ਪਿੰਡ ਦੀਪਗੜ ਵਿਖੇ ਭੇਦਭਰੀ ਹਾਲਤ ਵਿੱਚ ਵਿਅਕਤੀ ਦਾ ਕਤਲ

ss1

ਪਿੰਡ ਦੀਪਗੜ ਵਿਖੇ ਭੇਦਭਰੀ ਹਾਲਤ ਵਿੱਚ ਵਿਅਕਤੀ ਦਾ ਕਤਲ
ਘਰ ਵਿੱਚ ਇਕੱਲਾ ਰਹਿੰਦਾ ਸੀ 55 ਸਾਲਾਂ ਨਿਰਮਲ ਸਿੰਘ

ਭਦੌੜ 14 ਦਸੰਬਰ (ਵਿਕਰਾਂਤ ਬਾਂਸਲ) ਨੇੜਲੇ ਪਿੰਡ ਦੀਪਗੜ ਵਿਖੇ ਬੀਤੀ ਰਾਤ ਇਕ ਵਿਅਕਤੀ ਨਿਰਮਲ ਸਿੰਘ ਦਾ ਭੇਦਭਰੀ ਹਾਲਤ ‘ਚ ਕਤਲ ਹੋਣ ਦਾ ਸਮਾਚਾਰ ਮਿਲਦੇ ਹੀ ਇਲਾਕੇ ਵਿੱਚ ਸਨਸਨੀ ਫੈਲ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੀਪਗੜ ਦੇ ਨਿਰਮਲ ਸਿੰਘ (55) ਪੁੱਤਰ ਸਵ: ਨੰਬਰਦਾਰ ਦਲੀਪ ਸਿੰਘ ਜੋ ਕਿ ਆਪਣੇ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ ਦਾ ਉਸ ਦੇ ਘਰ ਅੰਦਰ ਹੀ ਕਤਲ ਹੋ ਗਿਆ ਹੈ। ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ਜਿਲਾ ਪੁਲਿਸ ਮੁੱਖੀ ਗੁਰਪ੍ਰੀਤ ਸਿੰਘ ਤੂਰ, ਐਸ.ਪੀ. ਡੀ. ਸਵਰਨ ਸਿੰਘ ਖੰਨਾ, ਡੀ. ਐਸ. ਪੀ. ਕੁਲਦੀਪ ਸਿੰਘ ਮਹਿਲਕਲਾਂ, ਸੀ. ਆਈ. ਏ. ਇੰਚਾਜਰ ਬਲਜੀਤ ਸਿੰਘ ਅਤੇ ਅਜਾਇਬ ਸਿੰਘ ਥਾਣਾ ਮੁੱਖੀ ਭਦੌੜ ਸਮੇਤ ਪੁਲਿਸ ਪਾਰਟੀ ਨੇ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ਰੂ ਕਰ ਦਿੱਤੀ। ਪੁਲਿਸ ਹਰ ਪੱਖ ਤੋਂ ਇਸ ਕਤਲ ਦੀ ਜਾਂਚ ਕਰ ਰਹੀ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅੁਨਸਾਰ ਨਿਰਮਲ ਸਿੰਘ ਆਪਣੀ ਕੋਠੀ ਵਿਚ ਇਕੱਲਾ ਹੀ ਰਹਿੰਦਾ ਸੀ ਜਦ ਕਿ ਉਸ ਦੀ ਪਤਨੀ ਗੁਰਪ੍ਰੀਤ ਕੌਰ ਅਤੇ ਉਸ ਦੀਆਂ ਦੋ ਧੀਆਂ ਅਤੇ ਬੇਟਾ ਚੰਡੀਗੜ ਰਹਿੰਦੇ ਹਨ। ਕੰਮ ਵਾਲੀ ਗੀਤਾ ਰਾਣੀ ਨਿਵਾਸੀ ਭਦੌੜ ਲਗਭਗ ਪਿਛਲੇ ਦੋ ਸਾਲ ਤੋਂ ਇਕ ਹੀ ਕੰਮ ਵਾਲੀ ਉਸ ਦੇ ਘਰ ਦਾ ਕੰਮ ਕਰਦੀ ਹੈ ਅਤੇ ਜੋ ਭਦੌੜ ਤੋਂ ਰੋਜਾਨਾ ਸਵੇਰੇ 9 ਵਜੇ ਦੀ ਕਰੀਬ ਆਉਦੀ ਸੀ ਅਤੇ ਦੁਪਹਿਰ 12 ਵਜੇ ਤੱਕ ਘਰ ਦਾ ਸਾਰਾ ਕੰਮ ਕਰਕੇ ਉਹ ਚੱਲੀ ਜਾਂਦੀ ਸੀ। ਅੱਜ ਰੋਜਾਨਾਂ ਵਾਂਗ ਜਦੋਂ ਕੰਮ ਵਾਲੀ ਗੀਤਾ ਰਾਣੀ ਸਵੇਰੇ ਘਰ ਦਾ ਕੰਮ ਕਰਨ ਪੁੱਜੀ ਤਾਂ ਘਰ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਉਸ ਨੇ ਅਵਾਜਾਂ ਮਾਰੀਆਂ ਤਾਂ ਅੰਦਰੋ ਕੋਈ ਆਵਾਜ਼ ਨਾ ਆਉਣ ‘ਤੇ ਉਸ ਨੇ ਗੁਆਢੀਆਂ ਨੂੰ ਸੱਦਕੇ ਲਿਆਂਦਾ। ਜਦੋਂ ਗੁਆਢੀਆਂ ਨੇ ਆ ਕੇ ਕਮਰੇ ਦਾ ਦਰਵਾਜ਼ਾ ਖੋਲਿਆ ਤਾਂ ਨਿਰਮਲ ਸਿੰਘ ਦੀ ਲਾਸ਼ ਬੈਡ ਤੇ ਪਈ ਸੀ, ਜਿਸ ਦੀਆਂ ਲੱਤਾਂ ਅਤੇ ਬਾਹਾਂ ਬੰਨੀਆਂ ਹੋਈਆਂ ਸੀ ਅਤੇ ਘਰ ਦੇ ਕਮਰਿਆਂ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਸਾਰੀ ਘਟਨਾ ਦਾ ਜਾਇਜ਼ਾ ਲੈਦਿਆਂ, ਮ੍ਰਿਤਕ ਨਿਰਮਲ ਸਿੰਘ ਨੂੰ ਰੋਜ਼ਾਨਾ ਮਿਲਣ ਵਾਲੇ ਵਿਅਕਤੀਆਂ ਤੋਂ ਪੁੱਛ-ਪੜਤਾਲ ਕਰਨੀ ਸ਼ਰੂ ਕਰ ਦਿੱਤੀ ਹੈ। ਇਸ ਮੌਕੇ ਐਸ.ਐਸ.ਪੀ. ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਪੁਲਿਸ ਜਲਦ ਹੀ ਇਸ ਕਤਲ ਦੇ ਮਾਮਲੇ ਨੂੰ ਹੱਲ ਕਰ ਲਵੇਗੀ।

print
Share Button
Print Friendly, PDF & Email