ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਦੇ ਸ਼ਰਧਾਲੂਆਂ ਨੂੰ ਪਟਨਾ ਸਾਹਿਬ ਲਿਜਾਣ ਲਈ 10 ਰੇਲ ਗੱਡੀਆਂ ਤੇ 300 ਬੱਸਾਂ ਰਵਾਨਾ ਹੋਣਗੀਆਂ: ਡਾ.ਚੀਮਾ

ss1

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਦੇ ਸ਼ਰਧਾਲੂਆਂ ਨੂੰ ਪਟਨਾ ਸਾਹਿਬ ਲਿਜਾਣ ਲਈ 10 ਰੇਲ ਗੱਡੀਆਂ ਤੇ 300 ਬੱਸਾਂ ਰਵਾਨਾ ਹੋਣਗੀਆਂ: ਡਾ.ਚੀਮਾ
ਪੰਜਾਬ ਸਰਕਾਰ ਕਰੇਗੀ 25000 ਸ਼ਰਧਾਲੂਆਂ ਨੂੰ ਮੁਫਤ ਲਿਜਾਣ, ਰਹਿਣ-ਸਹਿਣ ਤੇ ਖਾਣ-ਪੀਣ ਦਾ ਪ੍ਰਬੰਧ

ਮੋਹਾਲੀ, 23 ਦਸੰਬਰ (ਪ੍ਰਿੰਸ): ਚੰਡੀਗੜ੍ਹ, 23 ਦਸੰਬਰ (ਪੰਜਾਬ ਟੂਡੇ) ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਦੀਆਂ ਸੰਗਤਾਂ ਨੂੰ ਪਟਨਾ ਸਾਹਿਬ ਲਿਜਾਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਹਨ| ਸੂਬੇ ਵਿੱਚੋਂ 10 ਵਿਸ਼ੇਸ਼ ਰੇਲ ਗੱਡੀਆਂ ਅਤੇ 300 ਬੱਸਾਂ ਰਾਹੀਂ 25000 ਸ਼ਰਧਾਲੂਆਂ ਨੂੰ ਮੁਫਤ ਲਿਜਾਣ ਦਾ ਪ੍ਰਬੰਧ ਕੀਤਾ ਗਿਆ ਹੈ| ਇਹ ਜਾਣਕਾਰੀ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਬਿਆਨ ਰਾਹੀਂ ਦਿੱਤੀ|
ਡਾ.ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਵਿਸ਼ੇਸ਼ ਯਤਨਾਂ ਸਦਕਾ ਇਸ ਸਾਲ ਪਹਿਲੀ ਜਨਵਰੀ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਜਿਸ ਤਹਿਤ ਸੂਬਾ ਵਾਸੀਆਂ ਨੂੰ ਵੱਖ-ਵੱਖ ਧਰਮਾਂ ਦੇ ਤੀਰਥ ਅਸਥਾਨਾਂ ਦੇ ਮੁਫਤ ਦਰਸ਼ਨ ਕਰਵਾਏ ਗਏ| ਇਸੇ ਕੜੀ ਨੂੰ ਅੱਗੇ ਜਾਰੀ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਹੁਣ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਸ਼ਰਧਾਲੂਆਂ ਨੂੰ ਪਟਨਾ ਸਾਹਿਬ ਲਿਜਾਣ ਦਾ ਫੈਸਲਾ ਕੀਤਾ ਗਿਆ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ 5 ਜਨਵਰੀ 2017 ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ| ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਸ੍ਰੀ ਆਨੰਦਪੁਰ ਸਾਹਿਬ ਤੇ ਨਵੀਂ ਦਿੱਲੀ ਵਿਖੇ ਦੋ ਵੱਡੇ ਸਮਾਗਮ ਕੀਤੇ ਗਏ ਜਿਨ੍ਹਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸ਼ਮੂਲੀਅਤ ਕੀਤੀ ਗਈ|
ਡਾ.ਚੀਮਾ ਨੇ ਦੱਸਿਆ ਕਿ ਹੁਣ ਪਟਨਾ ਸਾਹਿਬ ਵਿਖੇ ਇਨ੍ਹਾਂ ਸਮਾਗਮਾਂ ਦੀ ਸਮਾਪਤੀ ਮੌਕੇ ਪੰਜਾਬ ਦੀਆਂ ਸੰਗਤਾਂ ਨੂੰ ਵੱਡੇ ਵੱਧਰ ਤੇ ਲਿਜਾਣ ਦਾ ਪ੍ਰਬੰਧ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਜਨਵਰੀ ਦੇ ਪਹਿਲੇ ਹਫਤੇ 10 ਰੇਲ ਗੱਡੀਆਂ ਰਾਹੀਂ 10,000 ਅਤੇ 300 ਬੱਸਾਂ ਰਾਹੀਂ 15,000 ਸੰਗਤਾਂ ਨੂੰ ਪਟਨਾ ਸਾਹਿਬ ਲਿਜਾਇਆ ਜਾਵੇਗਾ| ਇਹ ਸੰਗਤਾਂ 5 ਜਨਵਰੀ 2017 ਨੂੰ ਪਟਨਾ ਸਾਹਿਬ ਵਿਖੇ 350ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨਗੀਆਂ| ਪੰਜਾਬ ਸਰਕਾਰ ਵੱਲੋਂ ਜਿੱਥੇ ਇਨ੍ਹਾਂ ਸ਼ਰਧਾਲੂਆਂ ਨੂੰ ਮੁਫਤ ਆਉਣ-ਜਾਣ ਅਤੇ ਖਾਣ-ਪੀਣ ਦੀ ਸਹੂਲਤ ਦਿੱਤੀ ਗਈ ਹੈ ਉਥੇ ਬਿਹਾਰ ਸਰਕਾਰ ਨਾਲ ਤਾਲਮੇਲ ਕਰ ਕੇ ਉਥੇ ਮੁਫਤ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ|
ਡਾ.ਚੀਮਾ ਨੇ ਦੱਸਿਆ ਕਿ 10 ਰੇਲ ਗੱਡੀਆਂ ਵਿੱਚ ਹਰ ਹਲਕੇ ਦੇ ਵਸਨੀਕ ਨੂੰ ਡੱਬਿਆਂ ਅਨੁਸਾਰ ਲਿਜਾਇਆ ਜਾਵੇਗਾ ਜਦੋਂ ਕਿ ਹਰ ਹਲਕੇ ਵਿੱਚੋਂ 3 ਬੱਸਾਂ ਚੱਲਣਗੀਆਂ ਅਤੇ ਕੁੱਲ 300 ਬੱਸਾਂ ਪਟਨਾ ਸਾਹਿਬ ਜਾਣਗੀਆਂ| ਉਨ੍ਹਾਂ ਦੱਸਿਆ ਕਿ ਹਰ ਰੇਲ ਗੱਡੀ ਵਿੱਚ ਇਕ-ਇਕ ਡੱਬਾ ਔਰਤਾਂ ਲਈ ਰਾਖਵਾਂ ਰੱਖਿਆ ਜਾਵੇਗਾ ਜਦੋਂ ਕਿ ਤਿੰਨ ਤਖਤ ਸਾਹਿਬ ਵਾਲੇ ਸਥਾਨਾਂ (ਸ੍ਰੀ ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਦਮਦਮਾ ਸਾਹਿਬ) ਤੋਂ ਚੱਲਣ ਵਾਲੀਆਂ ਤਿੰਨ ਰੇਲ ਗੱਡੀਆਂ ਵਿੱਚ ਇਕ-ਇਕ ਡੱਬਾ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਲਈ ਰਾਖਵਾਂ ਹੋਵੇਗਾ| ਵੱਡੀ ਉਮਰ ਦੇ ਸ਼ਰਧਾਲੂਆਂ ਨੂੰ ਰੇਲ ਗੱਡੀ ਅਤੇ ਨੌਜਵਾਨਾਂ ਨੂੰ ਬੱਸ ਰਾਹੀਂ ਲਿਜਾਣ ਵਿੱਚ ਪਹਿਲ ਦਿੱਤੀ ਜਾਵੇਗੀ| ਬੱਸਾਂ ਰਾਹੀਂ ਜਾਣ ਵਾਲੀ ਸੰਗਤ ਦਾ ਰਾਸਤੇ ਵਿੱਚ ਦੋ ਰਾਤਾਂ ਦਾ ਪੜਾਅ ਹੋਵੇਗਾ ਜਿੱਥੇ ਠਹਿਰਨ ਦਾ ਸਭ ਪ੍ਰਬੰਧ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਜਲਦ ਹੀ ਇਨ੍ਹਾਂ ਰੇਲ ਗੱਡੀਆਂ ਤੇ ਬੱਸਾਂ ਦੇ ਰਵਾਨਾ ਹੋਣ ਦਾ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ|

print
Share Button
Print Friendly, PDF & Email

Leave a Reply

Your email address will not be published. Required fields are marked *