ਸ਼ਹੀਦੀ ਜੋੜ ਮੇਲ ‘ਚ ਅਕਾਲ ਤਖਤ ਦੇ ਆਦੇਸ਼ ਦੀਆਂ ਧੱਜੀਆਂ

ss1

ਸ਼ਹੀਦੀ ਜੋੜ ਮੇਲ ‘ਚ ਅਕਾਲ ਤਖਤ ਦੇ ਆਦੇਸ਼ ਦੀਆਂ ਧੱਜੀਆਂ

ਸ਼੍ਰੀ ਫਤਹਿਗੜ੍ਹ ਸਾਹਿਬ: ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ‘ਚ ਸ੍ਰੀ ਅਕਾਲ ਤਖਤ ਦੇ ਆਦੇਸ਼ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੰਮ ਕੇ ਸਿਆਸੀ ਦੂਸ਼ਣਬਾਜ਼ੀ ਹੋਈ।

ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜੋੜ ਮੇਲ ਨੂੰ ਸਾਦਗੀ ਨਾਲ ਮਨਾਉਣ, ਲੰਗਰਾਂ ‘ਚ ਮਿੱਠੇ ਪਕਵਾਨ ਨਾ ਪਕਾਉਣ ਤੇ ਸਿਆਸੀ ਕਾਨਫਰੰਸਾਂ ਮੌਕੇ ਸਿਆਸੀ ਦੂਸ਼ਣਬਾਜ਼ੀ ਨਾ ਕਰਨ ਦਾ ਆਦੇਸ਼ ਦਿੱਤਾ ਸੀ।

ਸ਼ਹੀਦੀ ਜੋੜ ਮੇਲ ਦਾ ਅੱਜ ਦੂਜਾ ਦਿਨ ਸਿਆਸੀ ਕਾਨਫਰੰਸਾਂ ਦੇ ਨਾਂ ਰਿਹਾ। ਇਨ੍ਹਾਂ ਕਾਨਫਰੰਸਾਂ ਦੌਰਾਨ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਹਰ ਸਿਆਸੀ ਸਟੇਜ ਤੋਂ ਰੱਜ ਕੇ ਉਲੰਘਣਾ ਹੋਈ। ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਹੀਦਾਂ ਨੂੰ ਯਾਦ ਜ਼ਰੂਰ ਕੀਤਾ ਪਰ ਆਪਣੀ ਤਕਰੀਰ ਦੌਰਾਨ ਉਹ ਸ਼੍ਰੋਮਣੀ ਅਕਾਲੀ ਦਲ ਦਾ ਗੁਣਗਾਣ ਕਰਨਾ ਤੇ ਵਿਰੋਧੀ ਪਾਰਟੀਆਂ ‘ਤੇ ਤਵੇ ਲਾਉਣੇ ਵੀ ਨਹੀਂ ਭੁੱਲੇ।

ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਗਿਆ ਸੀ। ਦੂਜੀਆਂ ਮੁੱਖ ਵਿਰੋਧੀ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਇੱਥੇ ਵੀ ਲੀਡਰ ਜ਼ੋਰ-ਸ਼ੋਰ ਨਾਲ ਸਿਆਸੀ ਦੂਸ਼ਣਬਾਜ਼ੀ ਕਰਦੇ ਸੁਣੇ ਗਏ। ਸੁਖਬੀਰ ਬਾਦਲ ਨੇ ਜਿੱਥੇ ‘ਰਾਜੇ’ ਨੂੰ ਨਿਸ਼ਾਨੇ ‘ਤੇ ਲਿਆ ਤਾਂ ਉਧਰ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਾਦਲ ਪਿਉ-ਪੁੱਤਰ ਤੇ ਚੁਟਕੀਆਂ ਲਈਆਂ।

ਆਮ ਆਦਮੀ ਪਾਰਟੀ ਦੇ ਆਗੂਆਂ ਦੇ ਬੋਲ ਵੀ ਸ਼ਹਾਦਤ ਲਈ ਸ਼ਰਧਾਂਜਲੀ ਦੇਣ ਤੋਂ ਬਾਅਦ ਸਿਆਸੀ ਦੂਸ਼ਣਬਾਜ਼ੀ ਵਿੱਚ ਬਦਲ ਗਏ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵੀ ਹਰ ਸਾਲ ਸ਼ਹੀਦੀ ਜੋੜ ਮੇਲ ਮੌਕੇ ਸਿਆਸੀ ਸਟੇਜ ਸਜਾਈ ਜਾਂਦੀ ਹੈ। ਸਿਮਰਨਜੀਤ ਸਿੰਘ ਮਾਨ ਦੀ ਤਕਰੀਰ ਸੁਣਨ ਲਈ ਇੱਥੇ ਵੀ ਕਾਫੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਹਨ, ਹਰ ਵਾਰ ਦੀ ਤਰਾਂ ਇਸ ਵਾਰ ਵੀ ਸਮਰਥਕਾਂ ਵੱਲੋਂ ‘ਖਾਲਿਸਤਾਨ’ ਦੇ ਨਾਹਰੇ ਲਾਏ ਗਏ। ਮਾਨ ਦੀ ਕਾਨਫਰੰਸ ਮੌਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਡਾਲ ਲਾਇਆ ਗਿਆ ਸੀ।

ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਯਾਦਾ ਦੀ ਗੱਲ ਕਰ ਲਈਏ ਤਾਂ ਇਨਾਂ ਸਿਆਸੀ ਕਾਨਫਰੰਸਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਕੋਈ ਖਾਸ ਧਿਆਨ ਨਹੀਂ ਰੱਖਿਆ ਜਾਂਦਾ, ਇਨ੍ਹਾਂ ਸਿਆਸੀ ਪੰਡਾਲਾਂ ਵਿੱਚ ਜੋੜਿਆਂ ਸਮੇਤ ਦਾਖਲ ਹੁੰਦੀ ਸੰਗਤ ਆਮ ਦੇਖੀ ਜਾਂਦੀ ਹੈ। ਗੁਰੂ ਸਾਹਬ ਦੀ ਹਜ਼ੂਰੀ ਅੰਦਰ ਸਿਆਸੀ ਲੋਕਾਂ ਜਾਂ ਪਾਰਟੀਆਂ ਦੇ ਨਾਂ ‘ਤੇ ਸ਼ਰੇਆਮ ਸਿਆਸੀ ਨਾਹਰੇ ਲਾਏ ਜਾਂਦੇ ਹਨ, ਜੋ ਰਹਿਤ ਮਰਿਯਾਦਾ ਮੁਤਾਬਕ ਸ਼ਬਦ ਗੁਰੂ ਦੇ ਸਤਿਕਾਰ ਵਿੱਚ ਇੱਕ ਵੱਡੀ ਭੁੱਲ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *