ਜਾਪਾਨ ਦੇ ਰਾਜਦੂਤ ਤੇ ਮਿਤਸੂਬਿਸ਼ੀ ਦੇ ਐਮ.ਡੀ. ਨੇ ਪੰਜਾਬ ’ਚ ਨਿਵੇਸ਼ ਲਈ ਦਿਲਚਸਪੀ ਵਿਖਾਈ

ss1

ਜਾਪਾਨ ਦੇ ਰਾਜਦੂਤ ਤੇ ਮਿਤਸੂਬਿਸ਼ੀ ਦੇ ਐਮ.ਡੀ. ਨੇ ਪੰਜਾਬ ’ਚ ਨਿਵੇਸ਼ ਲਈ ਦਿਲਚਸਪੀ ਵਿਖਾਈ

ਜਪਾਨ ਦੇ ਰਾਜਦੂਤ ਅਤੇ ਮਿਤਸੂਬਿਸ਼ੀ ਦੇ ਪ੍ਰਬੰਧਕੀ ਡਾੲਰੈਕਟਰ ਅਧਾਰਿਤ ਇੱਕ ਉੱਚ ਪੱਧਰੀ ਜਪਾਨੀ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਨਿਵੇਸ਼ ਅਤੇ ਵਿਕਾਸ ਦੇ ਕੁੰਜੀਵੱਤ ਖੇਤਰਾਂ ਵਿੱਚ ਭਾਈਵਾਲੀ ਲਈ ਦਿਲਚਸਪੀ ਵਿਖਾਈ। ਉਨ੍ਹਾਂ ਨੇ ਇਸ ਦੌਰਾਨ ਨਿਵੇਸ਼ ਅਤੇ ਆਪਸੀ ਸਹਿਯੋਗ ਦੇ ਸੰਭਾਵੀ ਖੇਤਰਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ। ਕੈਪਟਨ ਅਮਰਿੰਦਰ ਸਿੰਘ ਅਤੇ ਜਪਾਨ ਦੇ ਰਾਜਦੂਤ ਸ੍ਰੀ ਕੇਂਜੀ ਹਿਰਾਮਤਸੂ, ਮਿਤਸੂਬਿਸ਼ੀ ਹੈਵੀ ਇੰਡਸਟਰੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਕਜ਼ੂਨੋਰੀ ਕੋਨਿਸ਼ੀ ਵਿਚਕਾਰ ਹੋਈ ਮੀਟਿੰਗ ਨੂੰ ਦੋਵਾਂ ਧਿਰਾਂ ਨੇ ਮੁਢਲੀ ਮੀਟਿੰਗ ਦੱਸਿਆ ਪਰ ਇਸ ਮੀਟਿੰਗ ਨੇ ਦੋਵਾਂ ਵਿਚਕਾਰ ਅੱਗੇ ਹੋਰ ਵਿਚਾਰ ਵਟਾਂਦਰੇ ਲਈ ਰਾਹ ਪੱਧਰਾ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਸੱਤਾ ਸੰਭਾਲਣ ਤੋਂ ਕੁਝ ਹੀ ਦਿਨਾਂ ’ਚ ਹੋਏ ਇਸ ਵਿਚਾਰ ਵਟਾਂਦਰੇ ਦੌਰਾਨ ਵੱਖ-ਵੱਖ ਖੇਤਰਾਂ ਅਤੇ ਵਿਸ਼ਿਆਂ ’ਤੇ ਗਹਿਣ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਦੋਵੇਂ ਧਿਰਾਂ ਆਪਸੀ ਭਾਈਵਾਲੀ ਦੀ ਰੂਪ ਰੇਖਾ ਤਿਆਰ ਕਰਨ ਵਾਸਤੇ ਅੱਗੇ ਹੋਰ ਗੱਲਬਾਤ ਕਰਨ ਲਈ ਸਹਿਮਤ ਹੋਈਆਂ। ਮੀਟਿੰਗ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਿਤਸੂਬਿਸ਼ੀ ਨੇ ਨਿਵੇਸ਼ ਦੇ ਬਹੁਤ ਸਾਰੇ ਮਹੱਤਵਪੂਰਨ ਖੇਤਰਾਂ ਬਾਰੇ ਮੁੱਖ ਮੰਤਰੀ ਕੋਲ ਆਪਣੀ ਪੇਸ਼ਕਾਰੀ ਕੀਤੀ ਜਿਨ੍ਹਾਂ ਵਿੱਚ ਬਿਜਲੀ, ਸਮਾਰਟ ਸਿਟੀਜ਼, (ਆਟੋਮੇਟਿਡ ਗਾਈਡਵੇਅ ਟਰਾਂਜ਼ਿਟ), ਸਨਅਤੀ ਪਾਰਕ ਅਤੇ ਕੈਪਟਿਵ ਪਾਵਰ ਪਲਾਂਟ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਦੌਰਾਨ ਮੌਜੂਦਾ ਪ੍ਰੋਜੈਕਟਾਂ ਨੂੰ ਹੋਰ ਵਧੀਆ ਤੇ ਮਜ਼ਬੂਤ ਬਨਾਉਣ ਲਈ ਵੀ ਮਿਤਸੂਬਿਸ਼ੀ ਨੇ ਆਪਣਾ ਪੱਖ ਪੇਸ਼ ਕੀਤਾ।
ਮੁੱਖ ਮੰਤਰੀ ਨੇ ਏ.ਜੀ.ਟੀ ਵਿੱਚ ਦਿਲਚਸਪੀ ਵਿਖਾਈ ਜੋ ਕਿ ਟਰਾਂਜ਼ਿਟ ਓਰੀਐਂਟ ਡਿਵੈਲਪਮੈਂਟ (ਟੀ.ਓ.ਡੀ) ਅਧਾਰਿਤ ਜਨਤਿਕ ਟਰਾਂਸਪੋਟੇਸ਼ਨ ਪ੍ਰਣਾਲੀ ਹੈ। ਇਹ ਮੈਟਰੋ ਰੇਲ ਦਾ ਕਿਫ਼ਾਇਤੀ ਬਦਲ ਹੈ ਜੋ ਕਿ ਲੁਧਿਆਣਾ, ਅਮਿ੍ਰਤਸਰ ਅਤੇ ਜਲੰਧਰ ਵਰਗੇ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿੱਚ ਲੋਕਾਂ ਵਾਸਤੇ ਸਫਰ ਕਰਨ ਲਈ ਸਸਤਾ ਤੇ ਸੁਖਾਲਾ ਸਾਧਨ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਦੇ ਵਾਸਤੇ ਸੜਕਾਂ ਅਤੇ ਹਾਈਵੇਜ਼ ਦੇ ਵਿਕਾਸ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ। ਮੁੱਖ ਮੰਤਰੀ ਨੇ ਸੂਬੇ ਵਿੱਚ ਆਰਥਿਕ ਗਲਿਆਰੇ ਦੇ ਵਿਕਾਸ ਲਈ ਜਪਾਨੀ ਨਿਵੇਸ਼ ’ਚ ਵੀ ਡੂੰਘੀ ਦਿਲਚਸਪੀ ਵਿਖਾਈ। ਮੀਟਿੰਗ ਦੌਰਾਨ ਖੇਤੀਬਾੜੀ ਅਤੇ ਬਾਗਬਾਨੀ ਦੇ ਇੱਕ ਹੋਰ ਮਹੱਤਵਪੂਰਨ ਖੇਤਰ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੁੱਖ ਮੰਤਰੀ ਨੇ ਇਸ ਗੱਲ ਵੱਲ ਵਿਸ਼ੇਸ਼ ਤਵੱਜੋ ਦਿੱਤੀ ਕਿ ਛੋਟੀਆਂ ਜੋਤਾਂ ਹੋਣ ਦੇ ਬਾਵਜੂਦ ਜਪਾਨ ਦੇ ਕਿਸਾਨ ਵੱਧ ਝਾੜ ਪ੍ਰਾਪਤ ਕਰਨ ਵਿੱਚ ਸਫ਼ਲ ਹੋਏ ਹਨ। ਇਸ ਸਬੰਧ ਵਿੱਚ ਪੰਜਾਬ ਦੇ ਕਿਸਾਨ ਜਪਾਨ ਕੋਲੋਂ ਕਾਫ਼ੀ ਕੁਝ ਸਿੱਖ ਸਕਦੇ ਹਨ ਅਤੇ ਜਪਾਨ ਦੇ ਕਿਸਾਨਾਂ ਵਰਗੇ ਨਵੇਂ ਢੰਗ-ਤਰੀਕੇ ਅਤੇ ਉਸੇ ਤਰ੍ਹਾਂ ਦੀ ਪਹੰੁਚ ਅਪਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਅਤੇ ਕਣਕ ਦੀ ਖੇਤੀ ਪੰਜਾਬ ਦੇ ਕਿਸਾਨਾਂ ਲਈ ਹੁਣ ਫਾਇਦੇ ਵਾਲੀ ਨਹੀਂ ਰਹੀ ਜਿਸ ਕਰਕੇ ਹੁਣ ਬਾਗਬਾਨੀ ਵਰਗੇ ਖੇਤਰਾਂ ਵੱਲ ਪੁਲਾਂਘ ਪੁੱਟਣ ਦੀ ਲੋੜ ਹੈ। ਦੋਵੇਂ ਧਿਰਾਂ ਨੇ ਖੇਤੀਬਾੜੀ ਦੇ ਖੇਤਰ ਵਿੱਚ ਸਹਿਯੋਗ ਕਰਨ ਲਈ ਨਵੀਂਆਂ ਸੰਭਾਵਨਾਵਾਂ ਦਾ ਪਤਾ ਲਾਉਣ ਦਾ ਵੀ ਫੈਸਲਾ ਕੀਤਾ।

print
Share Button
Print Friendly, PDF & Email