ਮੋਨੂੰ ਅਰੋੜਾ ਦਾ ਭੋਗ ਅੱਜ, ਪਰਿਵਾਰ ਨੇ ਅਜੇ ਤੱਕ ਕੋਈ ਗ੍ਰਿਫਤਾਰੀ ਨਾ ਕੀਤੇ ਜਾਣ ‘ਤੇ ਪ੍ਰਗਟਾਇਆ ਰੋਸ ਕਿਹਾ ਜੇ ਭੋਗ ਤੱਕ ਨਾ ਹੋਈ ਗ੍ਰਿਫਤਾਰੀ ਤਾਂ ਕੋਈ ਠੋਸ ਫੈਸਲਾ ਲੈਣ ਲਈ ਹੋਵਾਂਗੇ ਮਜਬੂਰ

ss1

ਕੈਪਸ਼ਨ: ਮੋਨੂ ਅਰੋੜਾ ਦੀ ਫਾਈਲ ਫੋਟੋ

ਤਲਵੰਡੀ ਸਾਬੋ, 17 ਜੂਨ (ਗੁਰਜੰਟ ਸਿੰਘ ਨਥੇਹਾ)- ਨੇੜਲੇ ਪਿੰਡ ਭਾਗੀਵਾਂਦਰ ਵਿੱਚ ਬੀਤੇ ਦਿਨ ਨਸ਼ਾ ਤਸਕਰ ਦੱਸ ਕੇ ਵੱਢ ਕੇ ਸੁੱਟਣ ਤੋਂ ਬਾਅਦ ਜਾਨ ਗਵਾ ਬੈਠੇ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਦਾ ਭਲਕੇ ਐਤਵਾਰ ਨੂੰ ਭੋਗ ਪਾਇਆ ਜਾਣਾ ਹੈ ਪਰ ਸਥਾਨਕ ਪੁਲਿਸ ਵੱਲੋਂ ਅਜੇ ਤੱਕ ਉਕਤ ਕਾਂਡ ਦੇ ਕਥਿਤ ਦੋਸ਼ੀਆਂ ਵਿੱਚੋਂ ਕਿਸੇ ਦੀ ਵੀ ਗ੍ਰਿਫਤਾਰੀ ਨਾ ਕਰ ਸਕਣ ਤੋਂ ਪੀੜਿਤ ਦੇ ਪਰਿਵਾਰ ਨੇ ਰੋਸ ਪ੍ਰਗਟ ਕਰਦਿਆਂ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਭੋਗ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਕੋਈ ਠੋਸ ਫੈਸਲਾ ਲੈਣ ਲਈ ਮਜਬੂਰ ਹੋਣਗੇ ਜਿਸਦਾ ਜਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ।
ਜਿਕਰਯੋਗ ਹੈ ਕਿ ਬੀਤੀ ਦਿਨੀਂ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਪਿੰਡ ਭਾਗੀਵਾਂਦਰ ਦੀ ਸੱਥ ਵਿੱਚ ਬੁਰੀ ਤਰ੍ਹਾਂ ਵੱਢੀ ਟੁੱਕੀ ਹਾਲਤ ਵਿੱਚ ਮਿਲਿਆ ਸੀ ਤੇ ਇਲਾਜ ਦੌਰਾਨ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਸੱਟਾਂ ਦੀ ਤਾਬ ਨਾ ਝੱਲਦਿਆਂ ਉਸਦੀ ਮੌਤ ਹੋ ਗਈ ਸੀ। ਮੌਤ ਉਪਰੰਤ ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕ ਮੋਨੂੰ ਅਰੋੜਾ ਦੇ ਭਰਾ ਦੇ ਬਿਆਨਾਂ ‘ਤੇ ਪਿੰਡ ਭਾਗੀਵਾਂਦਰ ਦੇ 13 ਲੋਕਾਂ ਖਿਲਾਫ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕਰ ਲਿਆ ਸੀ। ਇੰਨਾ ਹੀ ਨਹੀ ਪੁਲਸ ਨੇ ਉਕਤ ਮਾਮਲੇ ਨੂੰ ਨਸ਼ਾ ਤਸਕਰੀ ਦਾ ਨਾ ਦੱਸ ਕੇ ਨਿੱਜੀ ਰੰਜਿਸ਼ ਦਾ ਦੱਸਦਿਆਂ ਬੀਤੇ ਦਿਨ ਪ੍ਰੈੱਸ ਕਾਨਫਰੰਸ ਵਿੱਚ ਮੰਨਿਆ ਸੀ ਕਿ ਮੋਨੂੰ ਨੂੰ ਉਸਦੇ ਘਰੋਂ ਚੁੱਕ ਕੇ ਜੋਧਪੁਰ ਪਾਖਰ ਦੀ ਕੱਸੀ ‘ਤੇ ਵੱਢ ਟੁੱਕ ਕਰਨ ਉਪਰੰਤ ਭਾਗੀਵਾਂਦਰ ਪਿੰਡ ਦੀ ਸੱਥ ਵਿੱਚ ਲਿਆ ਕੇ ਸੁੱਟਿਆ ਗਿਆ ਤੇ ਪੁਲਿਸ ਨੇ ਉਕਤ ਪੂਰੇ ਪ੍ਰਕਰਣ ਵਿੱਚ ਵਰਤੀ ਗਈ ਕਥਿਤ ਮੁੱਖ ਦੋਸ਼ੀ ਪਿੰਡ ਦੀ ਮਹਿਲਾ ਸਰਪੰਚ ਦੇ ਪੁੱਤਰ ਦੀ ਖੂਨ ਨਾਲ ਲੱਥਪੱਥ ਸਕਾਰਪਿਓ ਗੱਡੀ ਵੀ ਬਰਾਮਦ ਕਰ ਲਈ ਸੀ। ਪੁਲਸ ਨੇ ਇਹ ਵੀ ਮੰਨ ਲਿਆ ਹੈ ਕਿ ਇਸ ਕਤਲ ਕਾਂਡ ਵਿੱਚ ਪੂਰਾ ਪਿੰਡ ਨਹੀ ਸਗੋਂ ਚਾਰ ਪੰਜ ਲੋਕ ਸ਼ਾਮਿਲ ਹਨ ਅਤੇ ਮ੍ਰਿਤਕ ਮੋਨੂੰ ਅਰੋੜਾ ਕੋਈ ਨਸ਼ਾ ਤਸਕਰ ਨਹੀਂ ਸੀ ਸਗੋਂ ਖੁਦ ਨਸ਼ੇ ਦਾ ਆਦੀ ਸੀ।
ਉੱਧਰ ਭਾਵੇਂ ਉਕਤ ਕਾਂਡ ਵਿੱਚ ਵਰਤੀ ਗਈ ਗੱਡੀ ਦੀ ਬਰਾਮਦਗੀ ਤੋਂ ਬਾਅਦ ਪੀੜਿਤ ਦੇ ਪਰਿਵਾਰਿਕ ਮੈਂਬਰਾਂ ਨੂੰ ਕਥਿਤ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਦੀ ਆਸ ਬੱਝ ਗਈ ਸੀ ਪ੍ਰੰਤੂ ਹੁਣ ਕਈ ਦਿਨ ਲੰਘ ਜਾਣ ਦੇ ਬਾਵਜੂਦ ਪੁਲਿਸ ਹੱਥ ਕੋਈ ਨਵੀਂ ਪ੍ਰਾਪਤੀ ਨਾ ਲੱਗਣ ਦੇ ਚਲਦਿਆਂ ਪਰਿਵਾਰਿਕ ਮੈਂਬਰਾਂ ਨੇ ਨਾਖੂਸ਼ੀ ਪ੍ਰਗਟ ਕੀਤੀ ਹੈ। ਮ੍ਰਿਤਕ ਦੇ ਭਰਾ ਕੁਲਦੀਪ ਕੁਮਾਰ ਅਨੁਸਾਰ ਮੋਨੂੰ ਦੇ ਸੰਸਕਾਰ ਤੋਂ ਪਹਿਲਾਂ ਪੁਲਿਸ ਨੇ ਉਨ੍ਹਾਂ ਨੂੰ ਭਰੋਸਾ ਦੁਵਾਉਂਦਿਆਂ ਸੱਤ ਦਿਨਾਂ ਤੇ ਅੰਦਰ ਅੰਦਰ ਕਥਿਤ ਦੋਸ਼ੀ ਫੜ ਲੈਣ ਦੀ ਗੱਲ ਕਹੀ ਸੀ ਪਰ ਹੁਣ ਪੰਜ ਛੇ ਦਿਨ ਲੰਘ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਖਾਲੀ ਹਨ ਜਦੋਂਕਿ ਮੋਨੂੰ ਦਾ ਭੋਗ ਵੀ ਐਤਵਾਰ ਨੂੰ ਹੈ। ਉਨਾਂ ਚੇਤਾਵਨੀ ਦਿਤੀ ਕੇ ਜੇ ਕਰ ਦੋਸ਼ੀਆਂ ਨੂੰ ਭੋਗ ਤੱਕ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਉਹ ਭੋਗ ਮੌਕੇ ਕੋਈ ਸਖਤ ਫੈਸਲਾ ਲੈਣਗੇ ਜਿਸ ਦੀ ਜਿੰਮੇਵਾਰ ਸਥਾਨਕ ਪੁਲਸ ਹੋਵੇਗੀ।
ਜਦਂੋ ਮਾਮਲੇ ਸਬੰਧੀ ਬਰਿੰਦਰ ਸਿੰਘ ਗਿੱਲ ਡੀ. ਐਸ. ਪੀ ਤਲਵੰਡੀ ਸਾਬੋ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਸ ਇਸ ਮਾਮਲੇ ਵਿੱਚ ਦਿਨ ਰਾਤ ਕੰਮ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਬਣਾ ਕੇ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ aਨਾਂ ਉਮੀਦ ਪ੍ਰਗਟਾਈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

print

Share Button
Print Friendly, PDF & Email