ਅਪਰਾਧਾਂ ਵਿੱਚ ਕਾਬੂ ਕਰਨ ਲਈ ਵੱਖ ਵੱਖ ਸੂਬਿਆਂ ਦੀ ਪੁਲੀਸ ਵਿੱਚ ਤਾਲਮੇਲ ਜਰੂਰੀ : ਬਦਨੌਰ

ss1

ਅਪਰਾਧਾਂ ਵਿੱਚ ਕਾਬੂ ਕਰਨ ਲਈ ਵੱਖ ਵੱਖ ਸੂਬਿਆਂ ਦੀ ਪੁਲੀਸ ਵਿੱਚ ਤਾਲਮੇਲ ਜਰੂਰੀ : ਬਦਨੌਰ

ਐਸ ਏ  ਐਸ ਨਗਰ, 4 ਜੁਲਾਈ:  ਵੱਖ ਵੱਖ ਜੁਰਮਾਂ ਵਿੱਚ ਸ਼ਾਮਿਲ ਲੋਕ ਜੁਰਮ ਕਰਨ ਤੋਂ ਬਾਅਦ ਆਪਣਾ ਖੇਤਰ ਬਦਲ ਲੈਂਦੇ ਹਨ, ਮਸਲਨ ਚੰਡੀਗੜ੍ਹ ਦੇ ਅਪਰਾਧੀ ਮੁਹਾਲੀ ਜਾਂ ਪੰਚਕੂਲਾ ਚਲੇ ਜਾਂਦੇ ਹਨ ਅਤੇ ਮੁਹਾਲੀ ਅਤੇ ਪੰਚਕੂਲਾ ਦੇ ਮੁਜਰਿਮ ਵੀ ਥਾਂ ਬਦਲ ਲੈਂਦੇ ਹਨ| ਜਿਸ ਕਾਰਨ  ਟ੍ਰਾਈਸਿਟੀ ਵਿੱਚ ਅਪਰਾਧਾਂ ਦਾ ਗ੍ਰਾਫ ਵੱਧ ਰਿਹਾ ਹੈ ਅਤੇ ਇਸਤੇ ਕਾਬੂ ਕਰਨ ਲਈ ਟ੍ਰਾਈ ਸਿਟੀ ਵਿੱਚ ਪੁਲੀਸ ਦੇ ਆਪਸੀ ਤਾਲਮੇਲ ਦੀ ਸਭ ਤੋਂ ਵੱਧ ਲੋੜ ਹੈ ਤਾਂ ਜੋ ਇਹਨਾਂ ਸ਼ਹਿਰਾਂ ਵਿੱਚ ਅਪਰਾਧਾਂ ਤੇ ਪ੍ਰਭਾਵੀ ਢੰਗ ਨਾਲ ਕਾਬੂ ਕੀਤਾ ਜਾ ਸਕੇ| ਇਹ ਗੱਲ ਪੰਜਾਬ ਦੇ ਰਾਜਪਾਲ ਸ੍ਰੀ. ਵੀ ਪੀ ਬਦਨੌਰ ਨੇ ਅੱਜ ਇੱਥੇ ਪ੍ਰੈਸ ਕਲੱਬ ਐਸ ਏ ਐਸ ਨਗਰ ਵੱਲੋਂ ਪ੍ਰੈਸ, ਪੁਲੀਸ ਅਤੇ ਰਾਜਨੀਤਿਕਾਂ ਦੀ ਸਮਾਜ ਵਿੱਚ ਆਪਸੀ ਭਾਈਚਾਰਾ ਅਤੇ ਸ਼ਾਂਤੀ ਵਧਾਉਣ ਵਿੱਚ ਭੂਮਿਕਾ ਬਾਰੇ ਆਯੋਜਿਤ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਖੀ| ਉਹਨਾਂ ਕਿਹਾ ਕਿ ਪੁਲੀਸ ਨੇ ਭਾਰੀ ਦਬਾਉ ਵਿੱਚ ਕੰਮ ਕਰਨਾ ਪੈਂਦਾ ਹੈ ਅਤੇ ਜਦੋਂ ਪੁਲੀਸ ਕਿਸੇ ਨੂੰ ਰੋਕਦੀ ਹੈ ਤਾਂ ਲੋਕ ਅਸਰ ਰਸੂਖ ਵਾਲੇ ਲੋਕਾਂ ਨਾਲ ਗੱਲ ਕਰਵਾ ਕੇ ਬਚਣ ਦੀ ਕੋਸ਼ਿਸ਼ ਕਰਦੇ ਹਨ|
ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੀਡੀਆਂ ਦੀ ਆਪਣੀ ਅਹਿਮੀਅਤ ਹੈ ਅਤੇ ਲੋਕ ਉਸਤੇ ਭਰੋਸਾ ਕਰਦੇ ਹਨ| ਇਸ ਲਈ ਮੀਡੀਆਂ ਨੂੰ ਪੂਰੀ ਜਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ| ਉਹਨਾਂ ਕਿਹਾ ਚੋਣ ਜਿੱਤਣ ਤੋਂ ਬਾਅਦ ਸਿਆਸੀ ਆਗੂਆਂ ਦੀ ਜਿੰਮੇਵਾਰੀ ਹੋਰ ਵੱਧ ਜਾਂਦੀ ਹੈ ਅਤੇ ਲੋਕਾਂ ਦੀਆਂ ਆਸਾਂ ਵੀ ਵਧ ਜਾਂਦੀਆਂ ਹਨ|
ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਇਸ ਮੌਕੇ ਕਿਹਾ ਕਿ ਪ੍ਰੈਸ, ਪੁਲੀਸ ਅਤੇ ਸਿਆਸਤ ਦੀ ਆਪਣੀ ਆਪਣੀ ਅਹਿਮੀਅਤ ਹੈ ਅਤੇ ਆਪਣੀ ਵੱਖਰੀ ਭੂਮਿਕਾ ਹੈ ਅਤੇ ਜੇਕਰ ਸਾਰੇ ਆਪਣੀ ਜਿੰਮੇਵਾਰੀ ਨਿਭਾਉਣ ਤਾਂ ਹੀ ਇਕ ਬਿਹਤਰ ਸਮਾਜ ਸਿਰਜਿਆ ਜਾ ਸਕਦਾ ਹੈ|
ਮਹਿਲਾ ਕਮਿਸ਼ਨ ਦੀ ਮੇਅਰ ਪਰਸਨ ਬੀਬੀ ਪਰਮਜੀਤ ਕੌਰ ਲਾਡਰਾਂ ਨੇ ਕਿਹਾ ਕਿ ਜਿਹੋ ਜਿਹੀ ਇਨਸਾਨ ਦੀ ਰਹਿਣੀ ਬਹਿਣੀ ਹੁੰਦੀ ਹੈ ਉਹੋ ਜਿਹਾ ਹੀ ਵਿਵਹਾਰ ਕਰਦਾ ਹੈ| ਪੰਜਾਬ ਪੁਲੀਸ ਦੇ ਆਈ ਜੀ ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਵੱਖ ਵੱਖ ਅਖਬਾਰਾਂ ਵਿੱਚ ਪੇਡ ਨਿਊਜ ਦੇ ਰੁਝਾਨ ਦਾ ਜਿਕਰ ਕਰਦਿਆਂ ਮੀਡੀਆਂ ਦੀ ਭੂਮਿਕਾ ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਮੀਡੀਆ ਦੀ ਭਰੋਸੇਯੋਗਤਾ ਘਟਦੀ  ਹੈ| ਇਸ ਮੌਕੇ ਸ੍ਰੀ ਦਿਨੇਸ਼ ਸ਼ਰਮਾ ਅਤੇ ਪ੍ਰੋਫੈਸਰ ਮਨਜੀਤ ਸਿੰਘ ਨੇ ਵੀ  ਸੰਬੋਧਨ ਕੀਤਾ|  ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਸ੍ਰ. ਹਿਲੇਰੀ ਵਿਕਟਰ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ| ਇਸ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਪਤਵੰਤੇ ਹਾਜਿਰ ਸਨ|

print
Share Button
Print Friendly, PDF & Email

Leave a Reply

Your email address will not be published. Required fields are marked *