ਫਤਿਹਗੜ ਸਾਹਿਬ ਦੀ ਸ਼ਹੀਦੀ ਕਾਨਫਰੰਸ ਵਿੱਚ ਸਮੁੱਚੀ ਕੌਮ ਨੂੰ ਪਹੁੰਚਣ ਦੀ ਅਪੀਲ

ss1

ਫਤਿਹਗੜ ਸਾਹਿਬ ਦੀ ਸ਼ਹੀਦੀ ਕਾਨਫਰੰਸ ਵਿੱਚ ਸਮੁੱਚੀ ਕੌਮ ਨੂੰ ਪਹੁੰਚਣ ਦੀ ਅਪੀਲ 

ਫਰੀਦਕੋਟ,22 ਦਸੰਬਰ ( ਜਗਦੀਸ਼ ਬਾਂਬਾ ) ਪੋਹ ਮਹੀਨਾ ਸਿੱਖ ਕੌਮ ਵਿੱਚ ਇੱਕ ਖਾਸ ਮਹੱਤਵ ਰੱਖਦਾ ਹੈ,ਇਸ ਮਹੀਨੇ ਵਿੱਚ ਚੋਜੀ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਛੱਡ ਆਪਣਾ ਪਰਿਵਾਰ ਕੌਮ ਤੋਂ ਕੁਰਬਾਨ ਕਰ ਦਿੱਤਾ ਸੀ,ਕਦੇ ਖੁਦ ਕੌਮ ਦੀ ਖਾਤਰ ਤਖਤਾਂ ਦੇ ਮਾਲਿਕ ਦਸ਼ਮੇਸ਼ ਪਿਤਾ ਨੇ ਸੂਲਾਂ ਦੀ ਸੇਜ ਤੇ ਆਸਨ ਲਾਏ ਸਨ । ਇਹ ਮਹੀਨਾ ਆਪਣੇ ਆਪ ਵਿੱਚ ਬਹੁਤ ਵੈਰਾਗਮਈ ਹੈ ਕਿਉਂਕਿ ਸਰਸਾ ਨਦੀ ਦਾ ਪਰਿਵਾਰ ਵਿਛੋੜਾ, ਚਮਕੌਰ ਸਾਹਿਬ ਵਿੱਚ ਵੱਡੇ ਸਾਹਿਬਜਾਦਿਆਂ ਅਤੇ ਬਾਕੀ ਸਿੰਘਾਂ ਵੱਲੋੰ ਦੁਨੀਆਂ ਦੀ ਸਭ ਤੋਂ ਵੱਡੀ ਆਸਾਂਵੀ ਜੰਗ ਲੜ ਕਿ ਸ਼ਹਾਦਤ ਦਾ ਜਾਮ ਪੀਤਾ ਗਿਆ। ਇਸਦੇ ਨਾਲ ਹੀ ਜਿੱਥੇ ਸਰਹਿੰਦ ਦੀਆਂ ਸਰਦ ਹਵਾਵਾਂ ਨੇ ਜਿੱਥੇ ਠੰਡੇ ਬੁਰਜ ਵਿੱਚ ਕੈਦ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਸਿਦਕ ਪਰਖਿਆ ਓਥੇ ਛੋਟੇ ਸਾਹਿਬਜਾਦਿਆਂ ਵੱਲੋੰ ਨੀਹਾਂ ਵਿੱਚ ਚਿਣ ਸ਼ਹਾਦਤ ਪ੍ਰਾਪਤ ਕਰਨ,ਪਰ ਅੱਗੇ ਨਾਂ ਝੁਕਣ ਦੀ ਇਤਿਹਾਸ ਦੀ ਵਿਲੱਖਣ ਵਾਰਤਾ ਹਰ ਇੱਕ ਨੂੰ ਵੈਰਾਗ ਵਿੱਚ ਲੈ ਜਾਂਦੀ ਹੈ। ਗੁਰੂ ਸਾਹਿਬ ਜੀ ਦੇ ਮਾਤਾ ਜੀ ਦੀ ਸ਼ਹਾਦਤ ਵੀ ਸਰਹਿੰਦ ਵਿਖੇ ਹੀ ਹੋਈ,ਭਾਈ ਮੋਤੀ ਮਹਿਰੇ ਜੀ ਦੇ ਪਰਿਵਾਰ ਨੂੰ ਸਾਹਿਬਜਾਦਿਆਂ ਅਤੇ ਮਾਤਾ ਜੀ ਨੂੰ ਸਰਦ ਰੁੱਤ ਤੋ ਬਚਾਉਣ ਲਈ ਠੰਡੇ ਬੁਰਜ ਅੰਦਰ ਗਰਮ ਦੁੱਧ ਪਹੁੰਚਾਉਣ ਦੀ ਸਜਾ ਵੱਜੋ ਕੋਲੂ ਵਿੱਚ ਪੀੜ ਕਿ ਸ਼ਹੀਦ ਕੀਤਾ ਗਿਆ। ਇਹ ਇਤਿਹਾਸ ਦੀਆਂ ਉਹ ਘਟਨਾਂਵਾਂ ਹਨ ਜਿੱਥੇ ਆ ਕਿ ਹਰ ਇੱਕ ਦਾ ਸੀਸ ਝੁਕ ਜਾਂਦਾ ਹੈ,ਇਸੇ ਤਰਾਂ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਿੱਜਦਾ ਕਰਨ ਲਈ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਕੌਮੀ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਦੀ ਅਗਵਾਹੀ ਵਿੱਚ 26 ਦਸੰਬਰ ਨੂੰ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼ਹੀਦੀ ਕਾਨਫਰੰਸ ਰੱਖੀ ਗਈ ਹੈ ,ਜਿੱਥੇ ਛੋਟੇ ਸਾਹਿਬਜਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਭਾਈ ਮੋਤੀ ਮਹਿਰਾ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਜਾਏਗਾ,ਨਾਲ ਹੀ ਉਨਾਂ ਵੱਲੋ ਜੁਲਮ ਖਿਲਾਫ ਲੜਨ ਅਤੇ ਜਾਲਮਾਂ ਦੀ ਈਨ ਨਾਂ ਮੰਨਣ ਦੇ ਸੰਕਲਪ ਤੇ ਪਹਿਰਾ ਦਿੰਦੇ ਹੋਏ ਸਿੱਖ ਕੌਮ ਦੀਆਂ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦਾ ਪ੍ਰਣ ਕੀਤਾ ਜਾਵੇਗਾ। ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਹਰੀਨ ਇਕਾਈ ਦੇ ਪ੍ਰਧਾਨ ਸ. ਅਮਰੀਕ ਸਿੰਘ ਬੱਲੋਵਾਲ, ਮੀਤ ਪ੍ਰਧਾਨ ਧਰਮਿੰਦਰ ਸਿੰਘ ਨਾਰੰਗਵਾਲ,ਜਨਰਲ ਸਕੱਤਰ ਜਗਰਾਜ ਸਿੰਘ ਮੱਦੋਕੇ ਅਤੇ ਪ੍ਰੈਸ ਸਕੱਤਰ ਸ. ਗੁਰਵਿੰਦਰ ਸਿੰਘ ਭੱਟੀਆਂ ਵੱਲੋਂ ਸਮੁੱਚੀ ਕੌਮ ਨੂੰ ਬੇਨਤੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋੰ ਉਲੀਕੀ ਸ਼ਹੀਦੀ ਕਾਨਫਰੰਸ ਵਿੱਚ ਪਹੁੰਚਣ ਅਤੇ ਸ਼ਹੀਦਾ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਉਨਾਂ ਵੱਲੋੰ ਦਰਸਾਏ ਗਏ ਮਾਰਗ ਤੇ ਆਖਰੀ ਸਵਾਸਾਂ ਤੱਕ ਪਹਿਰਾ ਦੇਣ ਦਾ ਪ੍ਰਣ ਕਰਨ ਲਈ ਦ੍ਰਿੜ ਨਿਸਚਾ ਪ੍ਰਗਟਾਉਣ ।

print
Share Button
Print Friendly, PDF & Email