ਹਕੀਕਤ

ss1

ਹਕੀਕਤ

ਮੈਂ ਤੇ ਮੇਰੀ ਭਾਣਜੀ ਸਹਿਜ ਸ਼ਾਮ ਨੂੰ ਰੋਟੀ ਖਾਣੀ ਸ਼ੁਰੂ ਹੀ ਕਰ ਰਹੇ ਸੀ ਕਿ ਅਚਾਨਕ ਸਹਿਜ ਨੇ ਮੈਨੂੰ ਇੱਕ ਸਵਾਲ ਕਰਿਆ। ਕਹਿੰਦੀ ਮਾਸੀ ਥੋਡਾ ਡੈਡੀ ਕਿੱਥੇ ਆ? ਇਹ ਸਵਾਲ ਸੁਣ ਕੇ ਮੇਰੇ ਝੱਟ ਦੇਣੇ ਮਨਜੋਤ ਯਾਦ ਆ ਗਈ। ਜੋ ਮੇਰੇ ਕੋਲ ਟਿਊਸ਼ਨ ਪੜ੍ਹਦੀ ਸੀ। ਉਸਨੇ ਵੀ ਇਹ ਪ੍ਰਸ਼ਨ ਮੈਨੂੰ ਕਈ ਬੱਚਿਆਂ ਵਿੱਚ ਪੁੱਛ ਲਿਆ ਸੀ।  ਉਸਨੂੰ ਤਾਂ ਮੈਂ ਕਹਿ ਦਿੱਤਾ ਸੀ ਕਿ ਰਾਜੇ ਘਰ ਜਾ ਕੇ ਆਪਣੀ ਮੰਮੀ ਤੋਂ ਪੁੱਛ ਲੈਣਾ।
ਪਰ ਸਹਿਜ ਨੂੰ ਕੀ ਕਹਿੰਦੀ।  ਮੈਂ ਰਸੋਈ ‘ਚ ਰੋਟੀ ਬਣਾ ਰਹੀ ਮਾਂ ਵੱਲ ਇਸ਼ਾਰਾ ਕਰਦੇ ਹੋਏ , ਮੂੰਹ ‘ਤੇ ਉਂਗਲ ਰੱਖ ਕੇ ਸਹਿਜ ਨੂੰ ਚੁੱਪ ਕਰਨ ਲਈ ਕਿਹਾ। ਮੈਂ ਕਿਹਾ ਕਿ ਬੇਟੇ ਮੈਂ ਤੈਨੂੰ ਰੋਟੀ ਖਾ ਕੇ ਦੱਸਾਂਗੀ। ਪਰ ਤੂੰ ਤੇਰੀ ਨਾਨੀ ਸਾਹਮਣੇ ਕੁੱਝ ਨਾ ਪੁਛੀਂ। ਸਹਿਜ ਨੇ ਹਾਂ ‘ਚ ਸਿਰ ਹਿਲਾਇਆ,ਤੇ ਅਸੀਂ ਦੋਨੋ ਰੋਟੀ ਖਾਣ ਲੱਗ ਗਏ। ਜਦੋਂ ਰੋਟੀ ਖਾ ਕੇ ਹਟੇ ਤਾਂ ਮੰਮੀ ਨੇ ਮੈਨੂੰ ਅਵਾਜ ਮਾਰ ਕੇ ਕਿਹਾ ਕਿ ਤੇਰੇ ਤਾਏ ਕੇ ਘਰੋਂ ਦੁੱਧ ਪਵਾ ਲਿਆ। ਮੈਂ ਦੁੱਧ  ਪਵਾਉਣ ਲਈ ਡੋਲੂ ਧੋਣ ਲੱਗੀ ਤਾਂ ਸਹਿਜ ਫਿਰ ਮੇਰੇ ਪਿੱਛੇ ਚਲੀ ਗਈ। ਸਹਿਜ ਕਹਿੰਦੀ, “ਮਾਸੀ ਜੀ ਹੁਣ ਤਾਂ ਦੱਸ ਦਿਓ ਥੋਡੇ ਡੈਡੀ ਕਿੱਥੇ ਆ” ? ਮੈਂ ਸੋਚਣ ਲੱਗ ਗਈ ਕਿ ਜੇਕਰ ਦੱਸ ਵੀ ਦਿੱਤਾ ਤਾਂ ਕੀ ਅੱਠ ਸਾਲ ਦੀ ਬੱਚੀ ਇਨ੍ਹਾਂ ਗੱਲਾਂ ਨੂੰ ਸਮਝ ਸਕੇਗੀ ?
ਉਦੋਂ ਨੂੰ ਸਹਿਜ ਨੇ ਫਿਰ ਆਪਣਾ ਸਵਾਲ ਦੁਹਰਾ ਦਿੱਤਾ।
ਫਿਰ ਮੈਂ ਕਿਹਾ ਕਿ ਸਹਿਜ ਜਦੋਂ ਤੇਰੇ ਮੰਮੀ ਤੇਰੀ  ਨਿੱਕੀ ਭੈਣ ਰਵੀ ਜਿੱਡੇ ਸੀ। ਉਦੋਂ ਤੇਰੇ ਨਾਨੇ ਨੂੰ ਪੁਲਿਸ ਫੜ ਕੇ ਲੈ ਗਈ ਸੀ। ਸਹਿਜ ਨੇ ਬੜੀ ਮਸੂਮੀਅਤ ਨਾਲ ਪੁੱਛਿਆ ‘ਕਿਉਂ ਮਾਸੀ ਜੀ , ਉਹਨਾਂ ਨੇ ਕੋਈ ਗ਼ਲਤੀ ਕੀਤੀ ਸੀ’ ?
ਮੈਂ ਕਿਹਾ ਨਹੀਂ ਬੇਟਾ ਕੋਈ ਗ਼ਲਤੀ ਨਹੀਂ ਸੀ ਕੀਤੀ। ਉਦੋਂ ਪੁਲਿਸ ਬਿਨਾ ਗ਼ਲਤੀ ਤੋਂ ਹੀ ਫੜ ਕੇ ਲੈ ਜਾਂਦੀ ਸੀ। ਐਨਾ ਕਹਿ ਕੇ ਮੈਂ ਤਾਏ ਕੇ ਘਰ ਦੁੱਧ ਪਵਾਉਣ ਚਲੀ ਗਈ। ਸਹਿਜ ਉਥੇ ਵੀ ਮੇਰੇ ਪਿੱਛੇ ਚਲੀ ਗਈ। ਉਹ ਇਸ ਤਰ੍ਹਾਂ ਉਲਝੀ ਹੋਈ ਜਾਪ ਰਹੀ ਸੀ ਜਿਵੇਂ ਬਹੁਤ ਸਾਰੇ ਸਵਾਲ ਉਸਨੂੰ ਤੰਗ ਕਰ ਰਹੇ ਹੋਣ ਜਾਂ ਜਿਵੇਂ ਉਸ ਹੱਥ ਕੋਈ ਵੱਡਾ ਰਾਜ ਲੱਗ ਗਿਆ ਹੋਵੇ, ਜਿਸਨੂੰ ਹੋਰ ਡੂੰਘਾਈ ‘ਚ ਜਾਨਣ ਦੀ ਉਸਦੀ ਜਗਿਆਸਾ ਵਧ ਰਹੀ ਸੀ।
ਮੈਂ ਦੁੱਧ ਲਿਆ ਕੇ ਗਰਮ ਕਰਨਾ ਸ਼ੁਰੂ ਕਰ ਦਿੱਤਾ। ਰਸੋਈ ‘ਚ ਆ ਕੇ ਸਹਿਜ ਹੌਲੀ ਜਿਹੀ  ਬੋਲੀ ,ਮਾਸੀ ਕੀ ਥੋਡੇ ਡੈਡੀ ਨੂੰ ਪੁਲਿਸ ਵਾਲਿਆਂ ਨੇ ਮਾਰ ਦਿੱਤਾ ? ਮੈਂ ਕਿਹਾ ਪਤਾ ਨੀ ਬੇਟੇ ਇਸ ਗੱਲ ਦਾ ਤਾਂ।
ਸਹਿਜ ਕੁੱਝ ਦੇਰ ਲਈ ਚੁੱਪ ਹੋ ਗਈ। ਮੈਂ ਕਮਰੇ ‘ਚ ਆ ਕੇ ਆਪਣੇ ਮੰਜੇ ‘ਤੇ ਪੈ ਗਈ। ਸਹਿਜ ਮੇਰੇ ਨਾਲ ਆ ਕੇ ਪੈ ਗਈ ।
ਸਹਿਜ ਬੋਲੀ ਮਾਸੀ ਫਿਰ ਪੁਲਿਸ ਵਾਲੇ ਫ਼ੋਨ ‘ਤੇ ਗੱਲ ਤਾਂ ਕਰਵਾ ਦਿੰਦੇ ਹੋਣਗੇ। ਮੈਂ ਕਿਹਾ ਨਹੀਂ ਬੇਟੇ ਕੋਈ ਗੱਲ ਨਹੀਂ ਸੀ ਕਰਵਾਉਂਦੇ ਤੇ ਨਾ ਹੀ ਉਦੋਂ ਆਪਣੇ ਫ਼ੋਨ ਹੁੰਦੇ ਸੀ। ਫਿਰ ਮਾਸੀ ਮਿਲਣ ਤਾਂ ਦੇ ਦਿੰਦੇ ਹੋਣਗੇ ‘? ਸਹਿਜ ਨੇ ਝੱਟ ਕਿਹਾ …..ਮੈਂ ਕਿਹਾ, ਨਹੀਂ ਮਿਲਣ ਵੀ ਨਹੀਂ ਦਿੰਦੇ ਸੀ। ਇੱਕ ਵਾਰ ਵੀ ਮਿਲਣ ਨਹੀਂ ਦਿੱਤਾ।
ਸਹਿਜ ਬੋਲੀ ਮਾਸੀ ਫਿਰ ਮੋਦੀ ਨੂੰ ਦੱਸ ਦਿੰਦੇ ਓਹੋ ਪੁਲਿਸ ਵਾਲਿਆਂ ਨੂੰ ਰੋਕ ਦਿੰਦਾ। ਇਸ
ਗੱਲ ‘ਤੇ ਮੈਂ ਕੋਈ ਉੱਤਰ ਨਾ ਦਿੱਤਾ। ਫਿਰ  ਕਹਿੰਦੀ ਮਾਸੀ ਪੁਲਿਸ ਕਿੱਥੋਂ ਦੀ ਸੀ? ਮੈਂ ਕਿਹਾ  ਹੰਡਿਆਇਆ ਦੀ ਸੀ। ਫਿਰ ਕਹਿੰਦੀ ਹੁਣ ਤਾਂ ਉਹ ਪੁਲਿਸ ਵਾਲੇ ਮਰ ਗਏ ਹੋਣਗੇ ਜਾਂ ਬੁੜ੍ਹੇ ਹੋ ਗਏ ਹੋਣਗੇ। ਮੈਂ ਹਾਂ ‘ਚ ਸਿਰ ਹਿਲਾਇਆ।
ਫਿਰ ਸਹਿਜ ਪੂਰੇ ਗੁੱਸੇ ਵਿਚ ਆ ਗਈ ਤੇ ਬੋਲੀ ,’ ਮਾਸੀ ਮੇਰਾ ਜੀਅ ਕਰਦਾ ਸਾਰੇ ਪੁਲਿਸ ਵਾਲਿਆਂ ਨੂੰ ਮਾਰ ਦੇਵਾਂ, ਇਕੱਲੀ ਥੋਡੀ ਸਹੇਲੀ ਸੋਨੀ ਨੂੰ ਛੱਡ ਕੇ।
ਪੁਲਿਸ ਵਾਲੇ ਹੋਣੇ ਹੀ ਨਹੀਂ ਚਾਹੀਦੇ। ਮੈਂ ਕਿਹਾ ਬੇਟਾ ਏਦਾਂ ਨਹੀਂ ਬੋਲੀਦਾ, ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀਂ ਹੁੰਦੇ। ਫਿਰ ਥੋੜ੍ਹਾ ਸਮਾਂ ਕੁਝ  ਸੋਚਣ ਬਾਅਦ ਕਹਿੰਦੀ, ਮਾਸੀ ਤੁਸੀਂ ਬਦਲਾ ਲੈ
ਲਵੋ , ਜਿਵੇਂ ਟੈਲੀਵਿਜਨ ‘ਚ ਇੱਕ ਫਿਲਮ ‘ਚ , ਜਦੋਂ ਇੱਕ ਮੁੰਡਾ ਨਿੱਕਾ ਹੁੰਦਾ ਤਾਂ ਅੰਗਰੇਜ਼ ਉਹਦੇ ਡੈਡੀ ਨੂੰ ਮਾਰ ਦਿੰਦੇ ਆ। ਫਿਰ ਉਹ ਵੱਡਾ ਹੋ ਕੇ ਬਦਲਾ ਲੈਂਦਾ। ਮੈਂ ਕਿਹਾ ਬੇਟੇ ਫ਼ਿਲਮਾਂ ਤੇ ਹਕੀਕਤ ‘ਚ ਬਹੁਤ ਫਰਕ ਹੁੰਦਾ। ਮੈਂ ਮਨ ਹੀ ਮਨ ਸੋਚ ਰਹੀ ਸੀ ਕਿ ਅੱਠ ਸਾਲ ਦਾ ਬੱਚਾ ਛੋਟਾ ਨਹੀਂ ਹੁੰਦਾ। ਬੱਚੇ ਦੇ ਦਿਲ ‘ਚ ਬਹੁਤ ਸਵਾਲ ਉੱਠਦੇ ਹਨ। ਆਪਣਿਆਂ ਨੂੰ ਖੋਣ ਦਾ ਦੁੱਖ ਤੇ ਨਾਇਨਸਾਫ਼ੀ ਦਿਲਾਂ ਨੂੰ ਵਿਦ੍ਰੋਹੀ ਬਣਾ ਦਿੰਦੀ ਹੈ।
ਇਹ ਸੋਚਦਿਆਂ ਜਦੋਂ ਮੈਂ ਸਹਿਜ ਵੱਲ ਮੂੰਹ ਭਮਾਇਆ ਤਾਂ ਓਹੋ ਸੌਂ ਚੁੱਕੀ ਸੀ। ਮੈਂ ਹੈਰਾਨ ਸੀ ਕਿ ਰੋਜ ਗੇਮ ਖੇਡਣ ਲਈ ਮੋਬਾਇਲ ਮੰਗਣ ਲਈ ਜਿੱਦ ਕਰਨ ਵਾਲੀ ਸਹਿਜ ਅੱਜ ਬਿਨਾ ਗੇਮ ਖੇਡਿਆਂ ਕਿਵੇਂ ਸੌਂ ਗਈ।

ਹਰਪ੍ਰੀਤ ਕੌਰ ਘੁੰਨਸ 
ਮੋ :97795-20194

print
Share Button
Print Friendly, PDF & Email

Leave a Reply

Your email address will not be published. Required fields are marked *