ਸੱਤਾ ਧਾਰੀ ਪਾਰਟੀ ਦੀ ਵਾਅਦਾ ਖਿਲਾਫੀ ਵਿਰੁੱਧ ਵੱਡਾ ਅੰਦੋਲਨ ਛੇੜੇਗਾ ਅਕਾਲੀ ਦਲ

ss1

ਸੱਤਾ ਧਾਰੀ ਪਾਰਟੀ ਦੀ ਵਾਅਦਾ ਖਿਲਾਫੀ ਵਿਰੁੱਧ ਵੱਡਾ ਅੰਦੋਲਨ ਛੇੜੇਗਾ ਅਕਾਲੀ ਦਲ
ਕਰਜ਼ਾ ਮੁਆਫੀ ਦੀ ਮੰਗ ਕਰਦਿਆਂ ਜਾਨ ਦੇਣ ਵਾਲੇ ਕਿਸਾਨ ਨੂੰ ਰਾਹਤ ਦੇਵੇ ਸਰਕਾਰ : ਭੂੰਦੜ

ਰਾਮਪੁਰਾ ਫੂਲ 18 ਮਈ (ਦਲਜੀਤ ਸਿੰਘ ਸਿਧਾਣਾ) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਨਵੀਂ ਕਾਂਗਰਸ ਸਰਕਾਰ ਨੂੰ ਕਿਸਾਨਾਂ ਦੀ ਦੁਰਦਸ਼ਾ ਨੂੰ ਸਮਝਣ ਅਤੇ ਉਹਨਾਂ ਨੂੰ ਰਾਹਤ ਦੇਣ ਲਈ ਆਖਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਸਰਕਾਰ ਦੀ ਅਣਗਹਿਲੀ ਕਾਰਣ ਮਰੇ ਅਤੇ ਸਸਕਾਰ ਦੀ ਉਡੀਕ ਕਰ ਰਹੇ ਕਿਸਾਨ ਦੇ ਪਰਿਵਾਰ ਵੱਲ ਅੱਖਾਂ ਮੀਚ ਕੇ ਸੂਬਾ ਸਰਕਾਰ ਕਿਸਾਨੀ ਦੇ ਜਖਮਾਂ ਉੱਤੇ ਨਮਕ ਨਾ ਛਿੜਕੇ।
ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂ ਸ਼ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਮੁਖਤਿਆਰ ਸਿੰਘ ਦੇ ਪਰਿਵਾਰ ਦੀ ਮੱਦਦ ਕਰਨ ਤੋਂ ਟਾਲਾ ਵੱਟ ਰਹੀ ਹੈ, ਜਿਹੜਾ ਕਿ ਮਈ ਦਿਵਸ ਨੂੰ ਬਠਿੰਡਾ ਵਿਖੇ ਇੱਕ ਕਿਸਾਨ ਰੈਲੀ ਵਿਚ ਭਾਗ ਲੈਂਦਾ ਹੋਇਆ ਆਪਣੀ ਜਾਨ ਤੋਂ ਹੱਥ ਧੋ ਬੈਠਾ। ਮੁਖਤਿਆਰ ਦੇ ਪਰਿਵਾਰ ਨੇ ਉਸ ਸਮੇਂ ਤੀਕ ਮ੍ਰਿਤਕ ਦਾ ਸਸਕਾਰ ਕਰਨ ਤੋਂ ਮਨਾ ਕਰ ਦਿੱਤਾ ਹੈ ਜਦ ਤਕ ਉਹਨਾਂ ਨੂੰ ਢੁੱਕਵਾਂ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦੀ ਪੇਸ਼ਕਸ਼ ਨਹੀਂ ਦਿੱਤੀ ਜਾਂਦੀ।

ਸ਼ ਭੂੰਦੜ ਨੇ ਕਿਹਾ ਕਿ ਸਰਕਾਰਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਸੌੜੀ ਰਾਜਨੀਤੀ ਤੋਂ ਉੱਪਰ ਉੱਠ ਕੇ ਲੋੜਵੰਦਾਂ ਦੀ ਮੱਦਦ ਕਰਨ। ਉਹਨਾਂ ਕਿਹਾ ਕਿ ਮੁਖਤਿਆਰ ਭਾਰਤੀ ਕਿਸਾਨ ਯੂਨੀਅਨ ਦਾ ਕਾਰਕੁਨ ਹੋ ਸਕਦਾ ਹੈ, ਪਰ ਉਹ ਇੱਕ ਪੰਜਾਬੀ ਵੀ ਸੀ। ਉਸ ਦੀ ਗਲਤੀ ਸਿਰਫ ਇਹ ਸੀ ਕਿ ਉਹ ਸਰਕਾਰ ਨੂੰ ਮੁਕੰਮਲ ਕਰਜ਼ ਮੁਆਫੀ ਵਾਲਾ ਵਾਅਦਾ ਚੇਤੇ ਕਰਾਉਣ ਲਈ ਰੱਖੀ ਰੈਲੀ ਵਿਚ ਭਾਗ ਲੈ ਰਿਹਾ ਸੀ। ਉਹਨਾਂ ਕਿਹਾ ਕਿ ਕਰਜ਼ੇ ਥੱਲੇ ਦੱਬੇ ਹੋਣ ਤੋਂ ਇਲਾਵਾ ਉਹ ਆਪਣੇ ਪਿੱਛੇ ਇੱਕ ਪਰਿਵਾਰ ਛੱਡ ਗਿਆ ਹੈ, ਜਿਸ ਦਾ ਢਾਈ ਏਕੜ ਜ਼ਮੀਨ ਉੱਤੇ ਪੇਟ ਪਾਲਣਾ ਬਹੁਤ ਹੀ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਮੁਖਤਿਆਰ ਦੇ ਪਰਿਵਾਰ ਉੱਤੇ ਚੜਿਆ ਕਰਜ਼ਾ ਮੁਆਫ ਕਰਨ ਤੋਂ ਇਲਾਵਾ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਅਤੇ ਘਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਤਾਂ ਕਿ ਪੀੜਤ ਪਰਿਵਾਰ ਅੰਦਰ ਇਸ ਅਸਹਿ ਸਦਮੇ ਨੂੰ ਝੱਲਣ ਦਾ ਹਿੰਮਤ ਆ ਸਕੇ।

ਸ਼ ਭੂੰਦੜ ਨੇ ਕਾਂਗਰਸ ਸਰਕਾਰ ਨੂ ਚੇਤੇ ਕਰਵਾਇਆ ਕਿ ਇਸ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਜਿਸ ਵਿਚ ਸਹਿਕਾਰੀ ਬੈਂਕਾਂ, ਰਾਸ਼ਟਰੀ ਬੈਂਕਾਂ ਤੋਂ ਲਿਆ ਕਰਜ਼ਾ ਅਤੇ ਗੈਰ ਸੰਸਥਾਤਮਕ ਕਰਜ਼ਾ ਜਿਵੇਂ ਆੜਤੀਆਂ ਤੋਂ ਲਿਆ ਕਰਜ਼ਾ ਵੀ ਸ਼ਾਮਿਲ ਸੀ। ਉਹਨਾਂ ਕਿਹਾ ਕਿ ਸਰਕਾਰ ਆਪਣੇ ਇਸ ਵਾਅਦੇ ਨੂੰ ਪੂਰੀ ਤਰਾਂ ਭੁੱਲ ਗਈ ਲੱਗਦੀ ਹੈ ਅਤੇ ਲੋਕਾਂ ਨੂੰ ਟਾਲਣ ਲਈ ਕਮੇਟੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨ ਸਰਕਾਰ ਦੇ ਵਤੀਰੇ ਤੋਂ ਖੁਦ ਨੂੰ ਠੱਗੇ ਮਹਿਸੂਸ ਕਰ ਰਹੇ ਹਨ ਅਤੇ ਖੁਦਕੁਸ਼ੀਆ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਪੂਰਾ ਨਾ ਕੀਤਾ ਤਾਂ ਅਕਾਲੀ ਦਲ ਸੱਤਾਧਾਰੀ ਪਾਰਟੀ ਦੀ ਇਸ ਵਾਅਦਾ ਖਿਲਾਫੀ ਵਿਰੁੱਧ ਇੱਕ ਵੱਡਾ ਅੰਦੋਲਨ ਸ਼ੁਰੂ ਕਰੇਗਾ।

print
Share Button
Print Friendly, PDF & Email