ਸਾਲ 2018 ਤੱਕ ਸੂਬੇ ਦੀਆਂ 619 ਕਿਲੋਮੀਟਰ ਸੜਕਾਂ ਹੋਣਗੀਆਂ ਚਹੁੰ-ਮਾਰਗੀ: ਰਜ਼ੀਆ ਸੁਲਤਾਨਾ

ss1

ਸਾਲ 2018 ਤੱਕ ਸੂਬੇ ਦੀਆਂ 619 ਕਿਲੋਮੀਟਰ ਸੜਕਾਂ ਹੋਣਗੀਆਂ ਚਹੁੰ-ਮਾਰਗੀ: ਰਜ਼ੀਆ ਸੁਲਤਾਨਾ
ਲੋਕ ਨਿਰਮਾਣ ਵਿਭਾਗ ਦੀ ਪਲੇਠੀ ਸਮੀਖਿਆ ਮੀਟਿੰਗ ਦੌਰਾਨ ਮੰਤਰੀ ਵੱਲੋਂ ਉਚ ਗੁਣਵੱਤਾ ਮਾਪਦੰਡਾਂ ਅਨੁਸਾਰ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੇ ਹੁਕਮ

ਚੰਡੀਗੜ੍ਹ: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸੂਬੇ ਦੀਆਂ 619 ਕਿਲੋਮੀਟਰ ਸੜਕਾਂ ਅਗਲੇ ਵਰ੍ਹੇ ਤੱਕ ਚਹੁੰ-ਮਾਰਗੀ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 2150 ਕਰੋੜ ਰੁਪਏ ਦੀ ਲਾਗਤ ਨਾਲ 358 ਕਿਲੋਮੀਟਰ ਲੰਮੇ ਚਹੁੰ-ਮਾਰਗਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਰਹਿੰਦਾ ਕੰਮ ਸਾਲ 2018-19 ਦੇ ਅਰੰਭ ਵਿੱਚ ਮੁਕੰਮਲ ਹੋ ਜਾਵੇਗਾ।ਲੋਕ ਨਿਰਮਾਣ ਵਿਭਾਗ ਦੇ ਸੜਕੀ ਤੇ ਹੋਰਨਾਂ ਪ੍ਰਾਜੈਕਟ ਦੀ ਸਮੀਖਿਆ ਲਈ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਉਚ ਪੱਧਰੀ ਪਲੇਠੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਉਸਾਰੀ ਕਾਰਜ ਉਚ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਮਿੱਥੇ ਸਮੇਂ ਵਿੱਚ ਹਰ ਹੀਲੇ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ।ਮੀਟਿੰਗ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ. ਜਸਪਾਲ ਸਿੰਘ ਨੇ ਮੰਤਰੀ ਸਾਹਿਬਾ ਦੇ ਧਿਆਨ ਵਿੱਚ ਲਿਆਂਦਾ ਕਿ ਐਨ.ਐਚ.ਡੀ.ਪੀ. ਸਕੀਮ ਅਧੀਨ ਕੇਂਦਰ ਸਰਕਾਰ ਤੋਂ ਕੌਮੀ ਰਾਜ ਮਾਰਗਾਂ ਨੂੰ ਚਹੁੰ-ਮਾਰਗੀ ਕਰਨ ਦੇ 18 ਪ੍ਰਾਜੈਕਟ ਮਨਜ਼ੂਰ ਹੋਏ ਹਨ। ਉਨ੍ਹਾਂ ਮੰਤਰੀ ਸਾਹਿਬਾ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਦਿੱਤੇ ਹੁਕਮਾਂ ਮੁਤਾਬਕ ਸੜਕਾਂ ਨੂੰ ਚਹੁੰ-ਮਾਰਗੀ ਕਰਨ ਦਾ ਬਾਕੀ ਰਹਿੰਦਾ ਕੰਮ ਅਗਲੇ ਸਾਲ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਚਹੁੰ-ਮਾਰਗੀ ਪ੍ਰਾਜੈਕਟਾਂ ਤੋਂ ਇਲਾਵਾ ਕੌਮੀ ਰਾਜ ਮਾਰਗਾਂ ਲਈ ਰਾਜ ਵਿੱਚ 363.30 ਕਰੋੜ ਰੁਪਏ ਨਾਲ 27 ਸੜਕਾਂ ਦੇ ਕੰਮ ਅਤੇ 292 ਕਰੋੜ ਰੁਪਏ ਨਾਲ 4 ਆਰ.ਓ.ਬੀ. ਦੇ ਕੰਮ ਮਨਜ਼ੂਰ ਕੀਤੇ ਗਏ ਹਨ ਅਤੇ ਸਮੂਹ ਕੰਮ ਪ੍ਰਗਤੀ ਅਧੀਨ ਹਨ, ਜੋ ਸਾਲ 2017-18 ਦੌਰਾਨ ਪੂਰੇ ਕੀਤੇ ਜਾਣਗੇ।ਚੀਫ਼ ਇੰਜੀਨੀਅਰ ਸ੍ਰੀ ਏ.ਕੇ. ਸਿੰਗਲਾ ਵੱਲੋਂ ਦੱਸਿਆ ਗਿਆ ਕਿ ਕੇਂਦਰੀ ਪ੍ਰਯੋਜਿਤ ਸਕੀਮ (ਸੀ.ਆਰ.ਐਫ਼.) ਤਹਿਤ 21 ਪ੍ਰਾਜੈਕਟ ਪ੍ਰਗਤੀ ਅਧੀਨ ਹਨ, ਜਿਨ੍ਹਾਂ ਵਿੱਚੋਂ 19 ਪ੍ਰਾਜੈਕਟ 576.88 ਕਰੋੜ ਰੁਪਏ ਦੀ ਲਾਗਤ ਨਾਲ ਸਾਲ 2016-17 ਵਿੱਚ ਭਾਰਤ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਸਨ। ਇਹ ਸਮੂਹ ਪ੍ਰਾਜੈਕਟ ਸਾਲ 2017-18 ਦੌਰਾਨ ਪੂਰੇ ਕਰ ਲਏ ਜਾਣਗੇ। ਸ੍ਰੀਮਤੀ ਰਜ਼ੀਆ ਸੁਲਤਾਨਾ ਵੱਲੋਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਚਲ ਰਹੇ ਕੰਮਾਂ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਹੁਣ ਤੱਕ 432 ਕਿਲੋਮੀਟਰ ਸੜਕਾਂ ਦੀ ਅਪਗ੍ਰੇਡੇਸ਼ਨ ਮੁਕੰਮਲ ਕੀਤੀ ਗਈ ਜਦਕਿ 1350 ਕਿਲੋਮੀਟਰ ਸੜਕਾਂ ਦੇ ਕੰਮ ਚਲ ਰਹੇ ਹਨ।
ਸੂਬੇ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਚਲ ਰਹੇ ਸਮੂਹਾਂ ਪ੍ਰਾਜੈਕਟਾਂ ਦੇ ਨਿਰੀਖਣ ਦੌਰਾਨ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮੌਜੂਦਾ ਸਮੇਂ 1000 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵੱਖ-ਵਖ ਪ੍ਰਾਜੈਕਟ ਚਲ ਰਹੇ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਜੁਡੀਸ਼ਲ ਕੋਰਟ ਕੰਪਲੈਕਸ, ਮੈਰੀਟੋਰੀਅਸ ਸਕੂਲ, ਯੂਨੀਵਰਸਿਟੀ ਤੇ ਕਾਲਜ, ਆਧੁਨਿਕ ਜੇਲਾਂ ਅਤੇ ਮਹਾਰਿਸ਼ੀ ਵਾਲਮੀਕਿ ਸਥਲ ਰਾਮ ਤੀਰਥ ਅੰਮ੍ਰਿਤਸਰ ਦਾ ਨਿਰਮਾਣ ਕਾਰਜ ਪ੍ਰਗਤੀ ਅਧੀਨ ਹੈ। ਇਹ ਸਮੂਹ ਨਿਰਮਾਣ ਕਾਰਜ ਸਾਲ 2017-18 ਦੌਰਾਨ ਮੁਕੰਮਲ ਕਰ ਲਏ ਜਾਣਗੇ।ਮੀਟਿੰਗ ਦੌਰਾਨ ਯੋਗੇਸ਼ ਗੁਪਤਾ, ਅਰਵਿੰਦਰ ਸਿੰਘ, ਕੇ.ਕੇ. ਗਰਗ (ਸਾਰੇ ਮੁੱਖ ਇੰਜੀਨੀਅਰ) ਅਤੇ ਵਿਭਾਗ ਦੇ ਸਾਰੇ ਵਿੰਗਾਂ ਦੇ ਐਸ.ਈਜ਼ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *