ਆਂਗਣਵਾੜੀ ਸਮਾਨ ਖਰੀਦ ਕਰਨ ਵਿੱਚ ਮੋਟਾ ਘੋਟਾਲਾ

ss1

ਆਂਗਣਵਾੜੀ ਸਮਾਨ ਖਰੀਦ ਕਰਨ ਵਿੱਚ ਮੋਟਾ ਘੋਟਾਲਾ
ਆਰ ਟੀ ਆਈ ਨਾਲ ਹੋਇਆ ਖੁਲਾਸਾ

ਤਪਾ ਮੰਡੀ, 19 ਮਈ (ਨਰੇਸ਼ ਗਰਗ) ਸਰਕਾਰੀ ਹਿੱਤਾਂ ਦੀ ਰਾਖੀ ਕਰਨ ਲਈ ਸਰਕਾਰ ਜ਼ਿਲਾ ਪੱਧਰ ਤੇ ਅਫਸਰ ਨਿਯੁਕਤ ਕਰਦੀ ਹੈ। ਇਨਾਂ ਅਫਸਰਾਂ ਦੀ ਜਿੰਮੇਵਾਰੀ ਹੁੰਦੀ ਹੈ ਕਿ ਇਹ ਸਰਕਾਰੀ ਖਜਾਨੇ ਦੀ ਸਾਂਭ-ਸੰਭਾਲ ਕਰਨ। ਪਰ ਜਦ ‘ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਰੱਬ ਹੀ ਰਾਖਾ’। ਇਹੋ ਕੁਝ ਪੰਜਾਬ ਸਰਕਾਰ ਵੱਲੋਂ ਤਾਇਨਾਤ ਬਰਨਾਲਾ ਵਿਖੇ ਜ਼ਿਲਾ ਪ੍ਰੋਗਰਾਮ ਅਫਸਰ ਦੇ ਦਫਤਰ ਵਿੱਚ ਹੋਇਆ। ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਅੰਦਰ ਬੱਚਿਆਂ ਦੀ ਜਰੂਰਤ ਲਈ ਪ੍ਰੀ ਸਕੂਲ ਕਿੱਟਾਂ, ਮੈਡੀਕਲ ਕਿੱਟਾਂ ਅਤੇ ਭਾਰ ਤੋਲ ਮਸ਼ੀਨਾਂ ਦੀ ਖਰੀਦ ਕੀਤੀ ਸੀ। ਸਥਾਨਕ ਲੋਕ ਸੂਚਨਾ ਐਕਟ ਦੇ ਕਾਰਕੁੰਨ ਸੱਤਪਾਲ ਗੋਇਲ ਨੇ ਦੱਸਿਆ ਕਿ ਉਨਾਂ ਲੋਕ ਸੂਚਨਾ ਐਕਟ ਤਹਿਤ ਜਾਣਕਾਰੀ ਮੰਗੀ ਤਾਂ ਜ਼ਿਲਾਂ ਪ੍ਰੋਗਰਾਮ ਅਫਸਰ ਬਰਨਾਲਾ ਨੇ ਪਹਿਲਾਂ ਤਾਂ ਦੇਣ ਤੋਂ ਟਾਲਮਟੋਲ ਕੀਤੀ ਪਰ ਜਦੋਂ ਉਚ ਅਧਿਕਾਰੀਆਂ ਕੋਲ ਪਹੁੰਚ ਕੀਤੀ ਤਾਂ ਭੇਜੀ ਜਾਣਕਾਰੀ ਮੁਤਾਬਿਕ 657 ਆਂਗਣਵਾੜੀ ਸੈਂਟਰਾਂ ਲਈ ਖਰੀਦ ਕੀਤੀਆਂ ਪ੍ਰੀ ਸਕੂਲ ਕਿੱਟਾਂ ਦਾ ਖਰੀਦ ਰੇਟ 2828 ਰੁਪਏ ਪ੍ਰਤੀ ਕਿੱਟ ਅਤੇ ਮਿੰਨੀ ਆਂਗਣਵਾੜੀ ਸੈਂਟਰਾਂ ਲਈ 9 ਮਿੰਨੀ ਪ੍ਰੀ ਸਕੂਲ ਕਿੱਟਾ ਦਾ ਖਰੀਦ ਰੇਟ 1414 ਰੁਪਏ ਪ੍ਰਤੀ ਕਿੱਟ ਹੈ, ਮੈਡੀਸਨ ਕਿੱਟਾਂ ਦਾ ਰੇਟ 910 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ 657 ਕਿੱਟਾਂ ਖਰੀਦ ਕੀਤੀਆਂ ਅਤੇ 9 ਮਿੰਨੀ ਸੈਂਟਰਾਂ ਲਈ 425 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਮਿੰਨੀ ਕਿੱਟਾਂ ਦੀ ਖਰੀਦ ਕੀਤੀ, ਭਾਰ ਤੋਲ ਤਿੰਨ ਮਸ਼ੀਨਾਂ ਦਾ ਸੈਟ 4370 ਰੁਪਏ ਪ੍ਰਤੀ ਸੈਟ ਦੇ ਹਿਸਾਬ ਨਾਲ ਐਮ ਐਲ ਕੁਆਲਟੀ ਪ੍ਰਿੰਟਰਜ ਸੰਗਰੂਰ ਤੋਂ ਅਤੇ ਮੈਡੀਕਲ ਕਿੱਟਾਂ ਸਿੰਗਲਾ ਮੈਡੀਕਲ ਹਾਲ ਸੰਗਰੂਰ ਤੋਂ ਖਰੀਦ ਕੀਤੀਆਂ ਇਸ ਸਮਾਨ ਤੇ ਵੈਟ ਅਲੱਗ ਤੋਂ ਹੈ।
ਬਾਜ਼ਾਰ ਵਿੱਚ ਵਿਕਣ ਵਾਲੀ ਭਾਰ ਤੋਲ ਮਸ਼ੀਨ ਵਧੀਆ ਕੰਪਨੀ ਦੀ 600 ਤੋਂ 700 ਰੁਪਏ ਵਿੱਚ ਮਿਲ ਜਾਂਦੀ ਹੈ। ਪ੍ਰੀ ਸਕੂਲ ਕਿੱਟ ਜੋ ਵਿਭਾਗ ਨੇ 2828 ਰੁਪਏ ਵਿੱਚ ਖਰੀਦ ਕੀਤੀ ਹੈ, ਉਸ ਦੀ ਬਾਜ਼ਾਰ ਕੀਮਤ ਜਿਆਦਾ ਤੋਂ ਜਿਆਦਾ 800 ਰੁਪਏ ਦੇ ਲੱਗਭੱਗ ਹੈ, ਮੈਡੀਸਨ ਕਿੱਟ ਵੀ ਬਾਜ਼ਾਰ ਵਿੱਚ 300 ਰੁਪਏ ਵਿੱਚ ਮਿਲਦੀ ਹੈ। ‘ ਦਾਲ ਵਿੱਚ ਕਾਲਾ ਹੈ ਜਾਂ ਸਾਰੀ ਦਾਲ ਹੀ ਕਾਲੀ ਹੈ’ ਵਾਲੀ ਕਹਾਵਤ ਇੱਥੇ ਸਹੀ ਢੁਕਦੀ ਹੈ। ਤਦ ਤਾਂ ਜ਼ਿਲਾ ਪ੍ਰੋਗਰਾਮ ਅਫਸਰ ਨੇ ਇਸ ਨੂੰ ਗੁਪਤ ਜਾਣਕਾਰੀ ਹੋਣ ਦਾ ਬਹਾਨਾ ਲਾਕੇ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਸੀ। ਡਾਇਰੈਕਟਰ ਵਿਜੀਲੈਂਸ ਬਿਓਰੋ ਨੂੰ ਪੱਤਰ ਲਿਖਕੇ ਉਚ ਪੱਧਰੀ ਜਾਂਚ ਦੀ ਮੰਗ ਹੈ। ਤਾਂ ਕਿ ਪਤਾ ਲੱਗ ਸਕੇ ਕਿੰਨੀ ਰਕਮ ਦੀ ਘਪਲੇਬਾਜ਼ੀ ਹੋਣੀ ਹੈ। ਸਮਾਨ ਜੋ ਖਰੀਦ ਕੀਤਾ ਹੈ ਉਹ ਮਿਕਦਾਰ ਵਿੱਚ ਪੂਰਾ ਖਰੀਦ ਕੀਤਾ ਹੈ ਜਾਂ ਕਿ ਸਿਰਫ ਕਾਗਜ਼ੀ ਖਰੀਦ ਕੀਤੀ ਹੈ।
ਜਦੋਂ ਉਪਰੋਕਤ ਦੇ ਸਬੰਧੀ ਡਿਪਟੀ ਕਮਿਸ਼ਨਰ ਸ੍ਰ ਭੁਪਿੰਦਰ ਸਿੰਘ ਰਾਏ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਸ ਦੀ ਮੁਕੰਮਲ ਪੜਤਾਲ ਕਰਵਾਈ ਜਾਵੇਗੀ ਅਤੇ ਦੋਸ਼ੀ ਪਾਏ ਜਾਣੇ ਵਾਲੇ ਨੂੰ ਬਖਸਿਆ ਨਹੀਂ ਜਾਵੇਗਾ।

print
Share Button
Print Friendly, PDF & Email