤੀ ਨਾਲ ਦੂਜੇ ਦਫ਼ਤਰ ਭੇਜ ਦਿੱਤਾ ਸੀ ਅਤੇ ਉਸਤੋਂ ਕਿਤੇ ਵੱਧ ਪੈਸਿਆਂ ਦੀ ਟ੍ਰੀਟ ਉਹਨਾਂ ਨੂੰ ਆਪਣੇ ਪੱਲਿਓ ਦੇ ਕੇ ਆਇਆ ਹੈ ਤੇ ਜਿੱਥੋਂ ਤੱਕ ਪ੍ਰੋਗਰਾਮ ਦੀ ਗੱਲ ਸੀ ਉੱਚ ਅਧਿਕਾਰੀ ਤੋਂ ਖਰਚਾ ਜ਼ਿਆਦਾ ਹੋਣ ਤੇ ਕਲਾਸ ਵੀ ਲੱਗ ਚੁੱਕੀ ਸੀ ਤੇ ਪ੍ਰੋਗਰਾਮ ਵਿੱਚ ਨਿਰਧਾਰਿਤ ਸ਼ਮੂਲੀਅਤ ਦੀ ਪੰਜਾਹ ਫੀਸਦੀ ਵੀ ਨਾ ਹੋਣ ਤੇ ਅਸਫ਼ਲ ਕਰਾਰ ਦੇ ਦਿੱਤਾ ਗਿਆ ਸੀ ਜੋ ਕਿ ਸਿਰਫ਼ ਬਲਕਾਰ ਨੂੰ ਹੀ ਪਤਾ ਸੀ ਅਤੇ ਮੈਡਮ ਦੇ ਬੋਲ ਬਲਕਾਰ ਦੀ ਦਫ਼ਤਰੀ ਇਮਾਨਦਾਰੀ ਦੀ ਸਜ਼ਾ ਦਿੰਦੇ ਮਹਿਸੂਸ ਹੋ ਰਹੇ ਸਨ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜਵਾਲ (ਧੂਰੀ)
ਜ਼ਿਲਾ ਸੰਗਰੂਰ (ਪੰਜਾਬ)
92560-66000

print
Share Button
Print Friendly, PDF & Email