ਪੰਜਾਬੀ ਸਿਨੇਮੇ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ ਫ਼ਿਲਮ ‘ਲਹੌਰੀਏ’ :ਅਮਰਿੰਦਰ ਗਿੱਲ

ss1

ਪੰਜਾਬੀ ਸਿਨੇਮੇ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ ਫ਼ਿਲਮ ‘ਲਹੌਰੀਏ’ :ਅਮਰਿੰਦਰ ਗਿੱਲ

12 ਮਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਲਹੌਰੀਏ’ ਪੰਜਾਬੀ ਸਿਨੇਮੇ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਇਹ ਫ਼ਿਲਮ ਦਰਸ਼ਕਾਂ ਨੂੰ ਹਸਾਏਗੀ ਵੀ ਤੇ ਸੋਚਣ ਵੀ ਲਾਏਗੀ। ਫ਼ਿਲਮ ਵਿਚ ਹਿੰਦੋਸਤਾਨ ਤੇ ਪਾਕਿਸਤਾਨ ਦੀਆਂ ਸਰਹੱਦਾਂ ਨਾਲ ਜੁੜੀ ਕਹਾਣੀ ਦੀ ਪੇਸ਼ਕਾਰੀ ਕੀਤੀ ਗਈ ਹੈ, ਜਿਥੇ ਇਕ ਪਾਸੇ ਮੁਹੱਬਤ ਦਾ ਪੈਗਾਮ ਵੀ ਹੈ ਤੇ ਦੂਜੇ ਪਾਸੇ ਵਿਛੋੜੇ ਦਾ ਦਰਦ ਵੀ। ਇਨ੍ਹਾਂ ਸਰਹੱਦਾਂ ਕਰ ਕੇ ਪਤਾ ਨਹੀਂ ਕਿੰਨੇ ਲੋਕਾਂ ਦੇ ਸੀਨੇ ਵਿਚ ਅੱਜ ਵੀ ਦਰਦ ਲੁਕਿਆ ਹੋਇਆ ਹੈ। ਲੋਕ ਇਧਰੋਂ ਓਧਰ ਤੇ ਓਧਰੋਂ ਇਧਰ ਆਉਣਾ-ਜਾਣਾ ਲੋਚਦੇ ਹਨ ਪਰ ਸਰਹੱਦਾਂ ਉਨ੍ਹਾਂ ਦੇ ਰਾਹ ਵਿਚ ਰੋੜੇ ਬਣੀਆਂ ਹੋਈਆਂ ਹਨ।’ ਇਹ ਪ੍ਰਗਟਾਵਾ ਪ੍ਰਸਿੱਧ ਫ਼ਿਲਮ ਅਦਾਕਾਰ ਤੇ ਗਾਇਕ ਅਮਰਿੰਦਰ ਗਿੱਲ ਨੇ ਕੀਤਾ।
ਉਨ੍ਹਾਂ ਕਿਹਾ ਕਿ ‘ਅੰਗਰੇਜ਼’, ‘ਗੋਰਿਆਂ ਨੂੰ ਦਫ਼ਾ ਕਰੋ’ ਅਤੇ ‘ਲਵ ਪੰਜਾਬ’ ਵਰਗੀਆਂ ਫ਼ਿਲਮਾਂ ਨੇ ਪੰਜਾਬੀ ਸਿਨੇਮੇ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਬਿਲਕੁਲ ਉਸੇ ਤਰਜ਼ ‘ਤੇ ਨਵੀਂ ਫ਼ਿਲਮ ‘ਲਹੌਰੀਏ’ ਨਵੇਂ ਕੀਰਤੀਮਾਨ ਸਥਾਪਤ ਕਰੇਗੀ। ਅਮਰਿੰਦਰ ਗਿੱਲ ਨੇ ਕਿਹਾ ਕਿ ਇਸ ਫ਼ਿਲਮ ਵਿਚ ਸਰਗੁਣ ਮਹਿਤਾ ਦੀ ਅਦਾਕਾਰੀ ਵੀ ਕਮਾਲ ਦੀ ਹੈ। ਫ਼ਿਲਮ ਵਿਚ ਯੁਵਰਾਜ ਹੰਸ, ਨਿਮਰਤ ਖਹਿਰਾ, ਗੁੱਗੂ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ ਤੇ ਰਾਜੀਵ ਠਾਕੁਰ ਨੇ ਸੋਹਣੀ ਅਦਾਕਾਰੀ ਕੀਤੀ ਹੈ। ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਦੀ ਲਿਖੀ ਹੋਈ ਹੈ ਤੇ ਉਨ੍ਹਾਂ ਵੱਲੋਂ ਹੀ ਫ਼ਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਦਾ ਹੈ। ਇਸ ਫ਼ਿਲਮ ਨੂੰ ਰਿਦਮ ਬੁਆਏਜ਼ ਐਂਟਰਟੇਨਮੈਂਟ ਤੇ ਅੰਬਰਦੀਪ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਪ੍ਰੋਡਿਊਸਰ ਕਾਰਜ ਗਿੱਲ ਤੇ ਅੰਬਰਦੀਪ ਸਿੰਘ ਹਨ।
ਅਮਰਿੰਦਰ ਗਿੱਲ ਨੇ ਅੱਗੇ ਕਿਹਾ ਕਿ ਪੰਜਾਬੀ ਸਿਨੇਮੇ ਨੂੰ ਨਵੇਂ ਰਾਹਾਂ ‘ਤੇ ਤੋਰਨ ਲਈ ਨਿੱਤ ਨਵੇਂ ਤਜਰਬਿਆਂ ਦੀ ਜ਼ਰੂਰਤ ਹੈ। ਉਨ੍ਹਾਂ ਦੀ ਟੀਮ ਵੱਲੋਂ ਹੁਣ ਤੱਕ ਜਿਹੜੇ ਤਜਰਬੇ ਕੀਤੇ ਗਏ ਹਨ, ਉਨ੍ਹਾਂ ਨੂੰ ਦੁਨੀਆ ਭਰ ਵਿਚ ਵਸਦੇ ਦਰਸ਼ਕਾਂ ਵੱਲੋਂ ਸਲਾਹਿਆ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਸਾਡੀ ਸਾਰੀ ਟੀਮ ਇਸ ਗੱਲ ਲਈ ਪੰਜਾਬੀ ਦਰਸ਼ਕਾਂ ਦੀ ਹਮੇਸ਼ਾ ਕਰਜ਼ਦਾਰ ਰਹੇਗੀ, ਜਿਨ੍ਹਾਂ ਦੀ ਹਰ ਫ਼ਿਲਮ ਨੂੰ ਇੰਨਾ ਪਿਆਰ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਹਰ ਰੋਜ਼ ਹਜ਼ਾਰਾਂ ਦਰਸ਼ਕਾਂ ਦੇ ਫੋਨ ਅਤੇ ਸੁਨੇਹੇ ਆ ਰਹੇ ਹਨ ਕਿ ਉਹ 12 ਮਈ ਦੀ ਉਡੀਕ ਸ਼ਿੱਦਤ ਨਾਲ ਕਰ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *