ਨਸ਼ੇ ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਤੇ ਝੂਠੇ ਮੁਕੱਦਮੇ ਦਰਜ ਕਰਨ ਤੋਂ ਗੁਰੇਜ਼: ਸੁਖਬੀਰ

ss1

ਨਸ਼ੇ ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਤੇ ਝੂਠੇ ਮੁਕੱਦਮੇ ਦਰਜ ਕਰਨ ਤੋਂ ਗੁਰੇਜ਼: ਸੁਖਬੀਰ

16 ਸਾਲ ਦੀ ਨੌਕਰੀ ਪੂਰੀ ਕਰਨ ‘ਤੇ ਕਾਂਸਟੇਬਲ ਨੂੰ ਮਿਲੇਗਾ ਹੈੱਡ ਕਾਂਸਟੇਬਲ ਦਾ ਰੈਂਕ
20 ਸਾਲ ਬਾਅਦ ਸਾਂਝੀ ਸਨਿਓਰਿਟੀ ਸੂਚੀ ਤੈਅ ਹੋਈ
343 ਅਫਸਰਾਂ ਦੀ ਤਰੱਕੀ, 900 ਹੋਰ ਦੀ ਤਰੱਕੀ ਜੁਲਾਈ ਵਿਚ ਹੋਵੇਗੀ30-26ਚੰਡੀਗੜ੍ਹ, 30 ਅਪ੍ਰੈਲ 2016 : ਪੰਜਾਬ ਪੁਲੀਸ ਨੇ ਅੱਜ ਸੂਬੇ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਵਾਅਦਾ ਕਰਦਿਆਂ ਕਿਹਾ ਕਿ ਨਸ਼ਿਆਂ ਖਿਲਾਫ ਸਖ਼ਤ ਕਾਰਵਾਈ ਦੀ ਨੀਤੀ ਨੂੰ ਪੁਖ਼ਤਾ ਢੰਗ ਨਾਲ ਲਾਗੂ ਕੀਤਾ ਜਾਵੇਗਾ। ਪੁਲੀਸ ਵਲੋਂ ਇਸ ਮੌਕੇ ਭ੍ਰਿਸ਼ਟਾਚਾਰ ਦੀ ਲਾਹਣਤ ਨੂੰ ਖ਼ਤਮ ਕਰਨ ਅਤੇ ਝੂਠੇ ਮੁਕੱਦਮੇ ਦਰਜ ਕਰਨ ਤੋਂ ਗੁਰੇਜ਼ ਕੀਤੇ ਜਾਣ ਦੀ ਵੀ ਸਹੁੰ ਚੁੱਕੀ ਗਈ।
ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿਖੇ ਹੋਏ ਪੁਲੀਸ ਮੁਲਾਜਮਾਂ ਨੂੰ ਤਰੱਕੀ ਦੇ ਰੈਂਕ ਲਾਉਣ ਦੇ ਸਮਾਗਮ ਦੌਰਾਨ ਸ. ਬਾਦਲ ਨੇ ਪੁਲੀਸ ਅਫ਼ਸਰਾਂ ਨੂੰ ਇਹ 3 ਵਾਅਦੇ ਦ੍ਰਿੜਤਾ ਨਾਲ ਨਿਭਾਉਣ ਲਈ ਕਿਹਾ ਤਾਂ ਜੋ ਲੋਕਾਂ ਤੇ ਪੁਲੀਸ ਦੇ ਰਿਸ਼ਤੇ ਹੋਰ ਬਿਹਤਰ ਹੋ ਸਕਣ। ਉਪ ਮੁੱਖ ਮੰਤਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਭਿਸ਼ਟਾਚਾਰੀ ਅਧਿਕਾਰੀਆਂ ਲਈ ਪੁਲੀਸ ਫੋਰਸ ਵਿੱਚ ਕੋਈ ਸਥਾਨ ਨਹੀਂ ਹੋਵੇਗਾ। ਉਨ੍ਹਾਂ ਨੇ ਪੰਜਾਬ ਦੇ ਡੀ ਜੀ ਪੀ ਸ੍ਰੀ ਸੁਰੇਸ਼ ਅਰੋੜਾ ਨੂੰ ਅਜਿਹੇ ਭ੍ਰਿਸ਼ਟਾਚਾਰੀ ਅਧਿਕਾਰੀਆਂ ਦੀ ਸੂਚੀ ਬਣਾਉਣ ਲਈ ਕਿਹਾ। ਉਨ੍ਹਾਂ ਇਸ ਮੌਕੇ ਪੰਜਾਬ ਪੁਲੀਸ ਨੂੰ ਭਰੋਸਾ ਦਿੱਤਾ ਕਿ ਸੂਬੇ ਦੀ ਪੁਲੀਸ ਦੇ ਆਧੁਨਿਕੀਕਰਨ ਵਿੱਚ ਫੰਡਾਂ ਦੀ ਘਾਟ ਨੂੰ ਅੜਿੱਕਾ ਨਹੀਂ ਬਣਨ ਦਿੱਤਾ ਜਾਵੇਗਾ ਅਤੇ ਇਸਤੋਂ ਇਲਾਵਾ ਪੁਲੀਸ ਕਰਮੀਆਂ ਨੂੰ ਤਰੱਕੀਆਂ ਦਿੱਤੇ ਜਾਣ ਨੂੰ ਵੀ ਤਰਜੀਹ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਪੰਜਾਬ ਪੁਲੀਸ ਦੀਆਂ ਸਮੱਸਿਆਵਾਂ ਦਾ ਤਸੱਲੀਪੂਰਨ ਨਿਪਟਾਰਾ ਕੀਤਾ ਜਾਵੇ ਤਾਂ ਜੋ ਪੁਲੀਸ ਵਲੋਂ ਅਪਰਾਧਾਂ ਦੀ ਰੋਕਥਾਮ ਕਰਕੇ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਨੱਥ ਪਾ ਕੇ ਸੁਖਾਵਾਂ ਮਾਹੌਲ ਸਿਰਜਿਆ ਜਾ ਸਕੇ। ਸ. ਬਾਦਲ ਨੇ ਸੂਬੇ ਦੀ ਪੁਲੀਸ ਨੂੰ ਦੇਸ਼ ਦੇ ਸਰਬੋਤਮ ਪੁਲੀਸ ਬਲਾਂ ਵਿੱਚੋਂ ਇੱਕ ਦੱਸਦੇ ਹੋਏ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ 3 ਹਜ਼ਾਰ ਪੁਲੀਸ ਕਰਮੀਆਂ ਨੂੰ ਤਰੱਕੀਆਂ ਦਿੱਤੀਆਂ ਜਾਣਗੀਆਂ ਜਿਸ ਨਾਲ ਬੀਤੇ 9 ਵਰ੍ਹਿਆਂ ਵਿੱਚ ਤਰੱਕੀ ਹਾਸਲ ਪੁਲੀਸ ਮੁਲਾਜਮਾਂ ਦੀ ਗਿਣਤੀ 20 ਹਜਾਰ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਡਾਇਲ 100 ਦੀ ਸੇਵਾ ਹੁਣ ਦਿਹਾਤੀ ਖੇਤਰਾਂ ਵਿੱਚ ਵੀ ਉਪਲੱਬਧ ਕਰਵਾਈ ਜਾਵੇਗੀ।
ਉੱਪ ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਦਾ ਖਿਆਲ ਰੱਖਿਆ ਹੈ ਅਤੇ 1 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਰਕਾਰ ਦੇ ਬੀਤੇ ਕਾਰਜਕਾਲ ਦੌਰਾਨ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਅਤੇ ਜਲਦ ਹੀ ਆਉਂਦੇ ਮਹੀਨਿਆਂ ਵਿੱਚ ਸੂਬੇ ਦੇ 1.20 ਲੱਖ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿਚ ਨੌਕਰੀਆਂ ਦਿੱਤੀਆਂ ਜਾਣਗੀਆਂ।
ਵਧੇਰੇ ਜਾਣਕਾਰੀ ਦਿੰਦਿਆਂ ਸ. ਬਾਦਲ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਜ਼ਿੰਮਾ ਵੀ ਹੈ, ਨੇ ਦੱਸਿਆ ਕਿ ਪੰਜਾਬ ਪੁਲਿਸ ਵਿਚ ਸਾਰੇ ਅਹੁਦਿਆਂ ਦੀ ਸਨਿਓਰਿਟੀ ਸੂਚੀ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ ਆਉਣ ਵਾਲੇ ਕੁਝ ਹੀ ਦਿਨਾਂ ਵਿਚ 3000 ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਅਹੁਦਿਆਂ ਵਿਚ ਖੜੋਤ ਦੂਰ ਕਰਨ ਲਈ ਸਰਕਾਰ ਵਿਚਾਰ ਕਰ ਰਹੀ ਹੈ ਕਿ ਉਨ੍ਹਾਂ ਕਾਂਸਟੇਬਲਾਂ ਨੂੰ ਹੈੱਡ ਕਾਂਸਟੇਬਲ ਦਾ ਰੈਂਕ ਦੇਣ ਦਾ ਫੈਸਲਾ ਕੀਤਾ ਹੈ ਜੋ 16 ਸਾਲ ਦੀ ਸੇਵਾ ਪੂਰੀ ਕਰ ਲੈਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸੇ ਵੀ ਪੁਲੀਸ ਅਧਿਕਾਰੀ ਨੂੰ ਰਿਵਰਟ ਨਹੀਂ ਕੀਤਾ ਜਾਵੇਗਾ ਕਿਉਂ ਜੋ ਸਰਕਾਰ ਨੇ ਹਥਿਆਰਬੰਦ ਬਟਾਲੀਅਨਾਂ ਵਿੱਚ ਉਨ੍ਹਾਂ ਦੇ ਰੈਂਕ ਅਤੇ ਤਨਖਾਹ ਸੁਰੱਖਿਅਤ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਪੁਲਿਸ ਦੇ ਆਧੁਨਿਕੀਕਰਨ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਪੰਜਾਬ ਸਰਕਾਰ ਨੇ 107 ਕਰੋੜ ਰੁਪਏ ਦੇ ਫੰਡ ਰਾਖਵੇਂ ਰੱਖੇ ਹਨ ਜੋ ਕਿ ਅਤਿ ਆਧੁਨਿਕ ਹਥਿਆਰਾਂ, ਸੁਰੱਖਿਆ ਯੰਤਰਾਂ, ਪੇਂਡੂ ਖੇਤਰਾਂ ਵਿਚ ਤੁਰੰਤ ਐਕਸ਼ਨ ਲੈਣ ਲਈ ਆਧੁਨਿਕ ਦੋ-ਪਹੀਆ ਤੇ ਚਾਰ ਪਹੀਆ ਵਾਹਨਾਂ ਉੱਤੇ ਖਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਯੋਜਨਾ ਹੈ ਕਿ ਅਸੀਂ ਆਪਣੀ ਪੁਲਿਸ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰੀਏ ਜੋ ਕਿ ਅਤਿ ਆਧੁਨਿਕ ਯੰਤਰਾਂ ਨਾਲ ਲੈਸ ਹੋ ਕੇ ਦੇਸ਼ ਦੀ ਬੇਹਤਰੀਨ ਪੇਸ਼ੇਵਰ ਫੋਰਸ ਹੋਵੇ।
ਇਸ ਮੌਕੇ ਪੰਜਾਬ ਦੇ ਡੀ ਜੀ ਪੀ ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਪੁਲੀਸ ਵਲੋਂ ਉਪ ਮੁੱਖ ਮੰਤਰੀ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਪੁਲੀਸ ਦੀ ਕਾਬਲੀਅਤ ਵਿੱਚ ਉਪ ਮੁੱਖ ਮੰਤਰੀ ਨੇ ਜੋ ਭਰੋਸਾ ਪ੍ਰਗਟਾਇਆ ਹੈ ਉਸਨੂੰ ਕਾਇਮ ਰੱਖਿਆ ਜਾਵੇਗਾ।
ਸ੍ਰੀ ਸੁਰੇਸ਼ ਅਰੋੜਾ ਨੇ ਇਸ ਮੌਕੇ ਇਹ ਵੀ ਕਿਹਾ ਕਿ ਪੁਲਿਸ ਵਿਚ ਸਾਂਝੀ ਸਨਿਓਰਿਟੀ ਸੂਚੀ ਤੈਅ ਕਰਨਾ ਬਹੁਤ ਗੁੰਝਲਦਾਰ ਕਾਰਜ ਸੀ ਅਤੇ ਇਸ ਨੂੰ 20 ਸਾਲ ਬਾਅਦ ਪੂਰਾ ਕੀਤਾ ਗਿਆ ਹੈ ਕਿਉਂ ਕਿ ਬਹੁਤ ਸਾਰੇ ਮੁਲਾਜ਼ਮਾਂ ਵੱਲੋਂ ਕੇਸ ਕੀਤੇ ਹੋਣ ਕਰਕੇ ਇਹ ਮਾਮਲਾ ਹਾਈ ਕੋਰਟ ਵਿਚ ਸੀ। ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਇਸ ਹਫ਼ਤੇ 343 ਤਰੱਕੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ 88 ਡੀਐਸਪੀਜ਼ ਨੂੰ ਐਸਪੀ ਬਣਾਇਆ ਗਿਆ ਹੈ ਜਦਕਿ 102 ਇੰਸਪੈਕਟਰਾਂ ਨੂੰ ਡੀਐਸਪੀ ਅਤੇ 153 ਸਬ-ਇੰਸਪੈਕਟਰਾਂ ਨੂੰ ਇੰਸਪੈਕਟਰ ਵੱਜੋਂ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਵੱਖ-ਵੱਖ ਕੋਰਸ ਕਰ ਲੈਣ ਵਾਲੇ 900 ਹੋਰ ਮੁਲਾਜ਼ਮਾਂ ਨੂੰ ਜੁਲਾਈ ਮਹੀਨੇ ਵਿਚ ਤਰੱਕੀ ਦੇ ਕੋਰਸਾਂ-ਲੋਅਰ ਸਕੂਲ ਕੋਰਸ, ਇੰਟਰਮੀਡੀਏਟ ਕੋਰਸ ਅਤੇ ਅਪਰ ਸਕੂਲ ਕੋਰਸ ਤੋਂ ਬਾਅਦ ਸਬ-ਇੰਸਪੈਕਟਰ, ਏਐਸਆਈ ਅਤੇ ਹੈੱਡ ਕਾਂਸਟੇਬਲ ਵੱਜੋਂ ਤਰੱਕੀ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਏ ਡੀ ਜੀ ਪੀ (ਪ੍ਰਸ਼ਾਸਨ) ਸ੍ਰੀ ਦਿਨਕਰ ਗੁਪਤਾ ਨੇ ਉਪ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਜਦੋਂ ਕਿ ਆਈ ਜੀ (ਹੈਡ ਕੁਆਰਟਰ) ਸ੍ਰੀ ਗੌਰਵ ਯਾਦਵ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਇਸ ਮੌਕੇ ਵਧੀਕ ਮੁੱਖ ਸਕੱਤਰ (ਗ੍ਰਹਿ) ਸ. ਜਗਪਾਲ ਸਿੰਘ ਸੰਧੂ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ. ਮਨਵੇਸ਼ ਸਿੰਘ ਸਿੱਧੂ ਅਤੇ ਸੂਬੇ ਦੀ ਪੁਲੀਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *