ਕੰਢੀ ਇਲਾਕੇ ਦੀਆਂ ਖੱਡਾਂ ਵਿਚੋਂ ਰੇਤ ਮਾਫੀਆ ਵਲੋਂ ਰੇਤ ਤੇ ਪੱਥਰ ਦੀ ਨਜਾਇਜ਼ ਚੁਕਾਈ ਜਾਰੀ

ss1

ਕੰਢੀ ਇਲਾਕੇ ਦੀਆਂ ਖੱਡਾਂ ਵਿਚੋਂ ਰੇਤ ਮਾਫੀਆ ਵਲੋਂ ਰੇਤ ਤੇ ਪੱਥਰ ਦੀ ਨਜਾਇਜ਼ ਚੁਕਾਈ ਜਾਰੀ

ਗੜਸ਼ੰਕਰ, 4 ਮਈ (ਅਸ਼ਵਨੀ ਸ਼ਰਮਾ)-ਕੰਢੀ ਇਲਾਕੇ ਦੇ ਸਥਾਨਕ ਤਹਿਸੀਲ ਅਧੀਨ ਪੈਂਦੇ ਨੀਮ ਪਹਾੜੀ ਪਿੰਡਾਂ ਦੀਆਂ ਖੱਡਾਂ ਵਿਚੋਂ ਰੇਤ ਮਾਫੀਆ ਵਲੋਂ ਰੇਤ ਅਤੇ ਪੱਥਰ ਦੀ ਨਜਾਇਜ਼ ਚੁਕਾਈ ਜਾਰੀ ਰੱਖੀ ਹੋਈ ਹੈ।
ਜਿਕਰਯੋਗ ਹੈ ਕਿ ਸਥਾਨਕ ਤਹਿਸੀਲ ਦੇ ਕਸਬਾ ਜੇਜੋਂ ਦੁਆਬਾ ਬੈਲਟ ਤੋਂ ਮਾਹਿਲਪੁਰ ਅਤੇ ਗੜਸ਼ੰਕਰ ਵੱਲ ਪੈਂਦੇ ਪਿੰਡਾਂ ਦੀਆਂ ਖੱਡਾਂ ਵਿਚੋਂ ਰੇਤ ਮਾਫੀਆ ਵਲੋਂ ਟਰੈਕਟਰ ਟਰਾਲੀਆਂ ਨਾਲ ਰੇਤ ਦੀ ਚੁਕਾਈ ਕੀਤੀ ਜਾਂਦੀ ਹੈ । ਇਸ ਕੰਮ ਲਈ ਕਈ ਥਾਵਾਂ ‘ਤੇ ਟਰੈਕਟਰਾਂ ਦੇ ਰੈਂਪ ਬਣੇ ਹੋਏ ਹਨ ਜਿਥੋਂ ਇਕ ਦੋ ਮਿੰਟਾਂ ਵਿਚ ਹੀ ਟਰਾਲੀ ਭਰ ਕੇ ਆਸਾਨੀ ਨਾਲ ਕੱਢ ਲਈ ਜਾਂਦੀ ਹੈ। ਕਈ ਥਾਵਾਂ ‘ਤੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਪਹਾੜੀਆਂ ਨੂੰ ਕੱਟਿਆ ਜਾਂਦਾ ਹੈ ਅਤੇ ਰੇਤ ਦੀਆਂ ਟਰਾਲੀਆਂ ਭਰ ਕੇ ਨੇੜੇ ਦੇ ਪਿੰਡਾਂ-ਸ਼ਹਿਰਾਂ ਵਿਚ ਮਹਿੰਗੇ ਭਾਅ ਵੇਚੀਆਂ ਜਾਂਦੀਆਂ ਹਨ। ਅਜਿਹੀ ਚੋਰੀ ਖੇਤਰ ਦੇ ਪਿੰਡ ਗੱਜਰ,ਮਹਿਦੂਦ,ਜੇਜੋਂ,ਭਾਤਪੁਰ,ਖੰਨੀ,ਲਲਵਾਨ ਆਦਿ ਤੋਂ ਇਲਾਵਾ ਬੀਤ ਦੇ ਉਨਾਂ ਪਿੰਡਾਂ ਵਿਚ ਵੀ ਹੁੰਦੀ ਹੈ ਜਿਹੜੇ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਹਨ। ਇਨਾਂ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਟਰਾਲੀਆਂ ,ਜੇਸੀਬੀ ਮਸ਼ੀਨਾਂ ਅਤੇ ਟਿੱਪਰਾਂ ਦੀ ਖੜ ਖੜ ਨੇ ਉਨਾਂ ਦਾ ਜੀਉਣਾ ਮੁਸ਼ਕਿਲ ਕਰ ਦਿੱਤਾ ਹੈ ਅਤੇ ਇਲਾਕੇ ਦੀਆਂ ਲਿੰਕ ਸੜਕਾਂ ਭੰਨ ਦਿੱਤੀਆਂ ਹਨ ।
ਪਿੰਡ ਗੱਜਰ ਦੇ ਵਸਨੀਕ ਸੁਖਦੇਵ ਰਾਮ ਨੇ ਦੱਸਿਆ ਕਿ ਇਲਾਕੇ ਦੇ ਕਈ ਫਾਰਮ ਮਾਲਕਾਂ ਨੇ ਵੀ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਇਨਾਂ ਫਾਰਮਾਂ ਵਿਚ ਵੀ ਟਰੈਕਟਰਾਂ ਦੁਆਰਾ ਲੱਗੇ ਰੈਂਪਾਂ ਦੀ ਮਦਦ ਨਾਲ ਰੇਤ ਕੱਢਿਆ ਜਾਂਦਾ ਹੈ ਤੇ ਜੰਗਲਾਤ ਵਿਭਾਗ ਦੇ ਕਾਨੂੰਨਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਗਰੀਬ ਲੋਕਾਂ ਨੂੰ ਆਪਣੇ ਮਾਲਕੀ ਵਾਲੇ ਖੇਤਾਂ ਵਿਚੋਂ ਵੀ ਲੱਕੜ ਕੱਟਣ ਅਤੇ ਕਰਾਹੀ ਲਈ ਵਿਭਾਗ ਦੀ ਆਗਿਆ ਲੈਣੀ ਪੈਂਦੀ ਹੈ ਜਦ ਕਿ ਵੱਡੇ ਵੱਡੇ ਫਾਰਮ ਮਾਲਕਾਂ ਵਲੋਂ ਉੱਚੇ ਉੱਚੇ ਬੰਨ ਲਗਾ ਕੇ ਖੱਡਾਂ ਦੇ ਪਾਣੀਆਂ ਦੇ ਕੁਦਰਤੀ ਰਸਤੇ ਹੀ ਬਦਲ ਦਿੱਤੇ ਹਨ ਉਨਾਂ ਕਿਹਾ ਕਿ ਜੰਗਲਾਤ ਵਿਭਾਗ ਦੇ ਅਧਿਕਾਰੀ ਕਦੇ ਵੀ ਇਨਾਂ ਇਲਾਕਿਆਂ ਵਿਚ ਗਸ਼ਤ ਕਰਦੇ ਨਹੀਂ ਦੇਖੇ ਗਏ ਜਿਸ ਕਰਕੇ ਇਹ ਇਲਾਕੇ ਜੰਗਲ ਅਤੇ ਰੇਤ ਮਾਫੀਆ ਲਈ ਕਮਾਈ ਦਾ ਵੱਡਾ ਸਾਧਨ ਬਣਿਆ ਹੋਇਆ ਹੈ।
ਇਸ ਬਾਰੇ ਜੰਗਲਾਤ ਵਿਭਾਗ ਦੇ ਡੀਐਫਓ ਜਗਦੇਵ ਸਿੰਘ ਸੰਧੂ ਨਾਲ ਗੱਲ ਕਰਨ ‘ਤੇ ਉਨਾਂ ਕਿਹਾ ਕਿ ਇਸ ਇਲਾਕੇ ਸਬੰਧੀ ਉਹ ਖੁਦ ਪੜਤਾਲ ਕਰਨਗੇ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *