ਉੱਤਰੀ ਕੋਰੀਆ ਨੇ ਟਰੰਪ ਦੀ ਤੁਲਨਾ ਹਿਟਲਰ ਨਾਲ ਕੀਤੀ

ss1

ਉੱਤਰੀ ਕੋਰੀਆ ਨੇ ਟਰੰਪ ਦੀ ਤੁਲਨਾ ਹਿਟਲਰ ਨਾਲ ਕੀਤੀ

ਸਿਓਲ (ਏਐੱਫਪੀ) : ਉੱਤਰੀ ਕੋਰੀਆ ਨੇ ਅਮਰੀਕਾ ਨਾਲ ਵੱਧਦੇ ਤਣਾਅ ਵਿਚਕਾਰ ਫਿਰ ਉਕਸਾਉਣ ਵਾਲੀ ਟਿੱਪਣੀ ਕੀਤੀ ਹੈ। ਉਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਐਡੋਲਫ ਹਿਟਲਰ ਨਾਲ ਤੁਲਨਾ ਕੀਤੀ ਹੈ। ਨਾਲ ਟਰੰਪ ਦੀ ‘ਅਮਰੀਕਾ ਫਸਟ’ ਨੀਤੀ ਨੂੰ 21ਵੀਂ ਸਦੀ ਦੀ ਨਾਜ਼ੀਵਾਦੀ ਨੀਤੀ ਕਰਾਰ ਦਿੱਤਾ ਹੈ।

ਪਿਓਂਗਯਾਂਗ ਨੇ ਇਕ ਹਫ਼ਤਾ ਪਹਿਲਾਂ ਹੀ ਟਰੰਪ ਨੂੰ ਸਨਕੀ ਕਿਹਾ ਸੀ। ਉਸ ਨੇ ਇਹ ਗੱਲ ਅਮਰੀਕੀ ਵਿਦਿਆਰਥੀ ਓਟੋ ਵਾਰਮਬੀਅਰ ਦੀ ਮੌਤ ਨਾਲ ਵਧੇ ਤਣਾਅ ਵਿਚਕਾਰ ਕਹੀ ਸੀ। ਵਾਰਮਬੀਅਰ ਉੱਤਰੀ ਕੋਰੀਆ ‘ਚ 18 ਮਹੀਨੇ ਜੇਲ੍ਹ ‘ਚ ਰਹਿਣ ਦੇ ਬਾਅਦ ਇਸ ਮਹੀਨੇ ਦੇ ਸ਼ੁਰੂ ‘ਚ ਕੋਮਾ ਦੀ ਹਾਲਤ ‘ਚ ਅਮਰੀਕਾ ਮੁੜਿਆ ਸੀ ਜਿਥੇ ਉਸ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਦੇ ਬਾਅਦ ਟਰੰਪ ਨੇ ਉੱਤਰੀ ਕੋਰੀਆਈ ਸ਼ਾਸਨ ਨੂੰ ਕਰੂਰ ਦੱਸਿਆ ਸੀ। ਤਾਜ਼ਾ ਮਾਮਲੇ ‘ਚ ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੇਸੀਐੱਨਏ ‘ਤੇ ਜਾਰੀ ਲੇਖ ‘ਚ ਟਰੰਪ ਦੀਆਂ ਮੁੱਖ ਨੀਤੀਆਂ ਦੀ ਆਲੋਚਨਾ ਕੀਤੀ ਗਈ। ਇਨ੍ਹਾਂ ਨੂੰ 21ਵੀਂ ਸਦੀ ਦੇ ਨਾਜ਼ੀਵਾਦ ਦੇ ਸਮਾਨ ਕਰਾਰ ਦਿੱਤਾ ਗਿਆ। ਕੇਸੀਐੱਨਏ ਨੇ ਕਿਹਾ ਕਿ ਅਮਰੀਕਾ ਫਸਟ ਦਾ ਸਿਧਾਂਤ ਫ਼ੌਜ ਜ਼ਰੀਏ ਵਿਸ਼ਵ ‘ਤੇ ਦਬਦਬੇ ਦੀ ਉਸੇ ਤਰ੍ਹਾਂ ਵਕਾਲਤ ਕਰਨਾ ਹੈ ਜਿਵੇਂ ਹਿਟਲਰ ਦਾ ਪੂਰੀ ਦੁਨੀਆ ‘ਤੇ ਕਬਜ਼ੇ ਦਾ ਸਿਧਾਂਤ ਸੀ। ਟਰੰਪ ਦਬਦਬੇ ਨੂੰ ਨਿਆਂਸੰਗਤ ਠਹਿਰਾਉਣ ਲਈ ਹਿਟਲਰ ਦੀਆਂ ਤਾਨਾਸ਼ਾਹੀ ਨੀਤੀਆਂ ‘ਤੇ ਚੱਲ ਰਹੇ ਹਨ ਅਤੇ ਦੂਸਰਿਆਂ ਨੂੰ ਦੋਸਤ ਅਤੇ ਦੁਸ਼ਮਣ ਦੀ ਸ਼੍ਰੇਣੀ ‘ਚ ਵੰਡ ਰਹੇ ਹਨ। ਟਰੰਪ ਪ੍ਰਸ਼ਾਸਨ ਉੱਤਰੀ ਕੋਰੀਆ ਦੇ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮਾਂ ਨੂੰ ਲੈ ਕੇ ਉਸ ‘ਤੇ ਹੋਰ ਸਖ਼ਤ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ‘ਤੇ ਕੇਸੀਐੱਨਏ ਨੇ ਦੋਸ਼ ਲਗਾਇਆ ਕਿ ਅਮਰੀਕਾ ਡਾਕਟਰੀ ਇਲਾਜ ਦੀ ਪੂਰਤੀ ‘ਚ ਰੁਕਾਵਟ ਖੜ੍ਹੀ ਕਰ ਰਿਹਾ ਹੈ। ਇਹ ਉਸੇ ਤਰ੍ਹਾਂ ਅਨੈਤਿਕ ਅਤੇ ਗ਼ੈਰ-ਮਨੁੱਖੀ ਹੈ ਜਿਵੇਂ ਹਿਟਲਰ ਨੇ ਲੈਨਿਨਗ੍ਰਾਦ ਦੀ ਘੇਰਾਬੰਦੀ ਕੀਤੀ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਲਗਪਗ 900 ਦਿਨਾਂ ਦੀ ਘੇਰਾਬੰਦੀ ਦੇ ਚੱਲਦਿਆਂ ਇਸ ਰੂਸੀ ਸ਼ਹਿਰ ‘ਚ ਲੱਖਾਂ ਲੋਕ ਮਾਰੇ ਗਏ ਸਨ।

print
Share Button
Print Friendly, PDF & Email