ਬਾਦਲ ਨੂੰ ਰਾਸ਼ਟਰਪਤੀ ਬਣਾਉਣ ਦਾ ਵਾਅਦਾ ਨਿਭਾੲੇ ਭਾਜਪਾ : ਸਿਮਰਨਜੀਤ ਮਾਨ

ss1

ਬਾਦਲ ਨੂੰ ਰਾਸ਼ਟਰਪਤੀ ਬਣਾਉਣ ਦਾ ਵਾਅਦਾ ਨਿਭਾੲੇ ਭਾਜਪਾ : ਸਿਮਰਨਜੀਤ ਮਾਨ

“ਬੀਜੇਪੀ ਦੇ ਪ੍ਰਮੁੱਖ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਮਨੋਹਰ ਜੋਸ਼ੀ, ਅਟਲ ਬਿਹਾਰੀ ਵਾਜਪਾਈ ਆਦਿ ਵੱਲੋਂ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਵੱਡੇਰੀ ਸਿਆਸੀ ਅਤੇ ਦੁਨਿਆਵੀ ਉਮਰ ਨੂੰ ਦੇਖਦੇ ਹੋਏ ਕਈ ਵਾਰੀ ਸ. ਬਾਦਲ ਨਾਲ ਇਹ ਵਾਅਦੇ ਕੀਤੇ ਗਏ ਹਨ ਕਿ ਉਨਾਂ ਨੂੰ ਭਾਰਤ ਦਾ ਰਾਸ਼ਟਰਪਤੀ ਬਣਾਇਆ ਜਾਵੇਗਾ । ਹੁਣ ਜਦੋਂ ਰਾਸ਼ਟਰਪਤੀ ਦੀ ਨਵੀਂ ਚੋਣ ਵਿਚ ਥੋੜੇ ਦਿਨ ਬਾਕੀ ਰਹਿ ਗਏ ਹਨ, ਤਾਂ ਇਸ ਦਿਸ਼ਾ ਵੱਲ ਬੀਜੇਪੀ ਅਤੇ ਆਰਐਸਐਸ ਦੀ ਕੋਈ ਹਿੱਲ-ਜੁਲ ਨਜ਼ਰ ਨਹੀਂ ਆ ਰਹੀ । ਹੁਣ ਵੇਖਣਾ ਇਹ ਹੈ ਕਿ ਮੌਜੂਦਾ ਭਾਰਤ ਦੀ ਹਕੂਮਤ ਤੇ ਕਾਬਜ਼ ਬੀਜੇਪੀ ਦੇ ਆਗੂ ਇਕ ਸਿੱਖ ਆਗੂ ਨਾਲ ਰਾਸ਼ਟਰਪਤੀ ਬਣਾਉਣ ਦੇ ਕੀਤੇ ਗਏ ਵਾਅਦੇ ਨੂੰ ਅਮਲੀ ਰੂਪ ਵਿਚ ਪੂਰਨ ਕਰਦੇ ਹਨ ਜਾਂ ਨਹੀਂ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਪ੍ਰੈਸ ਨੋਟ ਰਾਹੀਂ ਪ੍ਰਗਟ ਕੀਤੇ ਹਨ।

ਸ. ਮਾਨ ਨੇ ਬੀਤੇ ਨੂੰ ਯਾਦ ਕਰਦਿਆਂ ਕਿਹਾ ਕਿ 1947 ਵਿਚ ਜਵਾਹਰ ਲਾਲ ਨਹਿਰੂ, ਮੋਹਨ ਦਾਸ ਕਰਮ ਚੰਦ ਗਾਂਧੀ, ਵਲਭਭਾਈ ਪਟੇਲ ਆਦਿ ਹਿੰਦੂ ਆਗੂਆਂ ਨੇ ਸਿੱਖ ਕੌਮ ਨਾਲ ਇਹ ਵਾਅਦਾ ਕੀਤਾ ਸੀ ਕਿ ਭਾਰਤ ਆਜ਼ਾਦ ਮੁਲਕ ਕਾਇਮ ਹੋਣ ‘ਤੇ ਭਾਰਤ ਦੇ ਉਤਰੀ ਖਿੱਤੇ ਵਿਚ ਸਿੱਖ ਕੌਮ ਨੂੰ ਇਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ, ਜਿਥੇ ਸਿੱਖ ਕੌਮ ਪੂਰਨ ਆਜ਼ਾਦੀ ਨਾਲ ਆਪਣੇ ਧਰਮ, ਸੱਭਿਅਤਾ ਅਤੇ ਪੰਜਾਬੀਅਤ ਦੀ ਪ੍ਰਫੁੱਲਤਾ ਕਰ ਸਕੇਗੀ ਤੇ ਬਿਨਾਂ ਕਿਸੇ ਡਰ-ਭੈਅ ਦੇ ਆਜ਼ਾਦੀ ਨਾਲ ਵਿਚਰੇਗੀ। ਜਿਵੇਂ ਹਿੰਦੂ ਨੇਤਾਵਾਂ ਦੇ ਕੀਤੇ ਗਏ ਇਹ ਵਾਅਦੇ ਕਦੇ ਪੂਰੇ ਨਾ ਹੋਏ, ਸ਼ਾਇਦ ਸ. ਬਾਦਲ ਨੂੰ ਰਾਸ਼ਟਰਪਤੀ ਬਣਾਉਣ ਦੇ ਵਾਅਦੇ ਦਾ ਵੀ ਇਹੋ ਹਸ਼ਰ ਹੋਵੇਗਾ।

ਮੌਜੂਦਾ ਭਾਰਤ ਦੀ ਹਕੂਮਤ ਤੇ ਬੈਠੇ ਹੁਕਮਰਾਨਾਂ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਰਾਸ਼ਟਰਪਤੀ ਬਣਾਉਣ ਦੇ ਕੀਤੇ ਗਏ ਵਾਅਦੇ ਨੂੰ ਜਨਤਕ ਤੌਰ ਤੇ ਯਾਦ ਕਰਵਾਉਦੇ ਹੋਏ ਸ. ਮਾਨ ਨੇ ਬੀਤੇ ਸਮੇਂ ਦੇ ਹਿੰਦੂ ਆਗੂਆਂ ਅਤੇ ਅਜੋਕੇ ਹਿੰਦੂ ਆਗੂਆਂ ਵੱਲੋਂ ਕੀਤੇ ਜਾਣ ਵਾਲੇ ਵਾਅਦਿਆਂ ਦੇ ਅੰਤਰ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ 1947 ਵਿਚ ਸਿੱਖ ਆਗੂਆਂ ਨੇ ਉਪਰੋਕਤ ਹਿੰਦੂ ਆਗੂਆਂ ਤੇ ਵਿਸ਼ਵਾਸ ਕੀਤਾ ਅਤੇ ਜੋ ਹਸ਼ਰ ਆਜ਼ਾਦੀ ਤੋ ਬਾਅਦ ਉਨਾਂ ਵਾਅਦਿਆ ਦਾ ਜਾਂ ਕੌਲ-ਇਕਰਾਰਾਂ ਦਾ ਹੋਇਆ, ਉਹ ਅੱਜ ਸਿੱਖ ਕੌਮ ਅਤੇ ਸਮੁੱਚੇ ਦੇਸ਼ ਵਾਸੀਆਂ ਦੇ ਸਾਹਮਣੇ ਹੈ । ਹੁਣ ਜੋ ਮੌਜੂਦਾ ਹੁਕਰਮਾਨ ਹਨ, ਕੀ ਇਹ ਵੀ ਸਿੱਖ ਕੌਮ ਨਾਲ ਕੀਤੇ ਗਏ ਵਾਅਦਿਆਂ ‘ਤੇ ਪੂਰਾ ਉਤਰਦੇ ਹਨ ਜਾਂ ਫਿਰ ਉਸੇ ਮੁਤੱਸਵੀ ਸੋਚ ‘ਤੇ ਅਮਲ ਕਰਦੇ ਹਨ, ਇਹ ਦੇਖਣਾ ਬਾਕੀ ਹੈ। ਚੰਦ ਦਿਨਾਂ ਬਾਅਦ ਰਾਸ਼ਟਰਪਤੀ ਦੀ ਚੋਣ ਆ ਰਹੀ ਹੈ, ਉਸ ਸਮੇਂ ਪੂਰਨ ਰੂਪ ਵਿਚ ਬਿੱਲੀ ਥੈਲਿਓਂ ਬਾਹਰ ਆ ਜਾਵੇਗੀ ।

ਸ. ਮਾਨ ਨੇ ਮੌਜੂਦਾ ਭਾਰਤ ਦੇ ਹੁਕਮਰਾਨਾਂ ਨੂੰ ਮਿਹਣਾ ਮਾਰਦੇ ਹੋਏ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਆਪਣੀ ਆਖਰੀ ਉਮਰ ਵਿਚ ਗੁਜ਼ਰ ਰਹੇ ਹਨ। ਉਹ ਸਿੱਖ ਕੌਮ ਦੇ ਵਿਰੁੱਧ ਜਾ ਕੇ ਵੀ ਬੀਜੇਪੀ ਅਤੇ ਇਨਾਂ ਹਿੰਦੂਤਵ ਆਗੂਆਾਂ ਦੀ ਵੱਡੇ ਜੋਖਮ ਲੈਕੇ ਮਦਦ ਕਰਦੇ ਰਹੇ ਹਨ । ਜੇਕਰ ਅਜੋਕੇ ਹਿੰਦੂ ਆਗੂਆਂ ਨੇ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੇ ਗਏ ਵਚਨ ਨੂੰ ਪੂਰਾ ਨਾ ਕੀਤਾ ਤਾਂ ਅਕਾਲੀ-ਬੀਜੇਪੀ ਦੇ ਨਹੁੰ-ਮਾਸ ਅਤੇ ਪਤੀ-ਪਤਨੀ ਵਾਲੇ ਰਿਸ਼ਤੇ ਦਾ ਭਾਂਡਾ ਚੌਰਾਹੇ ਵਿਚ ਫੁੱਟ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *