ਚੁੱਪ-ਚੁਪੀਤੇ ਲਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ

ss1

ਚੁੱਪ-ਚੁਪੀਤੇ ਲਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ

ਨਵੀਂ ਦਿੱਲੀ, 14 ਦਸੰਬਰ (ਪ.ਪ.): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਖ਼ਰਕਾਰ ਚੁੱਪ-ਚੁਪੀਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਤ ਕਰ ਦਿੱਤਾ ਹੈ। ਕਮੇਟੀ ਨੇ ਮੰਡੀ ਹਾਊਸ ਨੇੜੇ ਪੰਜਾਬ ਸਰਕਾਰ ਦੀ ਮਾਲਕੀ ਵਾਲੇ ‘ਨਾਭਾ ਹਾਊਸ’ ਅੰਦਰ ਉੱਚੇ ਮੰਚ ਉਪਰ ਬੁੱਤ ਲਾਇਆ ਹੈ। ਇਸ ਬੁੱਤ ਦਾ ਉਦਘਾਟਨ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਆਗੂਆਂ ਵੱਲੋਂ ਆਉਣ ਵਾਲੇ ਦੋ-ਚਾਰ ਦਿਨਾਂ ਦੌਰਾਨ ਕਰ ਦਿੱਤਾ ਜਾਵੇਗਾ।

ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਬੁੱਤ ਤੋਂ ਪਰਦਾ ਲਾਹੁਣ ਦੀ ਰਸਮ ਪੂਰੀ ਕਰ ਦਿੱਤੀ ਜਾਵੇਗੀ। ਦਿੱਲੀ ਕਮੇਟੀ ਨੇ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਜ਼ੋਰ-ਸ਼ੋਰ ਨਾਲ ਮਨਾਈ ਸੀ। ਇਸ ਤੋਂ ਪਹਿਲਾਂ ਬੰਦਾ ਬਹਾਦਰ ਦਾ ਬੁੱਤ ਮਹਿਰੌਲੀ ਵਿੱਚ ਡੀ.ਡੀ.ਏ. ਦੇ ਪ੍ਰਬੰਧ ਵਾਲੇ ਇੱਕ ਪਾਰਕ ਵਿੱਚ ਲਾਉਣ ਲਈ ਬਾਕਾਇਦਾ ਤਿਆਰੀ ਕਰ ਲਈ ਸੀ ਪਰ ਉੱਥੇ ਬੁੱਤ ਲਾਉਣ ਲਈ ਲੋੜੀਂਦੀ ਮਨਜ਼ੂਰੀ ਨਹੀਂ ਸੀ ਲਈ ਗਈ।

ਫਿਰ ਬੁੱਤ ਨੂੰ ਦਿੱਲੀ ਵਿੱਚ ਹੋਰ ਸਥਾਨਾਂ ਉਪਰ ਲਾਉਣ ਦੇ ਚਰਚੇ ਵੀ ਚੱਲਦੇ ਰਹੇ। ਇੱਕ ਇਹ ਸੁਝਾਅ ਵੀ ਦਿੱਤਾ ਗਿਆ ਕਿ ਬਾਰਾਮੁੱਲਾ ਪੁਲ ਦੇ ਨੇੜੇ ਬਾਲਾ ਸਾਹਿਬ ਗੁਰਦੁਆਰੇ ਕੋਲ ਰਿੰਗ ਰੋਡ ‘ਤੇ ਇਹ ਬੁੱਤ ਲਾਇਆ ਜਾਵੇ ਪਰ ਉੱਥੇ ਵੀ ਇਹ ਬੁੱਤ ਨਹੀਂ ਲੱਗ ਸਕਿਆ। ਕੇਂਦਰ ਸਰਕਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਹੋਣ ਦੇ ਬਾਵਜੂਦ ਬੰਦਾ ਸਿੰਘ ਦੇ ਬੁੱਤ ਲਈ ਢੁੱਕਵੀਂ ਸਰਕਾਰੀ ਥਾਂ ਨਸੀਬ ਨਹੀਂ ਹੋ ਸਕੀ।

ਸੂਤਰਾਂ ਮੁਤਾਬਕ ਕਿਸੇ ਗੁਰਦੁਆਰੇ ਦੇ ਨੇੜੇ ਜਾਂ ਸਿੱਖਿਆ ਸੰਸਥਾਨ (ਦਿੱਲੀ ਕਮੇਟੀ ਦੇ ਅਧੀਨ) ਵਿੱਚ ਵੀ ਬੁੱਤ ਨਹੀਂ ਲਾਇਆ ਜਾ ਸਕਿਆ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਸ ਮਾਮਲੇ ਵਿੱਚ ਵਾਰ-ਵਾਰ ਦਿੱਲੀ ਸਰਕਾਰ ਨੂੰ ਦੋਸ਼ ਦੇ ਰਹੇ ਹਨ ਪਰ ਦਿੱਲੀ ਸਰਕਾਰ ਉਪਰ ਬਹੁਤਾ ਅਸਰ ਉਪ ਰਾਜਪਾਲ ਦਾ ਹੈ। ਇਸ ਕਰਕੇ ਦਲ ਉਪ ਰਾਜਪਾਲ ਰਾਹੀਂ ਵੀ ਸਰਕਾਰੀ ਥਾਂ ਉਪਰ ਇਹ ਬੁੱਤ ਨਹੀਂ ਲਗਵਾ ਸਕਿਆ। ਹੁਣ ਆਖ਼ੀਰ ਨੂੰ ਇਹ ਬੁੱਤ ਪੰਜਾਬ ਸਰਕਾਰ ਦੀ ਮਾਲਕੀ ਵਾਲੇ ਨਾਭਾ ਹਾਊਸ ਵਿਖੇ ਲਾਇਆ ਗਿਆ ਹੈ। ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਾਹਦਰ ਨੂੰ ਦਿੱਲੀ ਦੇ ਮਹਿਰੌਲੀ ਵਿਖੇ ਮੁਗਲਾਂ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *