ਆਪ ‘ਚ ਬਗਾਵਤ ਜਾਰੀ: ਮੋਟੀਆਂ ਰਕਮਾਂ ਲੈ ਕੇ ਟਿਕਟਾਂ ਲਈ ਵਿਚੋਲਗੀ ਕਰਨ ਵਾਲਿਆਂ ਖਿਲਾਫ ਹੋਵੇ ਕਾਰਵਾਈ- ਗੰਧੋਂ

ss1

ਆਪ ‘ਚ ਬਗਾਵਤ ਜਾਰੀ: ਮੋਟੀਆਂ ਰਕਮਾਂ ਲੈ ਕੇ ਟਿਕਟਾਂ ਲਈ ਵਿਚੋਲਗੀ ਕਰਨ ਵਾਲਿਆਂ ਖਿਲਾਫ ਹੋਵੇ ਕਾਰਵਾਈ- ਗੰਧੋਂ

ਚੰਡੀਗੜ 26 ਦਸੰਬਰ (ਪ.ਪ.): ਆਮ ਆਦਮੀ ਪਾਰਟੀ ‘ਚ ਬਗਾਵਤ ਅਤੇ ਕੌਮੀ ਆਗੂਆਂ ‘ਤੇ ਇਲਜ਼ਾਮਾਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ। ਆਪ ਦੇ ਐਸ.ਸੀ.ਸੈਲ ਦੇ ਮੀਤ ਪ੍ਰਧਾਨ ਤੇ ਹੁਸ਼ਿਆਰਪੁਰ ਜੋਨ ਦੇ ਇੰਚਾਰਜ ਤਰਸੇਮ ਸਿੰਘ ਗੰਧੋਂ ਨੇ ਆਪ ਮੁਖੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਕੇ ਪਾਰਟੀ ਦੇ ਡਿੱਗ ਰਹੇ ਗਰਾਫ ਨੂੰ ਬਚਾਉਣ ਲਈ ਦਿੱਲੀ ਆਗੂਆਂ ਨੂੰ ਵਾਪਸ ਬਲਾਉਣ ਅਤੇ ਭ੍ਰਿਸ਼ਟਾਚਾਰ ਫੈਲਾਉਣ ਵਾਲੇ ਆਗੂਆਂ ‘ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਅੱਜ ਪ੍ਰੈਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਗੰਧੋਂ ਨੇ ਕਿਹਾ ਕਿ ਉਹ ਰਿਵਾਇਤੀ ਪਾਰਟੀਆਂ ਦੇ ਰੰਗ ਢੰਗ ਤੋਂ ਦੁਖੀ ਹੋ ਕੇ ਆਪ ਮੁਖੀ ਕੇਜਰੀਵਾਲ ਵਲੋਂ ਨਿਜ਼ਾਮ ਬਦਲਣ ਦੇ ਦਿੱਤੇ ਗਏ ਨਾਹਰੇ ਕਾਰਨ ਵਲੰਟੀਅਰ ਵਜੋਂ ਆਪ ‘ਚ ਸ਼ਾਮਲ ਹੋਏ ਸਨ। ਪਾਰਟੀ ਨੇ ਉਹਨਾਂ ਦਾ ਕੰਮਕਾਜ਼ ਦੇਖਕੇ ਜਿਥੇ ਐਸ.ਸੀ.ਸੈਲ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਉਥੇ ਹੁਸ਼ਿਆਰਪੁਰ ਜੋਨ ਦਾ ਇੰਚਾਰਜ ਲਗਾਇਆ। ਸ੍ਰ ਗੰਧੋਂ ਨੇ ਦੋਸ਼ ਲਾਇਆ ਕਿ ਉਸਨੂੰ ਸ਼੍ਰੀ ਚਮਕੌਰ ਸਾਹਿਬ ਹਲਕੇ ਤੋਂ ਟਿਕਟ ਦੇਣ ਲਈ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਗਈ, ਪਰ ਉਹਨਾਂ ਟਿਕਟ ਲਈ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਇਸਤੋਂ ਬਾਅਦ ਪਾਰਟੀ ਨੇ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਉਸ ਵਿਅਕਤੀ ਨੂੰ ਟਿਕਟ ਦੇ ਦਿੱਤੀ, ਜਿਸਦਾ ਹਲਕੇ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਦੱਸਿਆਂ ਕਿ ਪਾਰਟੀ ‘ਚ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਉਹਨਾਂ ਕੇਜਰੀਵਾਲ ਨਾਲ ਗੱਲਬਾਤ ਵੀ ਕੀਤੀ ਹੈ, ਪਰ ਸ੍ਰੀ ਕੇਜਰੀਵਾਲ ਹਮੇਸ਼ਾਂ ਸੰਜੈ ਸਿੰਘ ਤੇ ਦਰਗੇਸ਼ ਪਾਠਕ ਨਾਲ ਗੱਲਬਾਤ ਕਰਨ ਨੂੰ ਆਖਦੇ ਹਨ। ਇਹ ਦੋਵੇਂ ਆਗੂ ਵਲੰਟਰੀਅਰਾਂ ਦੀ ਭਾਵਨਾਵਾਂ ਨਾਲ ਖੇਡ ਰਹੇ ਹਨ। ਉਹਨਾਂ ਕਿਹਾ ਕਿ ਜਿਹੜੇ ਆਗੂਆਂ ਨੇ ਅੱਜ ਵੱਡੀ ਰਕਮਾਂ ਦੇ ਕੇ ਟਿਕਟਾਂ ਹਾਸਲ ਕੀਤੀਆਂ ਹਨ ਤਾਂ ਭਵਿੱਖ ਵਿੱਚ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਕੀ ਉਹ ਜਨਤਾ ਨਾਲ ਇਨਸਾਫ ਕਰਨਗੇ? ਕੇਜਰੀਵਾਲ ਨੂੰ ਲਿਖੇ ਪੱਤਰ ‘ਚ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ‘ਚ ਕਈ ਪਾਰਟੀਆਂ ਵਲੋਂ ਚੋਣਾਂ ਲੜੀਆਂ ਜਾ ਰਹੀਆਂ ਹਨ, ਪਰ ਪੈਸਿਆਂ ਦੀ ਮੰਗ ਨਾਲ ਪਾਰਟੀ ਨੂੰ ਢਾਹ ਲੱਗ ਰਹੀ ਹੈ। ਉਹਨਾਂ ਕੇਜਰੀਵਾਲ ਨੂੰ ਐਸ.ਵਾਈ.ਐਲ ਮੁੱਦੇ ‘ਤੇ ਆਪਣਾ ਸਟੈਂਡ ਸਪਸ਼ਟ ਕਰਨ ਅਤੇ ਪੰਜਾਬ ‘ਚ ਸਰਕਾਰ ਬਣਨ ‘ਤੇ ਦਲਿਤ ਉਪ ਮੁੱਖ ਮੰਤਰੀ ਬਨਾਉਣ ਦੇ ਵਾਅਦੇ ਤੋਂ ਪਹਿਲਾਂ ਦਿੱਲੀ ‘ਚ ਦਲਿਤ ਉਪ ਮੁੱਖ ਮੰਤਰੀ ਬਨਾਉਣ ਤੇ ਦਲਿਤ ਆਗੂ ਨੂੰ ਕੈਬਨਿਟ ਮੰਤਰੀ ਬਨਾਉਣ ਦੀ ਮੰਗ ਕੀਤੀ ਹੈ। ਪਾਰਟੀ ਮੰਚ ‘ਤੇ ਆਪਣੀ ਗੱਲ ਕਹਿਣ ਦੇ ਸਵਾਲ ‘ਤੇ ਸ੍ਰ ਗੰਧੋਂ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਪਾਰਟੀ ਦੇ ਉਚ ਆਗੂਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪਾਰਟੀ ਆਗੂ ਫੋਨ ਨਹੀਂ ਚੁੱਕ ਰਹੇ। ਜਿਸ ਕਰਕੇ ਆਪਣੀ ਗੱਲ ਮੀਡੀਆਂ ਰਾਹੀਂ ਰੱਖਣ ਨੂੰ ਤਰਜੀਹ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *