ਇਕ ਅਪ੍ਰੈਲ 2017 ਤੋਂ ਹਾਈਵੇ ‘ਤੇ ਠੇਕੇ ਬਿਲਕੁਲ ਬੰਦ ਹੋ ਜਾਣਗੇ

ss1

ਇਕ ਅਪ੍ਰੈਲ 2017 ਤੋਂ ਹਾਈਵੇ ‘ਤੇ ਠੇਕੇ ਬਿਲਕੁਲ ਬੰਦ ਹੋ ਜਾਣਗੇ

ਸੁਪਰੀਮ ਕੋਰਟ ਦਾ ਫੈਸਲਾ – ਸਾਰੇ ਹਾਈਵੇਅ ‘ਤੇ ਬੰਦ ਹੋਣ ਸ਼ਰਾਬ ਦੀਆਂ ਦੁਕਾਨਾਂ

ਨਵੀਂ ਦਿੱਲੀ, 15 ਦਸੰਬਰ: ਰਾਜ ਅਤੇ ਕੌਮੀ ਮਾਰਗਾਂ ‘ਤੇ ਜਿੰਨੇ ਵੀ ਸ਼ਰਾਬ ਦੇ ਠੇਕੇ ਹਨ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਆਪਣੇ ਇਸ ਅਹਿਮ ਫ਼ੈਸਲੇ ‘ਤੇ ਸਾਫ਼ ਕੀਤਾ ਹੈ ਕਿ ਜਿਨ੍ਹਾਂ ਕੋਲ ਲਾਇਸੈਂਸ ਹਨ ਉਹ ਖ਼ਤਮ ਹੋਣ ਤੱਕ ਜਾਂ 31 ਮਾਰਚ 2017 ਤੱਕ ਠੇਕੇ ਚੱਲਾ ਸਕਦੇ ਹਨ। ਇਸ ਦਾ ਮਤਲਬ ਹੈ ਕਿ ਇਕ ਅਪ੍ਰੈਲ 2017 ਤੋਂ ਹਾਈਵੇ ‘ਤੇ ਠੇਕੇ ਬਿਲਕੁਲ ਬੰਦ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੁੱਖ ਸੜਕਾਂ ‘ਤੇ ਖੁੱਲੇ ਸ਼ਰਾਬ ਦੇ ਠੇਕਿਆਂ ਸੰਬੰਧੀ ਭਾਰਤੀ ਸੁਪਰੀਮ ਕੋਰਟ ਨੇ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਦੀ ਪੰਥਕ ਸਰਕਾਰ ਨੂੰ ਫਿਟਕਾਦਿਆਂ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ ਭਰ ਦੇ ਰਾਜ ਮਾਰਗ ਅਤੇ ਰਾਜ ਮਾਰਗਾਂ ‘ਤੇ ਸਥਿਤ ਸ਼ਰਾਬ ਦੀਆਂ ਦੁਕਾਨਾਂ ਅਤੇ ਉਨ੍ਹਾਂ ਬਾਰੇ ਲੱਗੇ ਬੋਰਡਾਂ ਨੂੰ ਹਟਾਉਣ ਦਾ ਹੁਕਮ ਦੇ ਸਕਦੀ ਹੈ। ਅਦਾਲਤ ਨੇ ਕਿਹਾ ਕਿ ਅਸੀਂ ਇਹ ਤੈਅ ਕਰਾਂਗੇ ਕਿ ਅੱਗੇ ਤੋਂ ਹਾਈਵੇ ‘ਤੇ ਸ਼ਰਾਬ ਦੀਆਂ ਦੁਕਾਨਾਂ ਦਿਖਾਈ ਨਾ ਦੇਣ। ਸੁਪਰੀਮ ਕੋਰਟ ਨੇ ਹਾਈਵੇ ਨਾਲ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਨੂੰ ਯਕੀਨੀ ਬਣਾਉਣ ਲਈ ਐਕਸਾਈਜ਼ ਕਾਨੂੰਨ ‘ਚ ਸੋਧ ਕਰਨ ਦਾ ਹੁਕਮ ਦੇਣ ਲਈ ਪਾਈਆਂ ਪਟੀਸ਼ਨਾਂ ‘ਤੇ ਆਪਣਾ ਫੈਸਲਾ ਰਾਖਵਾਂ ਰੱਖਦਿਆਂ ਹਾਈਵੇ ਨੇੜੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਖੁੱਲ੍ਹ ਦੇਣ ਲਈ ਪੰਜਾਬ ਸਰਕਾਰ ਨੂੰ ਝਾੜ ਪਾਈ। ਅਦਾਲਤ ਨੇ ਕਿਹਾ ਕਿ ਤੁਹਾਡੇ (ਪੰਜਾਬ) ਵਲੋਂ ਦਿੱਤੇ ਗਏ ਲਾਇਸੈਂਸਾਂ ਦੀ ਗਿਣਤੀ ਵੱਲ ਦੇਖੋ।
ਚੀਫ ਜਸਟਿਸ ਟੀ. ਐਸ. ਠਾਕੁਰ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਕਿਉਂਕਿ ਸ਼ਰਾਬ ਦੀ ਲਾਬੀ ਤਾਕਤਵਰ ਹੈ, ਹਰ ਕੋਈ ਖੁਸ਼ ਹੈ। ਐਕਸਾਈਜ਼ ਵਿਭਾਗ ਖੁਸ਼ ਹੈ, ਐਕਸਾਈਜ਼ ਮੰਤਰੀ ਖੁਸ਼ ਹੈ ਅਤੇ ਸੂਬਾ ਸਰਕਾਰ ਵੀ ਖੁਸ਼ ਹੈ ਕਿਉਂਕਿ ਉਨ੍ਹਾਂ ਨੂੰ ਪੈਸਾ ਆ ਰਿਹਾ ਹੈ। ਜੇਕਰ ਇਸ ਕਰਕੇ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਲੱਖ ਡੇਢ ਲੱਖ ਰੁਪਏ ਦੇ ਦਿੰਦੇ ਹੋ। ਉਨ੍ਹਾਂ ਕਿਹਾ ਕਿ ਤੁਹਾਨੂੰ ਸਮਾਜ ਦੀ ਭਲਾਈ ਲਈ ਸਟੈਂਡ ਲੈਣਾ ਚਾਹੀਦਾ ਹੈ।
ਸ਼ਰਾਬ ਦੀ ਵਿਕਰੀ ਰੋਕਣ ਲਈ ਸੂਬਾ ਸਰਕਾਰ ਨੂੰ ਉਸ ਦੀ ਸੰਵਿਧਾਨਕ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਿਆਂ ਬੈਂਚ ਨੇ, ਜਿਸ ਵਿਚ ਜਸਟਿਸ ਡੀ. ਵਾਈ. ਚੰਦਰਚੂੜ ਅਤੇ ਐਲ. ਨਾਗੇਸ਼ਵਰ ਰਾਓ ਵੀ ਸ਼ਾਮਲ ਸੀ, ਨੇ ਕਿਹਾ ਕਿ ਤੁਸੀਂ ਸ਼ਰਾਬ ਦੇ ਕਾਰੋਬਾਰੀਆਂ ਦੀ ਬੋਲੀ ਬੋਲ ਰਹੇ ਹੋ।

print
Share Button
Print Friendly, PDF & Email