ਹਵਾਈ ਜਹਾਜ਼ ‘ਚ ਸੁੱਤੇ ਹੋਏ ਸਿੱਖ ਨੂੰ ਅਤਿਵਾਦੀ ਦੱਸ ਕੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਾਈਆਂ

ss1

ਹਵਾਈ ਜਹਾਜ਼ ‘ਚ ਸੁੱਤੇ ਹੋਏ ਸਿੱਖ ਨੂੰ ਅਤਿਵਾਦੀ ਦੱਸ ਕੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਾਈਆਂ

ਨਿਊ ਯਾਰਕ ( ਰਾਜ ਗੌਗਨਾ) ਅਮਰੀਕਾ ਦੇ ਟੈਕਸਾਸ ਸੂਬੇ ਦੀ ਟ੍ਰਿਨਿਟੀ ਯੂਨੀਵਰਸਟੀ ਵਿਚ ਪ੍ਰੋਫ਼ੈਸਰ ਸਿਮਰਨਜੀਤ ਸਿੰਘ ਦੇ ਦੋਸਤਾਂ ਅਤੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਜਦੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਤਸਵੀਰ ਚਰਚਿਤ ਹੋ ਗਈ, ਜਿਸ ਵਿਚ ਉਨ੍ਹਾਂ ਨੂੰ ਅਤਿਵਾਦੀ ਦੱਸਿਆ ਗਿਆ ਸੀ।
ਹਵਾਈ ਸਫ਼ਰ ਦੌਰਾਨ ਸਿਮਰਨਜੀਤ ਸਿੰਘ ਦੀ ਅੱਖ ਲੱਗ ਗਈ ਅਤੇ ਇਸੇ ਦੌਰਾਨ ਇਕ ਯਾਤਰੀ ਨੇ ਉਨ੍ਹਾਂ ਦੀ ਤਸਵੀਰ ਖਿੱਚ ਕੇ ਸਨੈਪਚੈਟ ‘ਤੇ ਅੱਪਲੋਡ ਕਰ ਦਿੱਤੀ ਅਤੇ ਨਾਲ ਟਿੱਪਣੀ ਕੀਤੀ, ”ਅਤਿਵਾਦੀ ਨਾਲ ਸਫ਼ਰ ਕਰ ਰਿਹਾ ਹੋਣ ਦੇ ਬਾਵਜੂਦ ਮੈਂ ਹਾਲੇ ਵੀ ਜ਼ਿੰਦਾ ਹਾਂ।”
ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਚਰਚਿਤ ਹੋਣ ‘ਤੇ ਲੋਕਾਂ ਨੇ ਨਸਲਵਾਦੀ ਗੋਰੇ ਦੀ ਖੁੰਬ ਠੱਪੀ। ਸੋਸ਼ਲ ਮੀਡੀਆ ‘ਤੇ ਤਸਵੀਰਾਂ ਜਾਰੀ ਕਰਨ ਵਾਲੇ ਦਾ ਨਾਮ ਪਤਾ ਨਹੀਂ ਲੱਗ ਸਕਿਆ ਪਰ ਇਸ ਦੀ ਕਰਤੂਤ ਦੇ ਵਿਰੋਧ ਵਿਚ 6800 ਟਵੀਟ ਆਏ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਟਿੱਪਣੀਆਂ ਕੀਤੀਆਂ।
ਸਿਮਰਨਜੀਤ ਸਿੰਘ ਨੇ ਕਿਹਾ,”ਮੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਮੇਰੇ ਅੱਗੇ ਵਾਲੀ ਸੀਟ ‘ਤੇ ਬੈਠਾ ਵਿਅਕਤੀ ਅਜਿਹੀ ਮਾਨਸਿਕਤਾ ਵਾਲਾ ਹੋਵੇਗਾ। ਮੈਂ ਯੂਨੀਵਰਸਟੀ ਵਿਚ ਸਿੱਖ ਧਰਮ ਬਾਰੇ ਪੜ੍ਹਾਉਂਦਾ ਹਾਂ ਅਤੇ ਹਰ ਥਾਂ ‘ਤੇ ਲੋਕਾਂ ਨੂੰ ਦੁਨੀਆਂ ਦੇ ਇਸ ਆਧੁਨਿਕ ਧਰਮਾਂ ਦੀਆਂ ਚੰਗਿਆਈਆਂ ਦੱਸਣ ਤੋਂ ਨਹੀਂ ਖੁੰਝਦਾ।”
ਉਨ੍ਹਾਂ ਕਿਹਾ ਕਿ ਫਿਰ ਵੀ ਮੈਨੂੰ ਇਸ ਘਟਨਾ ਨੇ ਭਵਿੱਖ ਲਈ ਸੁਚੇਤ ਕਰ ਦਿੱਤਾ ਹੈ। ਇਥੇ ਦੱਸਣਾ ਬਣਦਾ ਹੈ ਕਿ 11 ਸਤੰਬਰ 2001 ਦੇ ਦਹਿਸ਼ਤੀ ਹਮਲੇ ਤੋਂ ਬਾਅਦ ਅਮਰੀਕਾ ਵਿਚ ਸਿੱਖਾਂ ਨੂੰ ਪਛਾਣ ਦੇ ਭੁਲੇਖੇ ਕਾਰਨ ਨਿਸ਼ਾਨਾ ਬਣਾਇਆ ਗਿਆ। ਸਿੱਖਾਂ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ ਪਰ ਇਸ ਦੇ ਬਾਵਜੂਦ ਸਿੱਖਾਂ ਨੇ ਹਿੰਮਤ ਨਹੀਂ ਹਾਰੀ ਅਤੇ ਅਮਰੀਕਾ ਵਿਚ ਅਪਣੇ ਧਰਮ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *