ਨਵੇਂ ਨੋਟਾਂ ਦੇ ਨੰਬਰ ਕਰਾਉਣਗੇ ਹੁਣ ਅੰਦਰ

ss1

ਨਵੇਂ ਨੋਟਾਂ ਦੇ ਨੰਬਰ ਕਰਾਉਣਗੇ ਹੁਣ ਅੰਦਰ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ ਦੀ ਆਪਣੀ ਆਖਰੀ ‘ਮਨ ਕੀ ਬਾਤ’ ‘ਚ ਐਂਵੇ ਹੀ ਨਹੀਂ ਕਿਹਾ ਸੀ ਕਿ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਕੋਸ਼ਿਸ਼ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਇਸ ‘ਚ ਕੰਮ ਆ ਰਹੇ ਹਨ ਉਨ੍ਹਾਂ ਨਵੇਂ ਨੋਟਾਂ ਦੇ ਨੰਬਰ, ਜੋ ਦੇਸ਼ ਭਰ ‘ਚ ਜ਼ਬਤ ਕੀਤੇ ਗਏ ਹਨ। ਆਪਣੀ ਡਿਊਟੀ ਠੀਕ ਤਰੀਕੇ ਨਾਲ ਨਹੀਂ ਕਰਨ ਵਾਲੇ ਬੈਂਕ ਪ੍ਰਬੰਧਕ, ਜਿਨ੍ਹਾਂ ਨੇ ਪ੍ਰਭਾਵਸ਼ਾਲੀ ਅਤੇ ਅਮੀਰ ਲੋਕਾਂ ਨੂੰ ਖੁਸ਼ ਕਰਨ ਲਈ ਤੈਅ ਹੱਦ ਤੋਂ ਬਹੁਤ ਜ਼ਿਆਦਾ ਰਕਮ ਉਨ੍ਹਾਂ ਨੂੰ ਦਿੱਤੀ ਅਤੇ ਪੁਰਾਣੇ ਨੋਟਾਂ ‘ਚ ਉਨ੍ਹਾਂ ਦੇ ਕਾਲੇ ਧਨ ਨੂੰ ਵੀ ਨਵੇਂ ਨੋਟਾਂ ‘ਚ ਬਦਲ ਦਿੱਤਾ, ਹੁਣ ਉਨ੍ਹਾਂ ਦੀ ਮੁਸ਼ਕਿਲ ਵਧ ਗਈ ਹੈ। ਬੈਂਕਾਂ ਦੇ ਅੰਦਰ ਇਹ ਸਭ ਉਦੋਂ ਕੀਤਾ ਗਿਆ, ਜਦੋਂ ਬਾਹਰ ਲੱਖਾਂ ਲੋਕ 2-2 ਹਜ਼ਾਰ ਰੁਪਏ ਲਈ ਦਿਨ ਭਰ ਕਤਾਰ ‘ਚ ਖੜ੍ਹੇ ਰਹੇ ਅਤੇ ਬੈਂਕ ਨਕਦੀ ਨਾ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਵਾਪਸ ਭੇਜਦੇ ਰਹੇ।

ਨਵੇਂ ਨੋਟਾਂ ਦੇ ਨੰਬਰਾਂ ਦਾ ਬੈਂਕਾਂ ਦੇ ਰਿਕਾਰਡ ਨਾਲ ਹੋ ਰਿਹਾ ਮਿਲਾਨ

ਚੇਨਈ ਦੇ ਇਕ ਕਾਰੋਬਾਰੀ ਸ਼ੇਖਰ ਰੈਡੀ, ਦਿੱਲੀ ਦੇ ਵਕੀਲ ਰੋਹਿਤ ਟੰਡਨ ਅਤੇ ਕੋਲਕਾਤਾ ਦੇ ਕਾਰੋਬਾਰੀ ਪਾਰਸ ਲੋਢਾ ਦੀ ਗ੍ਰਿਫਤਾਰੀ ਦੇ ਬਾਅਦ ਈ. ਡੀ. ਨੂੰ ਜਾਂਚ ‘ਚ ਪਤਾ ਲੱਗਾ ਕਿ 4 ਬੈਂਕਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਤਕਰੀਬਨ 150 ਕਰੋੜ ਰੁਪਏ ਦੇ ਕਾਲੇ ਧਨ ਨੂੰ ਸਫੇਦ ਕਰਨ ‘ਚ ਮਦਦ ਕੀਤੀ ਹੈ। ਇਸ ਦੇ ਬਾਅਦ ਤੋਂ ਹੀ ਬੈਂਕ ਅਧਿਕਾਰੀਆਂ ਨੂੰ ਲਪੇਟੇ ‘ਚ ਲੈਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਗਈ ਹੈ। ਜਾਂਚ ਕਰਤਾਵਾਂ ਨੇ ਇਸ ਲਈ ਤਰੀਕਾ ਵੀ ਅਨੋਖਾ ਅਪਣਾਇਆ ਹੈ। ਸਭ ਤੋਂ ਪਹਿਲਾਂ ਤਾਂ ਜ਼ਬਤ ਕੀਤੇ ਗਏ ਨਵੇਂ ਨੋਟਾਂ ਦੇ ਸੀਰੀਅਲ ਨੰਬਰ (ਲੜੀ ਨੰਬਰ) ਲਿਖੇ ਗਏ ਹਨ। ਹੁਣ ਉਨ੍ਹਾਂ ਨੂੰ ਦੇਸ਼ ਭਰ ‘ਚ ਵੱਖ-ਵੱਖ ਬੈਂਕਾਂ ਦੇ ਕਰੰਸੀ ਚੈਸਟ ਅਤੇ ਸੰਬੰਧਤ ਸ਼ਾਖਾਵਾਂ ‘ਚ ਮੌਜੂਦ ਰਿਕਾਰਡ ਨਾਲ ਮਿਲਾਇਆ ਜਾਵੇਗਾ। ਦੇਖਿਆ ਜਾਵੇਗਾ ਕਿ ਜ਼ਬਤ ਨੋਟ ਕਿਹੜੀ ਸ਼ਾਖਾ ਤੋਂ ਜਾਰੀ ਹੋਏ ਸਨ। ਇਸ ਦੇ ਬਾਅਦ ਉਨ੍ਹਾਂ ਸ਼ਾਖਾਵਾਂ ਦੇ ਪ੍ਰਬੰਧਕਾਂ ਅਤੇ ਦੂਜੇ ਉੱਚ ਅਧਿਕਾਰੀਆਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਬੈਂਕਾਂ ਨੂੰ ਇਨ੍ਹਾਂ ਸੀਰੀਅਲ ਨੰਬਰ ਦੇ ਰਿਕਾਰਡ ਨੂੰ 2 ਸਾਲਾਂ ਤਕ ਸੁਰੱਖਿਅਤ ਰੱਖਣਾ ਹੋਵੇਗਾ। ਸੀਰੀਅਲ ਨੰਬਰਾਂ ਦੀ ਪੜਤਾਲ ਕਾਰਨ ਕਾਲੇ ਧਨ ਨੂੰ ਸਫੇਦ ਕਰਨ ‘ਚ ਮਦਦ ਕਰਨ ਵਾਲੇ ਬੈਂਕਾਂ ਦੀ ਮੁਸ਼ਕਿਲ ਵਧ ਗਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *