ਕਹਾਣੀ ਚਾਨਣ

ss1

ਕਹਾਣੀ     ਚਾਨਣ

        ਭਾਗੋ ਛੇ ਭੈਣਾਂ ਵਿਚ ਸਭ ਤੋ ਵੱਡੀ ਭੈਣ ਸੀ। ਘਰ ਵਿਚ ਕੋਈ ਪੁੱਤਰ ਨਾ ਹੋਣ ਕਾਰਨ ਭਾਗੋ ਦੀ ਮਾਂ ਨੂੰ ਨਾ ਚਾਹੁੰਦੇ ਹੋਏ ਵੀ ਛੇ ਧੀਆਂ ਨੂੰ ਜਨਮ ਦੇਣਾ ਪਿਆ ਸੀ । ਭਾਗੋ ਆਪਣੀ ਸੂਝਵਾਨ ਮਾਂ ਦੀ ਬਹੁਤ ਸਿਆਣੀ, ਵਫਾਦਾਰ ਅਤੇ ਦਿਮਾਗ ਦੀ ਤੇਜ-ਤਰਾਰ ਔਲਾਦ ਸੀ।  ਘਰ ਵਿਚ ਗਰੀਬੀ ਅਤੇ ਪਰਿਵਾਰ ਵੱਡਾ ਹੋਣ ਕਾਰਨ ਉਸਨੂੰ ਬਹੁਤਾ ਪੜਾਇਆ ਵੀ ਨਹੀ ਸੀ ਜਾ ਸਕਿਆ।  ਮਸਾਂ ਛੇ ਕੁ ਸਾਲ ਹੀ ਸਕੂਲੇ ਘੱਲਿਆ ਸੀ, ਉਸ ਨੂੰ। ਅਜੇ ਉਹ 15 ਵਰਿਆਂ ਦੀ ਹੀ ਹੋਈ ਸੀ, ਜਦੋਂ ਵਰ ਲੱਭਕੇ ਉਸ ਦਾ ਵਿਆਹ ਕਰ ਦਿੱਤਾ ਸੀ ।  ਅੱਗੋਂ ਸਹੁਰੇ-ਘਰ ਵਿਚ ਘੋਰ ਗਰੀਬੀ ਹੋਣ ਕਰਕੇ ਭਾਗੋ  ਨੇ ਭਾਵੇਂ ਵਿਆਹੁਤਾ ਜ਼ਿੰਦਗੀ ਦਾ ਬਹੁਤਾ ਸੁੱਖ ਤਾਂ ਨਹੀ ਸੀ ਮਾਣਿਆ, ਪਰ ਆਪਣੀ ਅਕਲ ਅਤੇ ਸੂਝਬੂਝ ਨਾਲ ਵੱਡੀ ਤੋ ਵੱਡੀ ਹਰ ਮੁਸ਼ਕਿਲ ਨਾਲ ਟਕਰਾਉਣ ਦੀ ਹਿੰਮਤ ਰੱਖਦੀ ਸੀ ਉਹ। ਸਮਾਂ ਪਾ ਕੇ ਭਾਗੋ ਦੀ ਕੁੱਖੋਂ ਇਕ ਬੱਚੀ ਨੇ ਜਨਮ ਲਿਆ, ਜਿਸ ਦੇ ਜਨਮ ਦੀ ਵੀ ਘਰ ਵਾਲਿਆਂ ਵਲੋਂ ਕੋਈ ਖੁਸ਼ੀ ਨਾ ਮਨਾਈ ਗਈ। ਪਰ, ਭਾਗੋ ਮਨੋ-ਮਨੀ ਬਹੁਤ ਖੁਸ਼ ਸੀ। ਉਹ ਆਪਣੇ ਅਧੂਰੇ ਰਹਿ ਗਏ ਅਰਮਾਨ ਅਤੇ ਸੁਪਨੇ ਆਪਣੀ ਬੇਟੀ ਤੋ ਪੂਰੇ ਕਰਨਾ ਚਾਹੁੰਦੀ ਸੀ।

     ਭਾਗੋ ਦੀ ਸੱਸ ਧੰਤੋ ਦੀ ਸੋਚ ਅਜੇ ਵੀ ਜਿਉਂ ਦੀ ਤਿਉਂ ਹੀ ਸੀ।  ਉਹ ਪੋਤਰੇ ਦਾ ਮੂੰਹ ਦੇਖਣ ਲਈ ਉਤਾਵਲੀ ਮਿਹਣੇ-ਤਾਹਨੇ ਮਾਰ ਰਹੀ ਸੀ।  ਭਾਗੋ ਦੂਜੇ ਬੱਚੇ ਨੂੰ ਜਨਮ ਦੇਣ ਦੇ ਹੱਕ ਵਿਚ ਨਹੀ ਸੀ। ਉਹ ਚਾਹੁੰਦੀ ਸੀ ਕਿ ਉਹ ਆਪਣੀ ਬੇਟੀ ਮੀਤੋ ਨੂੰ ਪੜਾ-ਲਿਖਾ ਕੇ ਕਿਸੇ ਚੰਗੀ ਨੌਕਰੀ ਤੇ ਲਗਵਾਏਗੀ। ਪਰ, ਦੂਜੇ ਪਾਸੇ ਮਿਹਣਿਆਂ-ਤਾਹਨਿਆਂ ਦੀਆਂ ਛੁਰੀਆਂ ਵੀ ਭਾਗੋ ਦਾ ਹਿਰਦਾ ਚੀਰ ਰਹੀਆਂ ਸਨ। ਨਤੀਜਨ, ਉਸ ਨੂੰ ਮਜਬੂਰਨ ਕੁੱਖ ਵਿਚ ਇਕ ਹੋਰ ਬੱਚਾ ਪਾਲਣਾ ਪਿਆ।  ਸਮਾ ਆਇਆ ਤਾਂ ਬੱਚੇ ਨੇ ਜਨਮ ਲਿਆ, ਜਿਹੜਾ ਕਿ ਸੱਸ ਦੀਆਂ ਸਾਰੀਆਂ ਆਸਾਂ-ਉਮੀਦਾਂ ਉਪਰ ਪਾਣੀ ਫੇਰ ਗਿਆ, ਕਿਉਂਕਿ ਇਸ ਬਾਰ ਵੀ ਇਸ ਨਵ-ਜੰਮੇ ਬੱਚੇ ਨੂੰ ‘ਖੰਡ ਦੀ ਬੋਰੀ’ ਆਖ ਕੇ ਹੀ ਉਹ ਨੱਕ ਵਿੰਗਾ ਜਿਹਾ ਕਰ ਰਹੀ ਸੀ।

     ਭਾਗੋ  ਦੇ ਕੰਨੀ ਗੱਲ-ਗੱਲ ਉਤੇ ਮਿਹਣੇ-ਤਾਹਨੇ ਪੈਂਦੇ, ਪਰ ਉਹ ਹਰ ਮੁਸ਼ਕਿਲ ਦਾ ਹੱਲ ਬੜੀ ਦਲੇਰੀ, ਸ਼ਹਿਨਸ਼ੀਲਤਾ, ਹੌਸਲੇ ਅਤੇ ਸਿਆਣਪ ਨਾਲ ਕਰ ਲੈਦੀ। ਡੰਗ ਤੇ ਚੋਭਾਂ ਦੀ ਪ੍ਰਵਾਹ ਕੀਤੇ ਬਗੈਰ ਉਹ ਘਰ ਦੇ ਕੰਮਾਂ ਅਤੇ ਆਪਣੇ ਸਿਲਾਈ-ਕਢਾਈ ਦੇ ਕੰਮਾਂ ਵਿਚ ਮਸਤ-ਅਲਮਸਤ ਰਹਿੰਦੀ। ਉਹ ਆਪਣੀ ਸਿਲਾਈ ਦੀ ਮਿਹਨਤ ਨਾਲ ਆਪਣੀ ਲਾਡਲੀ ਮੀਤੋ ਦੇ ਸਕੂਲ ਦਾ ਖਰਚਾ ਕੱਢ ਲੈਂਦੀ। ਘਰ ਵਿਚ ਬਿਜਲੀ ਨਾ ਹੋਣ ਕਾਰਨ ਸੂਰਜ ਛਿਪਣ ਤੋ ਪਹਿਲਾਂ-ਪਹਿਲਾਂ ਹੀ ਉਹ ਆਪਣੇ ਸਾਰੇ ਕੰਮ ਮੁਕਾ ਲੈਂਦੀ। ਉਸ ਦੀ ਕੋਸ਼ਿਸ਼ ਸੀ ਕਿ ਜਿਵੇਂ ਸਾਰੇ ਪਿੰਡ ਵਿਚ ਘਰ-ਘਰ ਬਿਜਲੀ ਹੈ, ਉਵੇਂ ਹੀ ਉਸ ਦੇ ਘਰ ਵੀ ਹੋਵੇ, ਪਰ ਹੁੰਦੀ ਤਾਂ ਕਿਵੇਂ ਹੁੰਦੀ। ਖਰਚਾ ਹੀ ਪੇਸ਼ ਨਹੀ ਸੀ ਜਾਣ ਦੇ ਰਿਹਾ, ਉਸ ਦੀ।

    ਮੀਤੋ ਬੜੀ ਸੂਝਵਾਨ ਨਿਕਲੀ। ਖਿਡਾਰਨਾਂ ਵਿਚ ਟੌਪ ਦੀ ਖਿਡਾਰਨ।  ਹੁਸ਼ਿਆਰ ਵਿਦਿਆਰਥੀਆਂ ਵਿਚ ਫਸਟ ਡਵੀਜਨਾਂ ਹਾਸਲ ਕਰਕੇ ਵਜੀਫੇ ਪ੍ਰਾਪਤ ਕਰਨ ਵਾਲੀ ਹੋਣਹਾਰ ਵਿਦਿਆਰਥਣ ਅਤੇ ਸੱਭਿਆਚਾਰਕ ਗਤੀ-ਵਿਧੀਆਂ ਵਿਚ ‘ਗਿੱਧਿਆਂ ਦੀ ਰਾਣੀ’। ਉਸ ਦੀਆਂ ਹਰ ਖੇਤਰ ਦੀਆਂ ਕਦਮ-ਕਦਮ ਦੀਆਂ ਪ੍ਰਾਪਤੀਆਂ ਦੇਖ-ਦੇਖਕੇ ਭਾਗੋ  ਹੌਸਲੇ ਨਾਲ ਅੰਬਰੀਂ ਉਡਾਰੀਆਂ ਲਾਉਂਦੀ ਫਿਰਦੀ ਰਹਿੰਦੀ। ਉਸ ਨੂੰ ਇੰਝ ਲੱਗਦਾ ਜਿਵੇਂ ਉਸ ਦੇ ਸਾਰੇ ਅਧੂਰੇ ਅਰਮਾਨ ਅਤੇ ਰੀਝਾਂ ਉਸ ਦੀ ਲਾਡਲੀ ਮੀਤੋ ਅਤੇ ਛੋਟੀ ਜੀਤੋ ਪੂਰੀ ਕਰਨ ਤੇ ਤੁਲੀਆਂ ਹੋਈਆਂ ਹੋਣ। ਮੀਤੋ ਆਪਣੀ ਪੜਾਈ ਦਾ ਕੰਮ ਮੁਕਾ ਲੈਦੀ ਤਾਂ ਆਪਣੀ ਮਾਂ ਦਾ ਕੰਮ ‘ਚ ਹੱਥ ਵਟਾਉਣ ਲੱਗ ਜਾਂਦੀ।  ਜੀਤੋ ਨੂੰ ਵੀ ਸਕੂਲ ਦਾ ਸਾਰਾ ਕੰਮ ਕਰਵਾਉਂਦੀ। ਉਹ ਜਿਵੇ-ਕਿਵੇ ਬੀ. ਏ. ਦੀ ਡਿਗਰੀ ਦਾ ਮੋਰਚਾ ਸਰ ਕਰ ਗਈ।  ਨੌਕਰੀ ਲਈ ਅਪਲਾਈ ਕੀਤਾ ਤਾਂ ਮਾਲਕ ਨੇ ਉਧਰ ਵੀ ਸੁਣ ਲਈ।  ਉਸ ਦੀ ਕਲਰਕ ਦੀ ਨੌਕਰੀ ਲਈ ਸਲੈਕਸ਼ਨ ਹੋ ਗਈ। ਮਾਲਕ ਨੇ ਅਗਲੀ ਕਿਰਪਾ ਇਹ ਕੀਤੀ ਕਿ ਨਿਯੁਕਤੀ ਵੀ ਲਾਗਲੇ ਸ਼ਹਿਰ ਵਿਚ ਹੀ ਹੋ ਗਈ।

   ਮੀਤੋ ਨੂੰ ਪਹਿਲੀ ਤਨਖਾਹ ਮਿਲੀ।  ਦੋਨੋ ਮਾਵਾਂ ਧੀਆਂ ਸਿੱਧੀਆਂ ਗੁਰੂ-ਘਰ ਗਈਆਂ। ਪ੍ਰਸ਼ਾਦ ਚੜਾਇਆ ਅਤੇ ਮਾਲਕ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। ਅਗਲੇ ਹੀ ਦਿਨ ਮੀਤੋ ਦੀ ਇਸੇ ਤਨਖਾਹ ਵਿਚ ਬਿਜਲੀ ਦਾ ਕੁਨੈਕਸ਼ਨ ਲਗਵਾ ਲਿਆ। ਘਰ ਇਕ ਦਮ ਜਗ-ਮਗਾ ਉਠਿਆ। ਘਰ ਵਿਚ ਚਾਰੋ ਪਾਸੇ ਚਾਨਣ-ਹੀ-ਚਾਨਣ ਹੋ ਗਿਆ। ਭਾਗੋ ਦੀ ਸੱਸ, ਜੋ ਹੁਣ ਬੁੱਢੀ ਹੋ ਚੁੱਕੀ ਸੀ, ਮੰਜੇ ਤੇ ਪਈ ਬੋਲੀ, ‘ਪੁੱਤ ਮੀਤੋ ਤੂੰ ਤਾਂ ਸੱਚਮੁੱਚ ਘਰ ਦਾ ਚਾਨਣ ਏ !  ਤੂੰ ਇਸ ਘਰ ਵਿਚ ਜਨਮ ਲੈਕੇ ਘਰ ਵਿਚ ਮੁੱਦਤਾਂ ਦਾ ਹਨੇਰਾ ਚੁੱਕ ਕੇ ਘਰ ਵਿਚ ਚਾਨਣ ਕਰ ਦਿੱਤਾ । ਭਾਗੋ  ਨੇ ਹੱਸਦਿਆਂ ਆਖਿਆ, ‘ਮਾਂ ਜੀ ਸੱਚ ਕਹਿ ਰਹੇ ਹੋ ਤੁਸੀਂ। ਇਹ ਬਿਜਲੀ ਦਾ ਚਾਨਣ ਨਹੀ, ਬਲਕਿ ਇਹ ਵਿਦਿਆ ਦਾ ਚਾਨਣ ਹੈ, ਇਹ ਧੀਆਂ ਦਾ ਚਾਨਣ ਹੈ !’  ਫਿਰ ਮੀਤ ਨੂੰ ਕਲਾਵੇ ‘ਚ ਲੈਕੇ ਚੁੰਮਦੀ ਹੋਈ ਬੋਲੀ, ਯੁੱਗ-ਯੁੱਗ ਜੀਵੇ ਮੇਰਾ ਲਾਡਲਾ ਚਾਨਣ, ਮੇਰੀ ਮੀਤ !  ਜਿੱਥੇ ਜਾਵੇ ਹਨੇਰਾ ਦੂਰ ਕਰਕੇ ਚਾਨਣ ਹੀ ਚਾਨਣ ਕਰ ਦੇਵੇ !’

ਕੁਲਵਿੰਦਰ ਕੌਰ ਮਹਿਕ, ਮੁਹਾਲੀ

print
Share Button
Print Friendly, PDF & Email

Leave a Reply

Your email address will not be published. Required fields are marked *