ਹੁਣ ਰਾਮ ਨਗਰ ਦੇ ਬਸ਼ਿੰਦੇ ਨਹੀਂ ਜੀਵਣਗੇ ਨਰਕ ਜਿਹੀ ਜ਼ਿੰਦਗੀ

ss1

ਹੁਣ ਰਾਮ ਨਗਰ ਦੇ ਬਸ਼ਿੰਦੇ ਨਹੀਂ ਜੀਵਣਗੇ ਨਰਕ ਜਿਹੀ ਜ਼ਿੰਦਗੀ
ਇਲਾਕੇ ’ਚ ਪਾਇਆ ਜਾਵੇਗਾ ਨਗਰ ਨਿਗਮ ਦੀ ਤਰਜ਼ ’ਤੇ ਸੀਵਰੇਜ਼-ਸਿੰਚਾਈ ਮੰਤਰੀ
ਲੋਕਾਂ ਦੀ 30 ਸਾਲ ਦੀ ਮੰਗ ਪੂਰੀ ਕਰੇਗਾ 3 ਕਰੋੜ ਰੁਪਏ ਲਾਗਤ ਵਾਲਾ ਪ੍ਰੋਜੈਕਟ

ਲੁਧਿਆਣਾ, 30 ਅਪ੍ਰੈਲ (ਪ੍ਰੀਤੀ ਸ਼ਰਮਾ)- ਹਲਕਾ ਸਾਹਨੇਵਾਲ ਅਧੀਨ ਪੈਂਦੇ ਇਲਾਕੇ ਰਾਮ ਨਗਰ ਵਾਸੀਆਂ ਦੀ 30 ਸਾਲਾਂ ਪੁਰਾਣੀ ਮੰਗ ਉਸ ਵੇਲੇ ਪੂਰੀ ਹੋ ਗਈ, ਜਦੋਂ ਹਲਕਾ ਵਿਧਾਇਕ ਅਤੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਇਥੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਕੇ ਬਕਾਇਦਾ ਕੰਮ ਸ਼ੁਰੂ ਕਰਵਾ ਦਿੱਤਾ। ਇਸ ਪੂਰੇ ਪ੍ਰੋਜੈਕਟ ’ਤੇ 3 ਕਰੋੜ ਰੁਪਏ ਤੋਂ ਵਧੇਰੇ ਦੀ ਲਾਗਤ ਆਵੇਗੀ ਅਤੇ ਇਹ ਪ੍ਰੋਜੈਕਟ ਅਗਲੇ 4 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਇਸ ਪ੍ਰੋਜੈਕਟ ਦੇ ਪੂਰਾ ਹੋਣ ’ਤੇ ਇਲਾਕੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਅਤੇ ਗਲੀਆਂ ਨਾਲੀਆਂ ਬਣਾਉਣ ਦੀ ਸਮੱਸਿਆ ਪੂਰੀ ਤਰਾਂ ਖ਼ਤਮ ਹੋ ਜਾਵੇਗੀ।
ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਢਿੱਲੋਂ ਨੇ ਦੱਸਿਆ ਕਿ ਪਿੰਡ ਮੁੰਡੀਆਂ ਖੁਰਦ, ਭਾਮੀਆਂ ਕਲਾਂ ਅਤੇ ਭਾਮੀਆਂ ਖੁਰਦ ਦੀ ਤਰਾਂ ਇਲਾਕਾ ਰਾਮ ਨਗਰ ਵਿੱਚ ਵੀ ਗਲੀਆਂ ਨਾਲੀਆਂ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਬਹੁਤ ਮੰਦਾ ਹਾਲ ਸੀ। ਸ਼ਹਿਰ ਦਾ ਹਿੱਸਾ ਹੋਣ ਦੇ ਬਾਵਜੂਦ ਨਗਰ ਨਿਗਮ ਦੀ ਹੱਦ ਤੋਂ ਬਾਹਰ ਹੋਣ ਕਾਰਨ ਇਸ ਇਲਾਕੇ ਵਿੱਚ ਨਗਰ ਨਿਗਮ ਦੀ ਤਰਜ਼ ’ਤੇ ਸੀਵਰੇਜ ਪਾਉਣ ਵਿੱਚ ਵੱਡੀ ਰੁਕਾਵਟ ਪੇਸ਼ ਆ ਰਹੀ ਸੀ। ਉਨਾਂ ਇਹ ਕੇਸ ਤਿਆਰ ਕਰਕੇ ਮਾਨਯੋਗ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਵਿਭਾਗ ਬਾਰੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨਾਲ ਗੱਲ ਕੀਤੀ ਤਾਂ ਉਨਾਂ ਇਨਾਂ ਪਿੰਡਾਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਫੰਡ ਜਾਰੀ ਕਰਕੇ ਇਹ ਕੰਮ ਸ਼ੁਰੂ ਕਰਵਾਇਆ ਹੈ।
ਸ੍ਰ. ਢਿੱਲੋਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਰਾਮ ਨਗਰ ਇਲਾਕੇ ਵਿੱਚ 3 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ਼ ਪਾਇਆ ਜਾਵੇਗਾ, ਜੋ ਕਿ ਅਗਲੇ 4 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਸ੍ਰ. ਢਿੱਲੋਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਾਉਣ ਲਈ ਉਨਾਂ ਨੇ ਮਹਿਕਮੇ ਦੇ ਸੇਵਾਮੁਕਤ ਕਾਰਜਕਾਰੀ ਇੰਜੀਨੀਅਰ ਸ੍ਰ. ਗੁਰਮੀਤ ਸਿੰਘ ਖੋਸਾ ਨੂੰ ਨੋਡਲ ਇੰਚਾਰਜ ਵਜੋਂ ਤਾਇਨਾਤ ਕਰਵਾਇਆ ਹੈ। ਉਨਾਂ ਕਿਹਾ ਕਿ ਜਲਦ ਹੀ ਇਸ ਸੀਵਰੇਜ ਨਾਲ ਇਲਾਕੇ ਦੇ ਹੋਰ ਪਿੰਡਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸ੍ਰ. ਢਿੱਲੋਂ ਨੇ ਰਾਮ ਨਗਰ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀਵਰੇਜ ਨਾਲ ਕੁਨੈਕਸ਼ਨ ਉਸ ਵੇਲੇ ਤੱਕ ਨਾ ਜੋੜਨ ਜਦੋਂ ਤੱਕ ਇਸਦਾ ਨਿਰਮਾਣ ਕਾਰਜ ਬਿਲਕੁਲ ਮੁਕੰਮਲ ਨਾ ਹੋ ਜਾਵੇ। ਇਸ ਤੋਂ ਇਲਾਵਾ ਸੀਵਰੇਜ ਵਿੱਚ ਬੇਲੋੜੀਆਂ ਵਸਤਾਂ ਅਤੇ ਗੋਹਾ ਵੀ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨਾਂ ਐਲਾਨ ਕੀਤਾ ਕਿ ਇਸ ਇਲਾਕੇ ਵਿੱਚ ਸੀਵਰੇਜ ਦਾ ਕੰਮ ਮੁਕੰਮਲ ਹੋਣ ’ਤੇ ਉਹ ਇਸ ਇਲਾਕੇ ਨੂੰ ਨਮੂਨੇ ਦਾ ਇਲਾਕਾ ਬਣਾਉਣਗੇ, ਜਿਸ ਤਹਿਤ ਗਲੀਆਂ ਵਿੱਚ ਟਾਈਲਾਂ ਅਤੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਇਸ ਮੌਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਵੱਲੋਂ ਸ੍ਰ. ਢਿੱਲੋਂ, ਸੀਨੀਅਰ ਯੂਥ ਅਕਾਲੀ ਆਗੂ ਸ੍ਰ. ਸਿਮਰਜੀਤ ਸਿੰਘ ਢਿੱਲੋਂ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰ. ਹਰਮਨਦੀਪ ਸਿੰਘ ਅਤੇ ਹੋਰਾਂ ਦਾ ਸਨਮਾਨ ਕੀਤਾ। ਇਸ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *