ਰਾਜਮਾਤਾ ਨਮਿੱਤ ਅੰਤਿਮ ਅਰਦਾਸ ਮੌਕੇ ਕੈਪਟਨ ਅਮਰਿੰਦਰ ਸਿੰਘ ਨਾਲ ਡਾ. ਮਨਮੋਹਨ ਸਿੰਘ, ਗੁਲਾਮ ਨਬੀ ਆਜ਼ਾਦ ਤੇ ਸੁਖਬੀਰ ਬਾਦਲ ਨੇ ਸ਼ਮੂਲੀਅਤ ਕੀਤੀ

ss1

ਰਾਜਮਾਤਾ ਨਮਿੱਤ ਅੰਤਿਮ ਅਰਦਾਸ ਮੌਕੇ ਕੈਪਟਨ ਅਮਰਿੰਦਰ ਸਿੰਘ ਨਾਲ ਡਾ. ਮਨਮੋਹਨ ਸਿੰਘ, ਗੁਲਾਮ ਨਬੀ ਆਜ਼ਾਦ ਤੇ ਸੁਖਬੀਰ ਬਾਦਲ ਨੇ ਸ਼ਮੂਲੀਅਤ ਕੀਤੀ
ਨਿਊ ਮੋਤੀ ਬਾਗ ਪੈਲੇਸ ਵਿੱਚ ਸ਼ਬਦ ਕੀਰਤਨ ਤੇ ਅੰਤਿਮ ਅਰਦਾਸ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ

ਪਟਿਆਲਾ, 30 ਜੁਲਾਈ(ਦਇਆ ਸਿੰਘ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਰਾਜਮਾਤਾ ਮਹਿੰਦਰ ਕੌਰ ਨਮਿੱਤ ਭੋਗ ਦੀ ਰਸਮ ਮੌਕੇ ਵਿਛੜੀ ਰੂਹ ਦੀ ਅਰਦਾਸ ਲਈ ਅੱਜ ਦੁਪਹਿਰ ਨਿਊ ਮੋਤੀ ਬਾਗ ਪੈਲੇਸ ਵਿੱਚ ਸ਼ਬਦ ਕੀਰਤਨ ਦੇ ਪ੍ਰਵਾਹ ਦੌਰਾਨ ਹਜ਼ਾਰਾਂ ਲੋਕ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਕੱਤਰ ਹੋਏ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਮੰਤਰੀ ਵਿਜੇ ਸਾਂਪਲਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਸਮੇਤ ਅਨੇਕਾਂ ਪਤਵੰਤੇ ਰਾਜਮਾਤਾ ਦੀ ਅੰਤਿਮ ਅਰਦਾਸ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੇ ਪਰਿਵਾਰ ਨਾਲ ਸ਼ਰੀਕ ਹੋਏ।
ਰਾਜਮਾਤਾ ਨਮਿੱਤ ਅੰਤਿਮ ਅਰਦਾਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ ਕਈ ਉੱਘੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ। ਇਸ ਮੌਕੇ ਧਾਰਮਿਕ ਆਗੂ, ਪੰਜਾਬ ਵਜ਼ਾਰਤ ਦੇ ਮੰਤਰੀਆਂ, ਐਮ.ਪੀਜ ਕਾਂਗਰਸੀ ਵਿਧਾਇਕਾਂ ਤੇ ਵਰਕਰਾਂ, ਪੁਲਿਸ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਅਤੇ ਹਰੇਕ ਵਰਗ ਦੇ ਲੋਕਾਂ ਨੇ ਰਾਜਮਾਤਾ ਨੂੰ ਸ਼ਰਧਾਂਜਲੀ ਦੇਣ ਲਈ ਸ਼ਮੂਲੀਅਤ ਕੀਤੀ।
ਰਾਜਮਾਤਾ ਜੋ ਇਕ ਉੱਘੀ ਸ਼ਖਸੀਅਤ ਹੋਣ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਅਤੇ ਆਪਣੇ ਜੀਵਨ ਦੇ ਆਖਰੀ ਸਾਹਾਂ ਤੱਕ ਪਰਉਪਕਾਰੀ ਕਾਰਜਾਂ ਨੂੰ ਸਮਰਪਿਤ ਰਹੇ, ਦੀ ਯਾਦ ਵਿੱਚ ਉੱਘੇ ਰਾਗੀ ਜਥਿਆਂ ਨੇ ਸ਼ਬਦ ਕੀਰਤਨ ਸਰਵਣ ਕੀਤਾ।
ਸਮਾਗਮ ਦੌਰਾਨ ਪਟਿਆਲਾ ਰਾਜ ਘਰਾਣੇ ਦੇ ਮੈਂਬਰਾਂ ਨੇ ਆਖਿਆ ਕਿ ਰਾਜਮਾਤਾ ਦੇ ਚੱਲ ਵਸਣ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ। ਸਮਾਜ ਦੇ ਵੱਖ-ਵੱਖ ਵਰਗਾਂ ਦੇ ਭਲੇ ਲਈ ਪਾਏ ਯੋਗਦਾਨ ਨੂੰ ਚੇਤੇ ਕਰਦਿਆਂ ਰਾਜਮਾਤਾ ਦੇ ਪਰਿਵਾਰਕ ਮੈਂਬਰਾਂ ਅਤੇ ਸਕੇ-ਸਬੰਧੀਆਂ ਨੇ ਉਨਾਂ ਨੂੰ ਪ੍ਰੇਰਨਾਮਈ ਸ਼ਖਸੀਅਤ ਦੱਸਿਆ ਜਿਨਾਂ ਵੱਲੋਂ ਦੱਬੇ-ਕੁਚਲੇ ਵਰਗਾਂ ਦੀ ਭਲਾਈ ਲਈ ਪਾਇਆ ਯੋਗਦਾਨ ਸਦਾ ਚੇਤਿਆਂ ਵਿੱਚ ਵਸਿਆ ਰਹੇਗਾ।
ਮੁਲਕ ਦੀ ਵੰਡ ਦੇ ਸੰਤਾਪ ਦੌਰਾਨ ਬੇਘਰ ਹੋਈਆਂ ਲੜਕੀਆਂ ਦੀ ਭਲਾਈ ਲਈ ਰਾਜਮਾਤਾ ਵੱਲੋਂ ਕੀਤੀ ਮਦਦ ਨੂੰ ਯਾਦ ਕਰਦਿਆਂ ਵੱਖ-ਵੱਖ ਸ਼ਖਸੀਅਤਾਂ ਨੇ ਆਖਿਆ ਕਿ ਰਾਜਮਾਤਾ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਅਤੇ ਮਾਨਵੀ ਪਹੁੰਚ ਸਦਕਾ ਹੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਨਾਂ ਨੂੰ ਇਹ ਮਹੱਤਵਪੂਰਨ ਤੇ ਨਾਜ਼ੁਕ ਕਾਰਜ ਸੌਂਪਿਆ ਸੀ।
ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਰਾਜਮਾਤਾ ਨੂੰ ਬਹੁ-ਪੱਖੀ ਸ਼ਖਸੀਅਤ ਕਰਾਰ ਦਿੱਤਾ ਜਿਨਾਂ ਨੇ ਰਾਜ ਸਭਾ ਅਤੇ ਲੋਕ ਸਭਾ ਮੈਂਬਰ ਵਜੋਂ ਸਰਗਰਮ ਸਿਆਸੀ ਜੀਵਨ ਦੀ ਵਾਗਡੋਰ ਸੰਭਾਲੀ ਸੀ। ਉਨਾਂ ਆਖਿਆ ਕਿ ਔਰਤਾਂ ਲਈ ਵੱਧ ਅਧਿਕਾਰ ਅਤੇ ਸਮਾਜ ਦੇ ਗਰੀਬ ਤਬਕਿਆਂ ਨੂੰ ਆਸਰਾ ਦੇਣ ਲਈ ਰਾਜਮਾਤਾ ਦਾ ਮਿਸਾਲੀ ਯੋਗਦਾਨ ਮੌਜੂਦਾ ਸਮਿਆਂ ਦੇ ਲੀਡਰਾਂ ਲਈ ਪ੍ਰੇਰਨਾ ਦਾ ਸਰੋਤ ਹੈ।
ਸ਼੍ਰੀ ਆਜ਼ਾਦ ਨੇ ਆਖਿਆ ਕਿ ਰਾਜਮਾਤਾ ਨੇ ਪਦਾਰਥਵਾਦੀ ਲਾਭਾਂ ਦੀ ਬਜਾਏ ਜਨਤਕ ਸਰੋਕਾਰਾਂ ਨੂੰ ਵੱਧ ਤਰਜੀਹ ਦਿੱਤੀ ਜੋ ਉਨਾਂ ਦੇ ਲੋਕਾਂ ਪ੍ਰਤੀ ਪਿਆਰ ਨੂੰ ਦਰਸਾਉਂਦਾ ਹੈ। ਉਨਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਸ਼ੋਕ ਸੰਦੇਸ਼ ਵੀ ਕੈਪਟਨ ਅਮਰਿੰਦਰ ਸਿੰਘ ਤੇ ਪਰਿਵਾਰ ਨਾਲ ਸਾਂਝੇ ਕੀਤੇ।
ਰਾਜਮਾਤਾ ਨੂੰ ਸ਼ਰਧਾ ਦੇ ਫੁਲ ਭੇਂਟ ਕਰਦਿਆਂ ਸੁਖਬੀਰ ਬਾਦਲ ਨੇ ਆਖਿਆ ਕਿ ਉਹ ਇਕ ਨੇਕ ਰੂਹ ਸਨ। ਉਨਾਂ ਨੇ ਸਮਾਜ ਦੇ ਹਰੇਕ ਵਰਗ ਖਾਸ ਕਰਕੇ ਗਰੀਬ ਤੋਂ ਵੀ ਗਰੀਬ ਵਰਗ ਦੀ ਸੇਵਾ ਲਈ ਰਾਜਮਾਤਾ ਦੀ ਦ੍ਰਿੜ ਵਚਨਬੱਧਤਾ, ਸ਼ਰਧਾ ਅਤੇ ਸਮਰਪਣ ਭਾਵਨਾ ਨੂੰ ਚੇਤੇ ਕੀਤਾ।
ਸ੍ਰੀ ਖਹਿਰਾ ਨੇ ਆਖਿਆ ਕਿ ਮਾਂ ਦੀ ਮੌਤ ਨਾਲ ਪੈਦਾ ਹੁੰਦਾ ਖਲਾਅ ਪੂਰਿਆ ਨਹੀਂ ਜਾ ਸਕਦਾ ਕਿਉਂਕਿ ਕੋਈ ਵੀ ਹੋਰ ਵਿਅਕਤੀ ਇਸ ਰਿਸ਼ਤੇ ਦਾ ਬਦਲ ਨਹੀਂ ਬਣ ਸਕਦਾ।
ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਪ੍ਰਧਾਨ ਸ਼੍ਰੀ ਵਿਜੇ ਸਾਂਪਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੱਲੋਂ ਦੁੱਖ ਸਾਂਝਾ ਕੀਤਾ। ਉਨਾਂ ਆਖਿਆ ਕਿ ਰਾਜਮਾਤਾ ਇਕ ਪਵਿੱਤਰ ਆਤਮਾ ਅਤੇ ਮਹਾਨ ਸਮਾਜ ਸੁਧਾਰਕ ਸਨ। ਉਨਾਂ ਆਖਿਆ ਕਿ ਰਾਜਮਾਤਾ ਨੇ ਜਨਤਕ ਜੀਵਨ ਵਿੱਚ ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ਰਾਹੀਂ ਪ੍ਰੇਰਿਤ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਰਾਜਮਾਤਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਇਕ ਆਦਰਸ਼ ਮਾਤਾ ਅਤੇ ਮਹਾਨ ਸ਼ਖਸੀਅਤ ਦੱਸਿਆ ਜਿਨਾਂ ਨੇ ਆਪਣਾ ਸਮੁੱਚਾ ਜੀਵਨ ਲੋਕ ਸੇਵਾ ਨੂੰ ਸਮਰਪਿਤ ਕਰ ਦਿੱਤਾ। ਉਨਾਂ ਨੇ ਮੁਲਕ ਦੀ ਵੰਡ ਵੇਲੇ ਪਾਕਿਸਤਾਨ ਤੋਂ ਬੇਘਰ ਹੋ ਕੇ ਆਏ ਪਰਿਵਾਰਾਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਰਾਜਮਾਤਾ ਵੱਲੋਂ ਕੀਤੇ ਯਤਨਾਂ ਨੂੰ ਵੀ ਚੇਤੇ ਕੀਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਉਨਾਂ ਦੀ ਸ਼ਖਸੀਅਤ ਰਾਜਮਾਤਾ ਤੇ ਲੋਕਮਾਤਾ ਦਾ ਸੰਪੂਰਨ ਮਿਸ਼ਰਣ ਹੈ ਅਤੇ ਉਹ ਸ਼ਾਹੀ ਪਰਿਵਾਰ ਦੇ ਮੈਂਬਰ ਹੋਣ ਦੇ ਬਾਵਜੂਦ ਆਮ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਪੂਰੀ ਤਰਾਂ ਸੰਜੀਦਾ ਹੁੰਦੇ ਸਨ।
ਇਸ ਦੁੱਖ ਦੀ ਘੜੀ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਪਰਿਵਾਰ ਦੇ ਹੋਰ ਮੈਂਬਰ ਹਾਜ਼ਰ ਸਨ ਜਿਨਾਂ ਵਿੱਚ ਉਨਾਂ ਦੀ ਪਤਨੀ ਪ੍ਰਨੀਤ ਕੌਰ, ਭਰਾ ਮਾਲਵਿੰਦਰ ਸਿੰਘ ਤੇ ਉਨਾਂ ਦੀ ਪਤਨੀ ਹਰਪ੍ਰਿਯਾ ਕੌਰ, ਰਾਜਮਾਤਾ ਦੀਆਂ ਧੀਆਂ ਹੇਮਇੰਦਰ ਕੌਰ, ਜਵਾਈ ਕੰਵਰ ਨਟਵਰ ਸਿੰਘ, ਕੁਮਾਰੀ ਰੁਪਿੰਦਰ ਤੇ ਮੇਜਰ ਕੰਵਲਜੀਤ ਸਿੰਘ ਢਿੱਲੋਂ, ਰਾਜਮਾਤਾ ਦੇ ਭਰਾ ਗੁਰਸ਼ਰਨ ਸਿੰਘ ਜੇਜੀ ਅਤੇ ਇੰਦਰਜੀਤ ਸਿੰਘ ਜੇਜੀ, ਪੋਤੇ ਰਣਇੰਦਰ ਸਿੰਘ, ਪੋਤਰੀਆਂ ਜੈਇੰਦਰ ਕੌਰ, ਪੋਤ ਜਵਾਈ ਗੁਰਪਾਲ ਸਿੰਘ, ਅਮਨਿੰਦਰ ਕੌਰ ਤੇ ਨਿਰਵਾਣ ਸਿੰਘ ਅਤੇ ਰਮਨੀਤਇੰਦਰ ਕੌਰ ਤੇ ਵਿਵਾਨ ਸਿੰਘ ਤੋਂ ਇਲਾਵਾ ਰਾਜਮਾਤਾ ਦੇ ਪੜਪੋਤਰੇ, ਪੜਪੋਤਰੀਆਂ ਅਤੇ ਪੜਦੋਹਤੇ ਅਤੇ ਪੜਦੋਹਤੀਆਂ ਸ਼ਾਮਲ ਸਨ।
ਪਰਿਵਾਰ ਦੇ ਮੈਂਬਰਾਂ ਨੇ ਉੱਚ ਆਦਰਸ਼ਾਂ ਤੇ ਕਦਰਾਂ ਕੀਮਤਾਂ ਲਈ ਰਾਜਮਾਤਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਰਾਜ ਮਾਤਾ ਦੇ ਵੱਡੇ ਸਪੁੱਤਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦੀ ਇਸ ਘੜੀ ਵਿੱਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਰਾਜਮਾਤਾ ਦਾ ਅਕਾਲ ਚਲਾਣਾ ਨਾ ਸਿਰਫ ਉਨਾਂ ਦੇ ਪਰਿਵਾਰ ਲਈ ਨਿੱਜੀ ਘਾਟਾ ਹੈ ਸਗੋਂ ਖਿੱਤੇ ਅਤੇ ਇੱਥੋਂ ਦੇ ਲੋਕਾਂ ਲਈ ਵੀ ਵੱਡਾ ਘਾਟਾ ਹੈ ਜਿਨਾਂ ਨਾਲ ਉਨਾਂ ਦੀ ਮਾਤਾ ਦੀ ਜਜ਼ਬਾਤੀ ਸਾਂਝ ਸੀ। ਰਾਜਮਾਤਾ ਨੇ ਮੁਲਕ ਦੀ ਵੰਡ ਪਿੱਛੋਂ ਬੇਘਰ ਹੋਏ ਲੋਕਾਂ ਦੇ ਮੁੜ ਵਸੇਬੇ ਲਈ ਸਰਗਰਮ ਭੂਮਿਕਾ ਨਿਭਾਈ ਸੀ। ਮੁੱਖ ਮੰਤਰੀ ਨੇ ਆਖਿਆ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਪ੍ਰਤੀ ਉਨਾਂ ਦਾ ਜਜ਼ਬਾ ਸਦਾ ਯਾਦ ਰਹੇਗਾ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਰਾਜਮਾਤਾ ਮਹਿੰਦਰ ਕੌਰ ਦਾ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਔਰਤਾਂ ਨੂੰ ਵੱਧ ਅਧਿਕਾਰ ਦੇਣ ਤੋਂ ਇਲਾਵਾ ਸਮਾਜ ਸੇਵੀ ਅਤੇ ਭਲਾਈ ਕਾਰਜਾਂ ਨਾਲ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਵਚਨਬੱਧ ਸੀ।
ਇਸ ਮੌਕੇ ਗਿਆਨੀ ਗੁਰਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਪਟਿਆਲਾ, ਭਾਈ ਕੁਲਵੰਤ ਸਿੰਘ ਕਿਲਾ ਮੁਬਾਰਕ, ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜਥਿਆਂ ਨੇ ਰਸਭਿੰਨਾ ਗੁਰਬਾਣੀ ਕੀਰਤਨ ਸਰਵਣ ਕਰਕੇ ਸੰਗਤ ਨੂੰ ਨਿਹਾਲ ਕੀਤਾ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਰਦਾਸ ਕੀਤੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਨੇ ਹੁਕਮਨਾਮਾ ਲਿਆ।
ਅਣਵੰਡੇ ਪੰਜਾਬ ਦੌਰਾਨ ਸਾਲ 1922 ਵਿੱਚ ਜਨਮੇ ਮਾਤਾ ਮਹਿੰਦਰ ਕੌਰ ਅਤੇ ਸਵਰਗੀ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਦੀ ਪਤਨੀ 24 ਜੁਲਾਈ, 2017 ਨੂੰ ਸਵਰਗ ਸਿਧਾਰ ਗਏ ਸਨ।
ਰਾਜਮਾਤਾ ਨੇ ਸਾਲ 1964-67 ਤੱਕ ਰਾਜ ਸਭਾ ਮੈਂਬਰ ਵਜੋਂ ਅਤੇ ਇਸ ਤੋਂ ਬਾਅਦ 1967 ਵਿੱਚ ਪਟਿਆਲਾ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਚੁਣ ਕੇ ਲੋਕਾਂ ਦੀ ਸੇਵਾ ਕੀਤੀ। ਪਟਿਆਲਾ ਦੇ ਲੋਕਾਂ ਵੱਲੋਂ ਮਾਤਾ ਦੇ ਤੌਰ ‘ਤੇ ਉਨਾਂ ਨੂੰ ਆਖਰੀ ਸਾਹਾਂ ਤੱਕ ਬਹੁਤ ਸਤਿਕਾਰ ਦਿੱਤਾ ਗਿਆ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ, ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਚੇਅਰਮੈਨ ਪੰਜਾਬ ਮੰਡੀ ਬੋਰਡ, ਲਾਲ ਸਿੰਘ, ਚੇਅਰਮੈਨ ਮਾਰਕਫੈਡ ਅਮਰਜੀਤ ਸਿੰਘ ਸਮਰਾ, ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਚੌਧਰੀ ਸੰਤੋਖ ਸਿੰਘ, ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ, ਸਾਧੂ ਸਿੰਘ ਧਰਮਸੋਤ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ, ਅਤੇ ਅਰੁਣਾ ਚੌਧਰੀ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਮੇਜਰ ਜਨਰਲ (ਸੇਵਾ-ਮੁਕਤ) ਤੇਜਿੰਦਰ ਸਿੰਘ ਸ਼ੇਰਗਿੱਲ, ਮੁੱਖ ਮੰਤਰੀ ਦੇ ਸਲਾਹਕਾਰ ਬੀ.ਆਈ.ਐਸ. ਚਾਹਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਤੋਂ ਇਲਾਵਾ ਵਿਧਾਇਕ ਰਣਦੀਪ ਸਿੰਘ ਨਾਭਾ, ਰਾਣਾ ਗੁਰਮੀਤ ਸਿੰਘ ਸੋਢੀ, ਕੁਲਜੀਤ ਸਿੰਘ ਨਾਗਰਾ, ਬਲਬੀਰ ਸਿੰਘ ਸਿੱਧੂ, ਪਰਗਟ ਸਿੰਘ, ਵਿਜੇਇੰਦਰ ਸਿੰਗਲਾ, ਅਵਤਾਰ ਸਿੰਘ ਬਾਵਾ ਹੈਨਰੀ, ਗੁਰਪ੍ਰੀਤ ਸਿੰਘ ਕਾਂਗੜ, ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸੂ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਰਾਜਿੰਦਰ ਸਿੰਘ, ਰਾਕੇਸ਼ ਪਾਂਡੇ, ਦਵਿੰਦਰ ਸਿੰਘ ਘੁਬਾਇਆ, ਸੁਰਿੰਦਰ ਡਾਵਰ, ਓ.ਪੀ. ਸੋਨੀ ਅਤੇ ਹੋਰਾਂ ਨੇ ਅੰਤਿਮ ਅਰਦਾਸ ਮੌਕੇ ਸ਼ਮੂਲੀਅਤ ਕੀਤੀ।
ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਅਜੀਤ ਸਿੰਘ ਕੋਹਾੜ, ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ, ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ, ਬਾਬੂ ਪ੍ਰਕਾਸ਼ ਚੰਦ ਗਰਗ, ਸੰਤ ਬਲਵੀਰ ਸਿੰਘ ਘੁੰਨਸ, ਸ਼ੇਰ ਸਿੰਘ ਘੁਬਾਇਆ, ਅਮਰੀਕ ਸਿੰਘ ਆਲੀਵਾਲ, ਉੱਘੇ ਅਕਾਲੀ ਲੀਡਰ ਕੁਲਦੀਪ ਸਿੰਘ ਵਡਾਲਾ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਾਸਟਰ ਮੋਹਨ ਲਾਲ ਨੇ ਵੀ ਰਾਜਮਾਤਾ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਸ਼ਮੂਲੀਅਤ ਕੀਤੀ।
ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਇਮਾਨ ਸਿੰਘ ਮਾਨ, ਸੀ.ਪੀ.ਆਈ. ਨੇਤਾ ਹਰਦੇਵ ਅਰਸ਼ੀ, ਅਪਨਾ ਪੰਜਾਬ ਪਾਰਟੀ ਦੇ ਮੁਖੀ ਸੁੱਚਾ ਸਿੰਘ ਛੋਟੇਪੁਰ, ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ, ਟੀ.ਐਮ.ਸੀ. ਨੇਤਾ ਜਗਮੀਤ ਸਿੰਘ ਬਰਾੜ, ਬਲਵੰਤ ਸਿੰਘ ਰਾਮੂਵਾਲੀਆ, ਇੰਦਰਜੀਤ ਸਿੰਘ ਜ਼ੀਰਾ ਅਤੇ ਰਵੀ ਇੰਦਰ ਸਿੰਘ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ.ਸ਼ਰਮਾ, ਬਲਾਕ ਪ੍ਰਧਾਨ ਸ਼੍ਰੀ ਕੇ.ਕੇ. ਮਲਹੋਤਰਾ, ਸ਼੍ਰੀ ਅਨਿਲ ਮੰਗਲਾ, ਸ਼ੀz ਨਰੇਸ਼ ਦੁੱਗਲ, ਸ਼੍ਰੀ ਵੀਨਾ ਕਪੂਰ, ਸ਼੍ਰੀ ਆਨੰਦ ਲਾਲ ਗਰਭੂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਅਮਰਜੀਤ ਸਿੰਘ ਟਿੱਕਾ, ਸ: ਬਿਕਰਮਇੰਦਰ ਸਿੰਘ ਚਾਹਲ, ਮੁੱਖ ਮੰਤਰੀ ਦੇ ਓ.ਐਸ.ਡੀ. ਐਮ.ਪੀ. ਸਿੰਘ, ਸ਼੍ਰੀ ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਸ਼੍ਰੀ ਜਗਦੀਪ ਸਿੰਘ ਸਿੱਧੂ, ਸ਼੍ਰੀ ਗੁਰਪ੍ਰੀਤ ਸਿੰਘ ਸੋਨੂੰ ਢੇਸੀ, ਐਮ.ਸੀ. ਸ਼੍ਰੀ ਸੰਜੀਵ ਬਿੱਟੂ, ਮੁੱਖ ਮੰਤਰੀ ਦੀ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਕਰਨ ਅਵਤਾਰ ਸਿੰਘ, ਡੀ.ਜੀ.ਪੀ. ਪੰਜਾਬ ਸ਼੍ਰੀ ਸੁਰੇਸ਼ ਅਰੋੜਾ, ਆਈ.ਜੀ. ਪਟਿਆਲਾ ਜੋਨ ਸ਼੍ਰੀ ਏ.ਐਸ. ਰਾਏ, ਡੀ.ਆਈ.ਜੀ. ਸ਼੍ਰੀ ਸੁਖਚੈਨ ਸਿੰਘ, ਕਮਿਸ਼ਨਰ ਪਟਿਆਲਾ ਡਵੀਜ਼ਨ ਸ਼੍ਰੀ ਏ.ਐਸ. ਮਿਗਲਾਨੀ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ: ਐਸ. ਭੂਪਤੀ, ਭਾਰਤੀ ਫੌਜ ਦੀ 2 ਸਿੱਖ ਰੈਜੀਮੈਂਟ ਦੇ ਸੀਨੀਅਰ ਅਧਿਕਾਰੀਆਂ, ਐਸ.ਜੀ.ਪੀ.ਸੀ. ਮੈਂਬਰਾਂ, ਰਾਜਸੀ, ਧਾਰਮਿਕ, ਸਮਾਜਿਕ ਤੇ ਵਿਦਿਅਕ ਖੇਤਰ ਦੀਆਂ ਸਖਸ਼ੀਅਤਾਂ ਤੇ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਜ਼ਿਲਾ ਪ੍ਰਧਾਨਾਂ, ਚੇਅਰਮੈਨਾਂ, ਸਾਬਕਾ ਚੇਅਰਮੈਨਾਂ, ਸਰਪੰਚਾਂ,ਪੰਚਾਂ ਤੇ ਕਾਂਗਰਸ ਵਰਕਰਾਂ ਤੇ ਕੈਪਟਨ ਪਰਿਵਾਰ ਦੇ ਸਕੇ-ਸਬੰਧੀਆਂ ਨੇ ਵੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਸਵਰਗੀ ਰਾਜ ਮਾਤਾ ਮਹਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

print
Share Button
Print Friendly, PDF & Email

Leave a Reply

Your email address will not be published. Required fields are marked *