>>>> ਮਾਮਲਾ ਜਥੇਦਾਰ ਦੀ ਛੁੱਟੀ ਦਾ<<<<

ss1

>>>> ਮਾਮਲਾ ਜਥੇਦਾਰ ਦੀ ਛੁੱਟੀ ਦਾ<<<<
ਧਰਮ ਦਾ ਸਰਬਨਾਸ਼ ਪ੍ਰਵਾਨ, ਸਿਆਸਤ ਲਈ ਸਭ ਕੁਝ ਕੁਰਬਾਨ-: ਪ੍ਰਿ:ਸੁਰਿੰਦਰ ਸਿੰਘ

ਸ਼੍ਰੀ ਅਨੰਦਪੁਰ ਸਾਹਿਬ, 26 ਅਪ੍ਰੈਲ(ਦਵਿੰਦਰਪਾਲ ਸਿੰਘ): ਗੁਰਬਾਣੀ ਅਨੁਸਾਰ ਰਾਜ ਅਤੇ ਮੁਕਤੀ ਦੇ ਸੰਕਲਪ ਨਾਲੋਂ ਧਰਮ ਨੂੰ ਹੀ ਸਰਬੋਤਮ ਮੰਨਿਆ ਗਿਆ ਹੈ, ਪਰ ਸਿਆਸਤਦਾਨਾਂ ਦੀ ਨੀਤੀ ਤੇ ਚਲਦਿਆਂ ਸਾਡੇ ਧਾਰਮਿਕ ਆਗੂਆਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਧਰਮ ਦਾ ਭਾਵੇਂ ਸਰਬਨਾਸ਼ ਹੋ ਜਾਵੇ ਪਰ ਸਿਆਸਤ ਨੂੰ ਕਿਸੇ ਵੀ ਹਾਲਤ ਵਿੱਚ ਆਂਚ ਨਹੀਂ ਲੱਗਣੀ ਚਾਹੀਦੀ। ਸ਼ਾਇਦ ਪੰਥ ਦੀ ਨੁੰਮਾਇਦਾ ਜਮਾਤ ਨੇ ਗਿਆਨੀ ਗੁਰਮੁਖ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਇਸੇ ਆਧਾਰ ਤੇ ਜਥੇਦਾਰੀ ਤੋਂ ਫਾਰਗ ਕਰ ਦਿੱਤਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿ:ਸੁਰਿੰਦਰ ਸਿੰਘ (ਮੈਂਬਰ ਸ੍ਰੋ:ਗੁ:ਪ੍ਰ: ਕਮੇਟੀ) ਨੇ ਕੀਤਾ।
ਪ੍ਰਿ: ਸਾਹਿਬ ਨੇ ਕਿਹਾ ਜਦੋਂ ਸਾਰੀ ਸਿੱਖ ਕੌਮ ਬਰਗਾੜੀ ਕਾਂਡ ਤੋਂ ਬਾਅਦ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਸੇਵਾ ਮੁਕਤੀ ਦੀ ਮੰਗ ਕਰ ਰਹੀ ਸੀ ਉਦੋਂ ਸ੍ਰੋ: ਕਮੇਟੀ ਨੇ ਪੰਥ ਦੀਆਂ ਧਾਰਮਿਕ ਭਾਵਨਾਵਾਂ ਨੂੰ ਨਜਰ ਅੰਦਾਜ ਕਰ ਦਿਤਾ ਪਰ ਜਦੋਂ ਗਿਆਨੀ ਗੁਰਮੁਖ ਸਿੰਘ ਨੇ ਸੋਦਾ ਸਾਧ ਦੀ ਮੁਆਫੀ ਦਾ ਸੱਚ ਸੰਗਤਾਂ ਸਾਹਮਣੇ ਪੇਸ਼ ਕੀਤਾ ਤਾਂ ਦੋ ਦਿਨ ਦੇ ਵਿੱਚ ਹੀ ਜਥੇਦਾਰ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ। “ਸਚੁ ਸੁਣਾਇਸੀ ਸਚੁ ਕੀ ਬੇਲਾ” ਅਨੁਸਾਰ ਗਿਆਨੀ ਜੀ ਦਾ ਸੱਚ ਭਾਵੇਂ ਆਪਨਾ ਅੱਧਾ ਪ੍ਰਭਾਵ ਗਵਾ ਬੈਠਾ ਹੈ ਪਰ ਸਿੱਖ ਧਰਮ ਵਿੱਚ ਪ੍ਰਵੇਸ਼ ਕਰ ਚੁਕੀ ਗੰਧਲੀ ਸਿਆਸਤ ਦੇ ਪ੍ਰਭਾਵ ਨੂੰ ਪਰਗਟ ਜਰੂਰ ਕਰ ਗਿਆ।
ਉਨਾਂ ਨਾਲ ਹੀ ਕਿਹਾ ਕਿ ਸਾਥੀ ਸਿੰਘ ਸਾਹਿਬਾਨ ਦੀ ਚੁੱਪੀ ਵੀ ਕਈ ਸ਼ੰਕੇ ਪੈਦਾ ਕਰਦੀ ਹੈ ਜੇ ਗਿਆਨੀ ਜੀ ਦਾ ‘ਸਚ’ ਠੀਕ ਨਹੀਂ ਸੀ ਤਾਂ ਬਾਕੀ ਸਿੰਘ ਸਾਹਿਬਾਨਾਂ ਨੂੰ ਉਸਦਾ ਵਿਰੋਧ ਕਰਨਾ ਚਾਹੀਦਾ ਸੀ ਤੇ ਜੇ ਇਹ ਸੱਚ ਹੈ ਤਾਂ ਉਸ ਦਾ ਸਾਥ ਦਿੰਦੇ ਹੋਏ ਆਪ ਵੀ ਸੇਵਾ ਮੁਕਤ ਹੋ ਜਾਣਾ ਚਾਹੀਦਾ ਸੀ। ਉਨਾਂ ਨਵ ਨਿਯੁਕਤ ਹੋ ਰਹੇ ਐਕਟਿੰਗ ਜਥੇਦਾਰ ਸਾਹਿਬਾਨ ਨੂੰ ਵੀ ਸਲਾਹ ਦਿੱਤੀ ਕਿ ਮਖਮਲੀ ਸੇਜ ਦੇਖ ਕੇ ਖੁਸ਼ ਨਾ ਹੋਣ, ਕਿਉਂਕਿ ਇਸ ਦੇ ਨੀਚੇ ਉਹ ਸਿਆਸੀ ਕੰਡੇ ਬਿਖਰੇ ਪਏ ਹਨ ਜੋ ਜਿੰਦਾ ਜ਼ਮੀਰ ਮਨੁਖਾਂ ਲਈ ਦੁਖਾਂ ਦਾ ਅਤੇ ਮਰੀਆਂ ਜ਼ਮੀਰਾਂ ਵਾਲਿਆਂ ਲਈ ਸੁਖ ਦਾ ਸਾਧਨ ਬਣਦੇ ਹਨ।
ਸਿਖ ਕੌਮ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਸਿੱਖ ਕੌਮ ਦੇ ਸਰਬ ਉਚ ਅਹੁਦਿਆਂ ਉੱਤੇ ਬਿਰਾਜਮਾਨ ਸਖਸ਼ੀਅਤਾਂ ਨੂੰ ਸੇਵਾ ਮੁਕਤ ਕਰਨ ਵੇਲੇ ਬਹੁਤ ਜਲੀਲ ਤੇ ਬਦਨਾਮ ਕੀਤਾ ਜਾਂਦਾ ਹੈ ਪਰ ਛੋਟੇ ਤੋਂ ਛੋਟੇ ਅਹੁਦੇ ਤੇ ਸੇਵਾ ਨਿਭਾਅ ਰਹੇ ਸੇਵਾਦਾਰਾਂ ਨੂੰ ਪੂਰੀ ਸ਼ਾਨੋ ਸ਼ੋਕਤ ਨਾਲ ਵਿਦਾਇਗੀ ਦਿੱਤੀ ਜਾਂਦੀ ਹੈ।
ਅੰਤ ਵਿੱਚ ਉਨਾਂ ਕਿਹਾ ਕਿ ਸਿਖ ਕੌਮ ਦੇ ਸਮੁਚੇ ਆਗੂਆਂ ਨੂੰ ਚਾਹੀਦਾ ਹੈ ਕਿ ਖਾਲਸਾ ਪੰਥ ਰੂਪੀ ਰੁਖ ਦੇ ਜਿਸ ਟਾਹਣ ਉੱਤੇ ਅਸੀ ਬੈਠੇ ਹਾਂ, ਉਸ ਨੂੰ ਹੀ ਕੱਟਣ ਦੀ ਕੋਸ਼ਿਸ਼ ਨਾ ਕਰੀਏ, ਨਹੀਂ ਤਾਂ ਪਛਤਾਵਾ ਹੀ ਰਹਿ ਜਾਵੇਗਾ ਅਤੇ ਖਾਲਸਾ ਪੰਥ ਅਜੇ ਖਤਮ ਨਹੀਂ ਹੋਇਆ ਤੇ ਨਾ ਹੀ ਗੂੜੀ ਨੀਂਦ ਸੁਤਾ ਹੈ ਸਗੋਂ ਇਹ ਬੱਬਰ ਸ਼ੇਰ “ਮੱਚਲਾ” ਹੋਇਆ ਪਿਆ ਹੈ। ਜਦੋਂ ਇਸ ਸ਼ੇਰ ਨੇ ਅੰਗੜਾਈ ਲਈ ਜੋ ਨਤੀਜਾ ਆਵੇਗਾ, ਮੋਜੂਦਾ ਸਮੇਂ ਹੋਈਆਂ ਪੰਜਾਬ ਵਿਧਾਨ ਸਭਾ ਚੌਣਾ ਉਸ ਦਾ ਪ੍ਰਤੱਖ ਸਬੂਤ ਹਨ। ਜਿਨਾਂ ਚੌਣਾਂ ਨੇ ਸਭ ਕੁਝ ਉਲਟ-ਪੁਲਟ ਵੀ ਕਰ ਦਿੱਤਾ ਤੇ ਨਾਲ ਹੀ ਦੇਹਧਾਰੀ ਗੁਰੂਆਂ, ਡੇਰੇਦਾਰਾਂ, ਅਖੌਤੀ ਸੰਤਾਂ ਮਹਾਪੁਰਸ਼ਾਂ ਦੀ ਅਸਲੀਅਤ ਵੀ ਜੱਗ ਜ਼ਾਹਰ ਕਰ ਦਿੱਤੀ ਹੈ । ਇਸ ਮੌਕੇ ਉਹਨਾਂ ਮੈਨੇਜਰ ਮਨੋਹਰ ਸਿੰਘ, ਵਾਇਸ ਪ੍ਰਿੰਸੀਪਲ ਚਰਨਜੀਤ ਸਿੰਘ, ਸੁਪਰਡੈਂਟ ਅਕਬਾਲ ਸਿੰਘ ਆਦਿ ਵੀ ਹਾਜ਼ਰ ਸਨ।

print
Share Button
Print Friendly, PDF & Email