ਸਪਿੰਨਰ ਡਿਵਾਈਸ : ਨਿਆਣਿਆਂ ਨੂੰ ਨਵੀਂ ਬਿਮਾਰੀ ਚਿੰਬੜੀ

ss1

ਸਪਿੰਨਰ ਡਿਵਾਈਸ : ਨਿਆਣਿਆਂ ਨੂੰ ਨਵੀਂ ਬਿਮਾਰੀ ਚਿੰਬੜੀ

ਪੱਛਮ ਦੀ ਇਕ ਕੈਥਰੀਨ ਹੇਟਿਗਰ ਨਾਮ ਦੀ ਔਰਤ ਨੇ ਕਈ ਢਾਈ ਕੁ ਦਹਾਕੇ ਪਹਿਲਾਂ ਛੋਟੇ ਤੇ ਅੱਲੜ ਉਮਰ ਦੇ ਇਲਤੀ ਦਿਮਾਗ ਵਾਲੇ ਬੱਚਿਆਂ ਨੂੰ ਰੁੱਝੇ ਰੱਖਣ ਲਈ ਇਕ ਡਿਵਾਇਸ ਦੀ ਖੋਜ ਕੀਤੀ ਸੀ। ਉਦੋਂ ਉਸ ਦੇ ਚਿੱਤ ਚੇਤੇ ਵੀ ਨਹੀਂ ਸੀ ਕਿਸੇ ਮੋੜ ‘ਤੇ ਆ ਕੇ ਬੱਚਿਆਂ ਦਾ ਇਲਤਾਂ ਕਰਨ ਤੋਂ ਧਿਆਨ ਲਾਂਭੇ ਕਰਨ ਵਾਸਤੇ ਬਣਾਈ ਗਈ ਉਸਦੀ ਡਿਵਾਈਸ ਖੁਦ ਹੀ ਇਕ ਬਿਮਾਰੀ ਬਣ ਜਾਵੇਗੀ।

ਇਸ ਡਿਵਾਇਸ ਨੂੰ ਫਿਜੇਟ ਸਪਿੰਨਰ ਡਿਵਾਈਸ ਕਿਹਾ ਜਾਦਾ ਹੈ, ਜਿਸ ਦੀ ਦੀਵਾਨੀ ਬੱਚਿਆਂ ਦੀ ਨਵੀਂ ਪਨੀਰੀ ਇਸ ਕਦਰ ਹੋ ਰਹੀ ਹੈ ਕਿ ਇਸ ਨੂੰ ਪਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।  ਸਿਹਤ ਮਾਹਰਾਂ ਮੁਤਾਬਕ ਇਸ ਦਾ ਇਸਤੇਮਾਲ ਨਸ਼ੇ ਦੀ ਹੱਦ ਤੱਕ ਵਧ ਚੁੱਕਾ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਬੱਚੇ ਹੀ ਨਹੀਂ ਕਈ ਵੱਡੇ ਵੀ ਇਸ ਦੇ ਚੁੰਗਲ ਵਿੱਚ ਫਸ ਗਏ ਹਨ। ਇਹ ਇੱਕ ਚੱਕਰੀਨੁਮਾ ਯੰਤਰ ਹੈ ਜਿਸ ਦੇ ਐਨ ਵਿਚਕਾਰ ਇਕ ਬਟਨ ਲੱਗਿਆ ਹੋਇਆ ਹੈ। ਇਸ ਨੂੰ ਦੱਬਣ ਨਾਲ ਬੱਸ ਚੱਕਰੀ ਘੁੰਮਦੀ ਰਹਿੰਦੀ ਹੈ। ਬੱਚਿਆਂ ਨੇ ਇਸ ਨਾਲ ਖੇਡਣ ਦੇ ਬਹੁਤ ਸਾਰੇ ਤਰੀਕੇ ਈਜ਼ਾਦ ਕਰ ਲਏ ਹਨ।

ਬੱਚਿਆਂ ਚ ਇਸ ਨੁੰ ਦਿਨ ਰਾਤ ਘੁੰਮਾਉਂਦੇ ਰਹਿਣ ਦੀ ਅਜਿਹੀ ਆਦਤ ਪਈ ਹੈ ਕਿ ਸਕੂਲਾਂ ਚ ਅਧਿਆਪਕਾਂ ਦੇ ਨਾਲ ਨਾਲ ਘਰਾਂ ਚ ਮਾਪੇ ਪ੍ਰੇਸ਼ਾਨ ਹੋ ਕੇ ਰਹਿ ਗਏ ਹਨ। ਬੱਚੇ ਹਰ ਕੰਮ ਛੱਡ ਕੇ ਇਸ ਨੂੰ ਘੁੰਮਾਉਂਦੇ ਰਹਿੰਦੇ ਹਨ। ਪੱਛਮ ਦੇ ਕਈ ਸਕੂਲਾਂ ਵਿੱਚ ਇਸ ‘ਤੇ ਪਾਬੰਦੀ ਲਗਾ ਦਿਤੀ ਗਹੀ ਹੈ। ਇਸ ‘ਤੇ ਪਾਬੰਦੀ ਲਾਉਣ ਵਾਲੇ ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਯੰਤਰ ਇਕਾਗਰਤਾ ਵਧਾਉਣ ਦੀ ਬਜਾਏ ਉਲਟਾ ਭੰਗ ਕਰ ਰਿਹਾ ਹੈ। ਇਸ ਨਾਲ ਬੱਚਿਆਂ ਦੀ ਇਕਾਗਰਤਾ ਪੜ੍ਹਾਈ ਤੋਂ ਖਿਸਕ ਕੇ ਖਿਡਾਉਣਿਆਂ ਵਿੱਚ ਸਿਮਟ ਗਈ ਹੈ।

ਉਧਰ ਇਸ ਡਿਵਾਇਸ ਦੀ ਖ਼ੋਜੀ ਕੈਥਰੀਨ ਹੇਟਿਗਰ ਨੇ ਦੱਸਿਆ ਕਿ ਇਸ ਨੂੰ ਬਣਾਉਣ ਦੀ ਮਨਸ਼ਾ ਅਜਿਹੀ ਨਹੀ਼ ਸੀ। ਮਨੀ ਮੈਗਜ਼ੀਨ ਨੂੰ ਇੰਟਰਵਿਊ ਵਿੱਚ ਹੇਟਿਗਰ ਨੇ ਦੱਸਿਆ ਕਿ ਫਿਜੇਟ ਸਪਿੰਨਰ ਦਾ ਆਈਡੀਆ ਬੱਚਿਆਂ ਨੂੰ ਸ਼ਰਾਰਤਾਂ ਤੋਂ ਦੂਰ ਰੱਖਣ ਦਾ ਸੀ ਨਾ ਕਿ ਕਿਸੇ ਕਿਸਮ ਦੀ ਦਿਮਾਗ਼ੀ ਕਸਰਤ ਜਾਂ ਚਿੰਤਾ ਮਿਟਾਉਣ ਲਈ ਸੀ। ਉਸ ਨੇ ਇੰਟਰਵਿਊ ਵਿੱਚ ਦੱਸਿਆ ਕਿ ਉਹ ਇਕ ਵਾਰ ਇਸਰਾਈਲ ਗਈ ਸੀ। ਉੱਥੇ ਉਸ ਨੇ ਦੇਖਿਆ ਕਿ ਕੁਝ ਸ਼ਰਾਰਤੀ ਬੱਚੇ ਪੁਲਿਸ ਉੱਤੇ ਪੱਥਰ ਸੁੱਟ ਕੇ ਆਪਣਾ ਮਨੋਰੰਜਨ ਕਰ ਰਹੇ ਸਨ। ਉਸ ਨੇ ਸੋਚਿਆ ਕਿ ਕਿਉਂ ਨਾ ਬੱਚਿਆਂ ਨੂੰ ਕੋਈ ਅਜਿਹੀ ਚੀਜ਼ ਦਿੱਤੀ ਜਾਵੇ ਜਿਸ ਨਾਲ ਬੱਚਿਆਂ ਦੇ ਹੱਥਾਂ ਵਿੱਚੋਂ ਪੱਥਰਾਂ ਦਾ ਖਹਿੜਾ ਛੁੱਟ ਜਾਵੇ। ਉਸ ਨੇ ਇਹ ਡਿਵਾਈਸ ਸ਼ਾਂਤੀ ਸਥਾਪਤ ਕਰਨ ਲਈ ਖੋਜੀ ਸੀ ਨਾਂ ਕਿ ਮਾਨਸਿਕ ਸ਼ਾਂਤੀ ਲਈ।

ਕੈਥਰੀਨ ਹੇਟਿਗਰ ਨੇ ਇਹ ਵੀ ਕਿਹਾ ਕਿ ਇਸ ਡਿਵਾਇਸ ਦੇ ਦੁਰਪ੍ਰਭਾਵਾਂ ਲਈ ਬਾਜ਼ਾਰ ਦੀ ਮੁਨਾਫਾ ਕਮਾਉਣ ਵਾਸਤੇ ਚੀਜ਼ਾਂ ਦੀਆਂ ਝੂਠੀਆਂ ਖੂਬੀਆਂ ਪ੍ਰਚਾਰਨ ਵਾਲੀ ਸੋਚ ਜ਼ਿੰਮੇਵਾਰ ਹੈ। ਜ਼ਿਕਰਯੋਗ ਹੈ ਕਿ ਆਨਲਾਈਨ ਸੇਲ ਵੈੱਬਸਾਈਟ ਅਮੇਜਨ ‘ਤੇ ਤਾਂ ਇਸ ਨੂੰ ਫਿਕਰ ਦੂਰ ਕਰਨ ਦਾ ਰਾਮਬਾਣ ਇਲਾਜ ਦੱਸ ਕੇ ਵੇਚਿਆ ਜਾ ਰਿਹਾ ਹੈ ਪਰ ਇਸ ਦੀ ਸਚਾਈ ਅਜਿਹੀ ਬਿਲਕੁਲ ਹੀ ਨਹੀਂ ਹੈ।ਇਸ ਨਾਲ ਇਲਾਜ ਦੇ ਸਾਰੇ ਦਾਅਵੇ ਖੋਖਲੇ ਹਨ। ਇਸ ਤਰ੍ਹਾਂ ਆਨਲਾਈਨ ਸਾਈਟਾਂ ਲੋਕਾਂ ਨੂੰ ਸ਼ਰੇਆਮ ਮੂਰਖ ਬਣਾ ਰਹੀਆਂ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *