ਕਥਨੀ ਅਤੇ ਕਰਨੀ: ਵਿਜੈ ਗਰਗ

ss1

 ਕਥਨੀ ਅਤੇ ਕਰਨੀ: ਵਿਜੈ ਗਰਗ

ਕਾਲਜ ਤੋਂ ਬਾਅਦ ਕਿਸੇ ਪ੍ਰਾਈਵੇਟ ਸਕੂਲ ਵਿੱਚ ਮੇਰਾ ਪਹਿਲਾਂ ਦਿਨ ਸੀ । ਗਲੀ ਦੇ ਹੀ ਜਾਣ – ਪਛਾਣ ਦੇ ਮੁੰਡੇ ਨੇ ਸਕੂਲ ਵਿੱਚ ਗੱਲਬਾਤ ਕਰ ਲਈ ਸੀ । ਪ੍ਰਾਈਵੇਟ ਬੱਸ ਨੇ ਸਕੂਲ ਵਾਲੇ ਪਿੰਡ ਬੱਸ ਸਟੈਂਡ ਉਤੇ ਉਤਾਰ ਦਿੱਤਾ ਸੀ। ਬੱਸ ਸਟੈਂਡ ਤੋਂ ਸਕੂਲ ਦਾ ਰਾਸਤਾ 10 ਕੁ ਮਿੰਟਾ ਦਾ ਸੀ। ਅਸੀਂ ਸਾਰੇ ਅਧਿਆਪਕ ਅਤੇ ਪ੍ਰਿੰਸੀਪਲ ਸਰ ਪੈਦਲ ਹੀ ਜਾ ਰਹੇ ਸੀ । ਮੇਰੇ ਲਈ ਸਭ ਕੁਝ ਨਵਾਂ ਸੀ , ਨਵੀਂ ਸੜਕ ਸੀ ਅਤੇ ਨਵੇਂ ਹੀ ਮੋੜ ਸਨ , ਮੈਂ ਤਾਂ ਚੁੱਪ – ਚਾਪ ਉਨਾਂ ਸਭ ਦੀਆਂ ਪੈੜਾਂ ਦਾ ਪਿੱਛਾ ਕਰਦਾ ਤੁਰੀ ਜਾਂਦਾ ਸੀ। ਅਸੀਂ ਲੱਗਭਗ ਸਕੂਲ ਦੇ ਨੇੜੇ ਪਹੁੰਚ ਗਏ । ਸਕੂਲ ਦੀ ਘੰਟੀ ਵੱਜ ਚੁੱਕੀ ਸੀ ਅਤੇ ਰਾਸ਼ਟਰੀ ਗਾਣ ਚੱਲ ਪਿਆ ਸੀ । ਜਦੋ ਹੀ ਰਾਸ਼ਟਰੀ ਗਾਣ ਮੇਰੇ ਕੰਨਾਂ ਵਿੱਚ ਪਿਆ ਤਾਂ ਮੈਂ ਉਥੇ ਹੀ ਖੜ ਗਿਆ । ਮੈਂ ਅੱਗੇ ਜਾਂਦੇ ਤੇ ਪਿੱਛੇ ਆਉਂਦੇ ਬੱਚਿਆ ਨੂੰ ਦੇਖਿਆ ਤਾਂ ਉਹ ਵੀ ਖੜੇ ਸਨ । ਮੈਂ ਖੜਨਾ ਹੀ ਸੀ , ਕਿਉਂਕਿ ਮੈਂ ਤਾ ਸਿਰਫ ਇੱਕ ਹੀ ਗੱਲ ਜਾਣਦਾ ਸੀ, ਜ਼ੋ ਮੈਨੂੰ ਕਿਤਾਬਾਂ ਨੇ ਸਿਖਾਈ ਸੀ ਕਿ ਰਾਸ਼ਟਰੀ ਗਾਣ ਦਾ ਸਨਮਾਨ ਕਰੋ। ਮੈਂ ਹਮੇਸ਼ਾ ਕਿਤਾਬਾਂ ਨਾਲ ਹੀ ਮਿੱਤਰਤਾ ਕੀਤੀ ਸੀ । ਪਰ ਮੈਂ ਦੇਖਿਆ ਕਿ ਸਾਰਾ ਸਟਾਫ ਤੇ ਪ੍ਰਿੰਸੀਪਲ ਸਰ ਅਗਾਂਹ ਵਧਦੇ ਜਾ ਰਹੇ ਸੀ । ਮੈਂ ਹੈਰਾਨ ਸੀ ! ਮੈਂ ਉਥੇ ਖੜੇ ਨੇ ਹੀ ਆਵਾਜ਼ ਮਾਰੀ ਕਿ , ”ਸਰ ਰਾਸ਼ਟਰੀ ਗਾਣ ਚੱਲ ਰਿਹਾ ਹੈ । ” ਉਨਾਂ ਨੇ ਕਿਹਾ , ” ਕੋਈ ਨਹੀਂ ਸਰ , ਚਲੇ ਆਉ ।” ਮੈਂ ਇਹ ਸੁਣ ਕੇ ਹੋਰ ਵੀ ਹੈਰਾਨ ਹੋ ਗਿਆ ਤੇ ਉਹ ਅੱਗੇ ਵਧਦੇ ਗਏ । ਫੇਰ ਮੈਂ ਰਾਸ਼ਟਰੀ ਗਾਣ ਤੋਂ ਬਾਅਦ , ਭੱਜ ਕੇ ਨਾਲ ਰੱਲ ਗਿਆ । ਸਕੂਲ ਆਉਣ ਤੱਕ ਮੈਂ ਬੋਲਿਆ ਨਹੀਂ । ਮੇਰਾ ਮਨ ਬਹੁਤ ਉਦਾਸ ਹੋ ਗਿਆ ਸੀ । ਮੈਂ ਇਸ ਗੱਲ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀ। ਮੈਨੂੰ ਸਮਝ ਨਹੀਂ ਆਈ ਸੀ, ਕਿ ਕਿਤਾਬ ਵਿੱਚ ਲਿਖੇ ਦਾ ਕੀ ਅਰਥ ਸੀ ? ਕੀ ਸੱਚਮੁੱਚ ਜੇਕਰ ਰਾਸ਼ਟਰ ਗਾਣ ਚੱਲਦਾ ਹੋਵੇ ਤਾਂ ਸਾਨੂੰ ਨਹੀਂ ਰੁਕਣਾ ਚਾਹੀਦਾ ? ਕੀ ਸਾਨੂੰ ਹਮੇਸ਼ਾ ਇਸ ਲਈ ਬੱਚਿਆਂ ਨੂੰ ਹੀ ਕੁਟਦੇ – ਮਾਰਦੇ ਰਹਿਣਾ ਚਾਹੀਦਾ ਹੈ ?
ਉਸ ਦਿਨ ਮੈਨੂੰ ਸਮਝ ਆਇਆ ਕਿ ਲੋਕ ਸਮਾਜ ਸੁਧਾਰਨ ਦੀਆਂ ਗੱਲਾਂ ਤਾਂ ਕਰਦੇ ਹਨ , ਪਰੰਤੂ ਸੁਧਾਰਨ ਜੇ ਕੋਈ ਲੱਗੇ ਤਾਂ ਉਸਨੂੰ ਕਮਲਾ ਜਾਂ ਸਿਧਰਾ ਕਹਿ ਦਿੰਦੇ ਹਨ । ਇਹ ਖਿਤਾਬ ਮੈਨੂੰ ਬਹੁਤ ਵਾਰ ਪ੍ਰਾਪਤ ਹੋਇਆ ਹੈ , ਤੁਹਾਨੂੰ ਵੀ ਹੋਇਆ ਹੋਵੇਗਾ । ਮੈਂ ਬਹੁਤ ਸਾਰੇ ਲੋਕਾਂ ਨੂੰ ਸਵੇਰ ਦੀ ਸੈਰ ਉਪਰ ਬੋਲਦੇ ਸੁਣਿਆ ਹੈ , ਪਰੰਤੂ ਨਾਂ ਤਾਂ ਬੋਲਣ ਵਾਲੇ ਖੁਦ ਸੈਰ ‘ਤੇ ਜਾਂਦੇ ਹਨ ਅਤੇ ਨਾਂ ਹੀ ਸੁਣਨ ਵਾਲੇ ਕਦੇ ਜਾਂਦੇ ਹਨ । ਭਾਰਤੀਆਂ ਵਿੱਚ ਇੱਕ ਬਹੁਤ ਵੱਡਾ ਗੁਣ ਹੈ , ਤੇ ਉਹ ਹੈ ਵਾਦ – ਵਿਵਾਦ । ਇਹ ਸਾਡੇ ਤੋਂ ਜਿਨਾਂ ਮਰਜ਼ੀ ਕਰਵਾ ਲਓ ਪਰੰਤੂ ਅਗਰ ਕਥਨੀ ਨੂੰ ਕਰਨੀ ਕਰਨਾ ਹੋਵੇ ਤਾਂ ਕੋਈ ਖੜਦਾ ਨਹੀਂ ਬੱਸ ਇਹੀ ਫਰਕ ਹੈ ਸਾਡੇ ਅਤੇ ਦੂਸਰਿਆਂ ਵਿੱਚ ਅਸੀ ਸਿਰਫ ਬੋਲਦੇ ਹਾਂ , ਪੜਦੇ ਹਾਂ ਪਰੰਤੂ ਕਰਦੇ ਕੁਝ ਨਹੀਂ ।
print
Share Button
Print Friendly, PDF & Email