ਤਾਕਤ ਖੁੱਸਦੀ ਵੇਖ ‘ਆਪ’ ਆਗੂ ਹਿੱਸੇ ਵੰਡਣ ਪਿੱਛੇ ਲੜਨ ਲੱਗੇ-ਰਵਨੀਤ ਬਿੱਟੂ

ss1

ਤਾਕਤ ਖੁੱਸਦੀ ਵੇਖ ‘ਆਪ’ ਆਗੂ ਹਿੱਸੇ ਵੰਡਣ ਪਿੱਛੇ ਲੜਨ ਲੱਗੇ-ਰਵਨੀਤ ਬਿੱਟੂ
-ਕਿਹਾ! ਪਾਰਟੀ ਵਿੱਚ ਸਿਰਫ਼ ‘ਜੀ ਹਜ਼ੂਰੀਏ’ ਹੀ ਰਹਿ ਗਏ

ਲੁਧਿਆਣਾ (ਪ੍ਰੀਤੀ ਸ਼ਰਮਾ) ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਟੁੱਟਣ ਕਿਨਾਰੇ ਹੈ ਅਤੇ ਇਸ ਪਾਰਟੀ ਦੇ ਆਗੂਆਂ ਹੱਥੋਂ ਹਰ ਤਰਾਂ ਦੀ ਤਾਕਤ ਖੁੱਸਦੀ ਜਾ ਰਹੀ ਹੈ, ਜਿਸ ਕਾਰਨ ਪਾਰਟੀ ਵਿੱਚ ਘਮਾਸਾਨ ਮਚਿਆ ਹੋਇਆ ਹੈ। ਇਸ ਆਪੋ-ਧਾਪੀ ਵਾਲੀ ਸਥਿਤੀ ਵਿੱਚ ਆਪ ਆਗੂ ਆਪੋ-ਆਪਣੇ ਹਿੱਸੇ ਵੰਡਣ ਪਿੱਛੇ ਲੜਨ ਲੱਗੇ ਹੋਏ ਹਨ। ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੇਜਰੀਵਾਲ ਨੂੰ ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ਾ ਦੇ ਕੇ ਸੱਤਾ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਅੱਜ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਦੇ ਬਾਹਰ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ‘ਤੇ ਵਿਸ਼ਵਾਸ਼ ਕਰਕੇ ਸੱਤਾ ਸੌਂਪੀ ਸੀ ਪਰ ਆਪ ਪਾਰਟੀ ਦੇ ਆਗੂਆਂ ਨੇ ਦਿੱਲੀ ਦੇ ਲੋਕਾਂ ਨਾਲ ਧ੍ਰੋਹ ਕਮਾਇਆ। ਦੇਸ਼ ਦੇ ਹੋਰਨਾਂ ਖੇਤਰਾਂ ਵਿੱਚ ਪੈਰ ਪਸਾਰਨ ਦੇ ਖੁਆਬ ਦੇਖਦਿਆਂ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਅਤੇ ਉਨਾਂ ਦੀਆਂ ਲੋੜਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ। ਹੁਣ ਆਲਮ ਇਹ ਹੈ ਕਿ ਆਪ ਪਾਰਟੀ ਦੇ ਆਗੂਆਂ ਹੱਥੋਂ ਹਰ ਤਰਾਂ ਦੀ ਤਾਕਤ ਖੁੱਸਦੀ ਜਾ ਰਹੀ ਹੈ ਅਤੇ ਪਾਰਟੀ ਵਿੱਚ ਘਮਾਸਾਨ ਮਚਿਆ ਹੋਇਆ ਹੈ। ਇਸ ਆਪੋ-ਧਾਪੀ ਵਾਲੀ ਸਥਿਤੀ ਵਿੱਚ ਆਪ ਪਾਰਟੀ ਆਗੂ ਆਪੋ-ਆਪਣੇ ਹਿੱਸੇ ਵੰਡਣ ਪਿੱਛੇ ਲੜਨ ਲੱਗੇ ਹੋਏ ਹਨ। ਉਨਾਂ ਕਿਹਾ ਕਿ ਇਹ ਤਾਂ ਹਾਲੇ ਸ਼ੁਰੂਆਤ ਹੈ, ਅਗਲੇ ਸਮੇਂ ਦੌਰਾਨ ਸੈਂਕੜੇ ਕਰੋੜ ਰੁਪਏ ਦੇ ਘਪਲੇ ਸਾਹਮਣੇ ਆਉਣਗੇ, ਜਿਸ ਨਾਲ ਇਹ ਪਾਰਟੀ ਅਤੇ ਇਸਦੇ ਆਗੂ ਪੂਰੀ ਤਰਾਂ ਤਬਾਹ ਹੋ ਜਾਣਗੇ। ਉਨਾਂ ਕੇਜਰੀਵਾਲ ‘ਤੇ ਨਿਸ਼ਾਨਾ ਲਗਾਂਉਂਦਿਆਂ ਕਿਹਾ ਕਿ ਜੋ ਆਗੂ ਲੋਕਾਂ ਦੇ ਜਜ਼ਬਾਤਾਂ ਨੂੰ ਅੱਗ ਲਗਾ ਕੇ ਖੇਡਦੇ ਹਨ, ਉਨਾਂ ਦੇ ਸੁਪਨੇ ਵੀ ਇਸੇ ਅੱਗ ਵਿੱਚ ਤਬਾਹ ਹੋ ਜਾਂਦੇ ਹਨ। ਇਸ ਅੱਗ ਵਿੱਚ ਕੇਜਰੀਵਾਲ ਦਾ ਸਭ ਕੁਝ ਸੜ ਕੇ ਸੁਆਹ ਹੋ ਜਾਵੇਗਾ। ਇਹ ਪਹਿਲੀ ਵਾਰ ਹੈ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਦੇ ਖ਼ਿਲਾਫ਼ ਉਸੇ ਦੀ ਹੀ ਕੈਬਨਿਟ ਦੇ ਸੀਨੀਅਰ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਹਨ। ਜਿਸ ਕਾਰਨ ਕੇਜਰੀਵਾਲ ਨਾਮੋਸ਼ੀ ਦੀ ਹਾਲਤ ਵਿੱਚ ਹੈ ਅਤੇ ਲੋਕਾਂ ਦੇ ਸਾਹਮਣੇ ਨਹੀਂ ਆ ਰਿਹਾ ਹੈ। ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਏ ਜਾਣ ਬਾਰੇ ਪੁੱਛੇ ਜਾਣ ‘ਤੇ ਸ੍ਰ. ਬਿੱਟੂ ਨੇ ਕਿਹਾ ਕਿ ਉਹ ਭਗਵੰਤ ਮਾਨ ਦੀ ਇਸ ਨਿਯੁਕਤੀ ਦਾ ਸਵਾਗਤ ਕਰਦੇ ਹਨ। ਉਨਾਂ ਕਿਹਾ ਕਿ ਆਪ ਪਾਰਟੀ ਵਿੱਚੋਂ ਜਾਂ ਤਾਂ ਵਰਕਰਾਂ ਦੀ ਛੁੱਟੀ ਕੀਤੀ ਜਾ ਰਹੀ ਹੈ ਜਾਂ ਫਿਰ ਉਹ ਆਪ ਹੀ ਪਾਰਟੀ ਛੱਡ ਰਹੇ ਹਨ। ਨਤੀਜਾ ਇਹ ਹੋਇਆ ਕਿ ਹੁਣ ਪਾਰਟੀ ਵਿੱਚ ਸਿਰਫ਼ ‘ਜੀ ਹਜ਼ੂਰੀਏ’ ਹੀ ਰਹਿ ਗਏ ਹਨ। ਉਹ ਵੀ ਜਲਦ ਹੀ ਪਾਰਟੀ ਛੱਡ ਕੇ ਭੱਜ ਜਾਣਗੇ। ਬੀਤੇ ਦਿਨੀਂ ਲੁਧਿਆਣਾ ਵਿਖੇ ਕਾਂਗਰਸ ਪਾਰਟੀ ਦੇ ਇੱਕ ਆਗੂ ‘ਤੇ ਕੁਝ ਰਾਜਸੀ ਵਿਰੋਧੀ ਲੋਕਾਂ ਵੱਲੋਂ ਕੀਤੇ ਹਮਲੇ ਦੀ ਨਿਖੇਧੀ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਇਹ ਵਿਰੋਧੀ ਪਾਰਟੀਆਂ ਦੀ ਹਤਾਸ਼ਾ ਦਾ ਨਮੂਨਾ ਹੈ। ਉਨਾਂ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਇਸ ਘੜੀ ਸੰਜਮ ਨਾਲ ਕੰਮ ਲੈਣਾ ਚਾਹੀਦਾ ਹੈ ਅਤੇ ਕਾਨੂੰਨੀ ਕਾਰਵਾਈ ਵਿੱਚ ਵਿਸ਼ਵਾਸ਼ ਰੱਖਣਾ ਚਾਹੀਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *