ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਗ ਦਾ ਜ਼ਬਰਦਸਤ ਵਿਰੋਧ ਜਾਰੀ…!

ss1

ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਗ ਦਾ ਜ਼ਬਰਦਸਤ ਵਿਰੋਧ ਜਾਰੀ…!
ਆਮ ਆਦਮੀ ਪਾਰਟੀ ਵਰਕਰਾਂ ਨੇ ਕੀਤਾ ਕੰਗ ਵਿਰੁੱਧ ਸ਼ਹਿਰ ਅੰਦਰ ਰੋਸ਼ ਪ੍ਰਦਰਸ਼ਨ

ਬਾਘਾ ਪੁਰਾਣਾ, 7 ਦਸੰਬਰ (ਕੁਲਦੀਪ ਘੋਲੀਆ/ਸਬਾਜੀਤ ਪੱਪੂ) ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋਂ ਪਹਿਲਾਂ ਤੋਂ ਐਲਾਨੇ ਗਏ ਤਿੰਨ ਹਲਕਿਆਂ ਦੇ ਉਮੀਦਵਾਰ ਮੁੜ ਤੋਂ ਬਦਲਣ ਦੇ ਚੱਲਦਿਆਂ ਪਾਰਟੀ ਦੇ ਸਥਾਨਕ ਆਗੂਆਂ ਅਤੇ ਵਲੰਟੀਅਰਾਂ ਵਿੱਚ ਵੀ ਆਸ ਦੀ ਕਿਰਨ ਜਾਗੀ ਹੈ, ਕਿਉਂਕਿ ਉਨਾਂ ਦਾ ਕਹਿਣਾ ਹੈ ਕਿ ਜੇਕਰ ਤਿੰਨ ਹਲਕਿਆਂ ਤੋਂ ਉਮੀਦਵਾਰ ਬਦਲੇ ਜਾ ਸਕਦੇ ਹਨ ਤਾਂ ਬਾਘਾ ਪੁਰਾਣਾ ਹਲਕੇ ਤੋਂ ਟਿਕਟ ਐਲਾਨ ਤੋਂ ਪਹਿਲਾਂ ਤੋਂ ਹੀ ਵਿਰੋਧ ਦਾ ਸਾਹਮਣਾ ਕਰਨ ਰਹੇ ਪਾਰਟੀ ਦੇ ਉਮੀਦਵਾਰ ਗੁਰਬਿੰਦਰ ਸਿੰਘ ਕੰਗ ਤੋਂ ਟਿਕਟ ਵਾਪਸ ਲੈਣਾ ਕੋਈ ਵੱਡੀ ਗੱਲ ਨਹੀਂ। ਇਸ ਨਾਲ ਜਿੱਥੇ ਵਲੰਟੀਅਰਾਂ ਦਾ ਮਨੋਬਲ ਉੱਚਾ ਹੋਵੇਗਾ ਉਸਦੇ ਨਾਲ ਹੀ ਇਸ ਹਲਕੇ ਤੋਂ ਪਾਰਟੀ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਕਾਫ਼ੀ ਵੱਧ ਜਾਣਗੀਆਂ। ਇਸੇ ਕੜੀ ਦੇ ਚੱਲਦਿਆਂ ਅੱਜ ਸਥਾਨਕ ਕਸਬੇ ਵਿਖੇ ਆਮ ਆਦਮੀ ਪਾਰਟੀ ਦੇ ਸੈਂਕੜਿਆਂ ਦੀ ਤਦਾਦ ਵਿੱਚ ਵਰਕਰਾਂ ਵਲੋਂ ਸ਼ਹਿਰ ਅੰਦਰ ਉਮੀਦਵਾਰ ਗੁਰਬਿੰਦਰ ਸਿੰਘ ਕੰਗ ਦਾ ਨਾ ਸਿਰਫ਼ ਜ਼ਬਰਦਸਤ ਵਿਰੋਧ ਕੀਤਾ ਬਲਕਿ ਇਹ ਵੀ ਕਿਹਾ ਕਿ ਕਥਿਤ ਪੈਸੇ ਦੇ ਜ਼ੋਰ ਤੇ ਜੇਕਰ ਕੰਗ ਚੋਣ ਜਿੱਤਣ ਦੇ ਸੁਪਨੇ ਸਜੋਈ ਬੈਠੇ ਹਨ ਤਾਂ ਇਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਅੰਦਰ ਅੱਜ ਅੰਬਾਨੀ, ਟਾਟਾ, ਬਿਰਲਿਆਂ ਆਦਿ ਦਾ ਰਾਜ ਹੋਣਾ ਸੀ। ਵਰਕਰਾਂ ਨੇ ਇਹ ਵੀ ਕਿਹਾ ਕਿ ਜੇਕਰ ਰਹਿੰਦੇ ਸਮੇਂ ਵਿੱਚ ਪਾਰਟੀ ਨੇ ਇਸ ਸਬੰਧੀ ਕੋਈ ਢੁੱਕਵਾਂ ਫੈਸਲਾ ਨਾ ਲਿਆ ਤਾਂ ਇਸ ਦਾ ਅਸਰ ਸਮੁੱਚੇ ਜ਼ਿਲੇ ਦੀਆਂ ਚਾਰੇ ਸੀਟਾਂ ਤੇ ਪੈ ਸਕਦਾ ਹੈ। ਵਰਕਰਾਂ ਨੇ ਪਾਰਟੀ ਦੇ ਸੀਨੀਅਰ ਨੇਤਾ ਸ਼੍ਰੀ ਐਚ.ਐਸ. ਫੂਲਕਾ ਨੂੰ ਵੀ ਅਪੀਲ ਕੀਤੀ ਕਿ ਉਹ ਯਾਰੀਆਂ ਜਾਂ ਰਿਸ਼ਤੇਦਾਰੀਆਂ ਪੁਗਾਉਣ ਦੀ ਬਜਾਏ ਪੰਜਾਬ ਦੇ ਭਲੇ ਲਈ ਸੋਚਣ, ਜਿਸ ਲਈ ਪਾਰਟੀ ਦਾ ਗਠਨ ਹੋਇਆ ਸੀ। ਇਸ ਮੌਕੇ ਵਰਕਰਾਂ ਨੇ ਇਹ ਐਲਾਨ ਵੀ ਕੀਤਾ ਕਿ ਜੇਕਰ ਸ਼੍ਰੀ ਫੂਲਕਾ ਨੇ ਵੀ ਇਸ ਸਬੰਧੀ ਕੋਈ ਫੈਸਲਾ ਨਾ ਲਿਆ ਤਾਂ ਜ਼ਿਲਾ ਮੋਗਾ ਅੰਦਰ ਜਿੱਥੇ ਵੀ ਫੂਲਕਾ ਚੋਣ ਪ੍ਰਚਾਰ ਲਈ ਆਉਣਗੇ ਉਨਾਂ ਦਾ ਵਿਰੋਧ ਕੀਤਾ ਜਾਵੇਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਬਾਘਾ ਪੁਰਾਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਬਿੰਦਰ ਸਿੰਘ ਕੰਗ ਜਿਹੜੇ ਕਿ ਇਸ ਹਲਕੇ ਤੋਂ ਬਾਹਰਲੇ ਹਲਕੇ ਨਾਲ ਸਬੰਧ ਰੱਖਦੇ ਹਨ ਦਾ ਟਿਕਟ ਦਾ ਐਲਾਨ ਹੁੰਦਿਆਂ ਹੀ ਨਾ ਸਿਰਫ਼ ਵਰਕਰਾਂ ਵੱਲੋਂ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਬਲਕਿ ਕਈ ਥਾਵਾਂ ਤੇ ਤਾਂ ਉਨਾਂ ਦੀਆਂ ਗੱਡੀਆਂ ਵਗੈਰਾ ਦੀ ਭੰਨਤੋੜ ਵੀ ਕੀਤੀ ਗਈ ਹੈ, ਪ੍ਰੰਤੂ ਪਾਰਟੀ ਉਮੀਦਵਾਰ ਨੇ ਕਿਸੇ ਵੀ ਪਾਰਟੀ ਹਾਈਕਮਾਂਡ ਦੇ ਸੀਨੀਅਰ ਨੇਤਾ ਨੂੰ ਨਾਲ ਲੈ ਕੇ ਸਥਾਨਕ ਅਤੇ ਵਲੰਟੀਅਰਾਂ ਨੂੰ ਮਨਾਉਣ ਲਈ ਕੋਈ ਮੀਟਿੰਗ ਵਗੈਰਾ ਨਹੀਂ ਕੀਤੀ ਅਤੇ ਕੰਗ ਖੁਦ ਹੀ ਚੋਣ ਮੁਹਿੰਮ ਨੂੰ ਚਲਾ ਰਹੇ ਹਨ। ਇਸ ਹਲਕੇ ਵਿੱਚ ਜਿਸ ਢੰਗ ਨਾਲ ਆਮ ਆਦਮੀ ਪਾਰਟੀ ਦੇ ਹੱਕ ਲੋਕ ਸਭਾ ਚੋਣਾਂ ਤੋਂ ਬਾਅਦ ਹਵਾ ਫੈਲੀ ਸੀ ਨੂੰ ਵੇਖਦਿਆਂ ਇਹ ਸਮਝਿਆ ਜਾ ਰਿਹਾ ਸੀ ਕਿ ਇਸ ਹਲਕੇ ਤੋਂ ਪਾਰਟੀ ਦੀ ਜਿੱਤ ਦੀਆਂ ਸੰਭਾਵਨਾਵਾਂ ਕਾਫ਼ੀ ਮਜ਼ਬੂਤ ਹਨ, ਪ੍ਰੰਤੂ ਸਥਾਨਕ ਨੇਤਾਵਾਂ ਅਤੇ ਵਲੰਟੀਅਰਾਂ ਤੋਂ ਇਲਾਵਾ ਟਿਕਟ ਦੇ ਦਾਅਵੇਦਾਰ ਨੇਤਾਵਾਂ ਨੂੰ ਦਰਕਿਨਾਰ ਕਰਦਿਆਂ ਪਾਰਟੀ ਨੇ ਗੁਰਬਿੰਦਰ ਸਿੰਘ ਕੰਗ ਨੂੰ ਟਿਕਟ ਦੇ ਕੇ ਇੱਕ ਤਰਾਂ ਨਾਲ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰੀ ਹੈ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 15 ਦਿਨ ਬੀਤਣ ਦੇ ਬਾਵਜੂਦ ਪਾਰਟੀ ਦੀ ਚੋਣ ਮੁਹਿੰਮ ਉਸ ਮੁਕਾਮ ਤੇ ਨਹੀਂ ਪੁੱਜੀ ਜਿਸ ਮੁਕਾਮ ਤੇ ਇਹ ਮੁਹਿੰਮ ਮੁੱਢਲੇ ਪੜਾਅ ਤੇ ਹੀ ਪਹੁੰਚਣੀ ਚਾਹੀਦੀ ਸੀ। ਭਾਵੇਂ ਇਸ ਗੱਲ ਦੀ ਅਧਿਕਾਰਤ ਤੌਰ ‘ਤੇ ਅਜੇ ਤੱਕ ਪੁਸ਼ਟੀ ਨਹੀਂ ਹੋਈ ਪ੍ਰੰਤੂ ਪਾਰਟੀ ਅੰਦਰ ਚੱਲ ਰਹੀਆਂ ਚਰਚਾਵਾਂ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਕੰਗ ਨੇ ਸਥਾਨਕ ਨੇਤਾਵਾਂ ਅਤੇ ਵਲੰਟੀਅਰਾਂ ਨੂੰ ਬੇਹੱਦ ਹਲਕੇ ਅੰਦਾਜ਼ ਵਿੱਚ ਲਿਆ ਹੋਇਆ ਹੈ ਜਿਹੜਾ ਪਾਰਟੀ ਅਤੇ ਕੰਗ ਦੋਹਾਂ ਲਈ ਘਾਤਕ ਸਾਬਤ ਹੋ ਸਕਦਾ ਹੈ।

print
Share Button
Print Friendly, PDF & Email