ਸੱਟੇਬਾਜਾਂ ਕੋਲ ਕਿੱਥੋਂ ਆ ਰਹੇ ਨਵੇਂ ਨੋਟ, ਪੰਜਾਬ ਪੁਲਿਸ ਦੇ ਹੱਥ ਖੜੇ

ss1

ਸੱਟੇਬਾਜਾਂ ਕੋਲ ਕਿੱਥੋਂ ਆ ਰਹੇ ਨਵੇਂ ਨੋਟ, ਪੰਜਾਬ ਪੁਲਿਸ ਦੇ ਹੱਥ ਖੜੇ

ਜਲੰਧਰ: ਨੋਟਬੰਦੀ ਤੋਂ ਬਾਅਦ ਦੇਸ਼ ਭਰ ‘ਚ ਨਵੇਂ ਨੋਟਾਂ ਦੀ ਕਿੱਲਤ ਕਾਰਨ ਜਨਤਾ ਪ੍ਰੇਸ਼ਾਨ ਹੈ। ਨਵੇਂ ਨੋਟਾਂ ਲਈ ਜਨਤਾ ਨੂੰ ਕਈ ਕਈ ਘੰਟੇ ਲੰਮੀਆਂ ਲਾਈਨਾਂ ‘ਚ ਖੜਨਾ ਪੈ ਰਿਹਾ ਹੈ। ਪਰ ਇਸੇ ਦੌਰਾਨ ਪੁਲਿਸ ਨੇ  2000 ਦੇ ਨੋਟਾਂ ਨਾਲ ਜੂਆ ਖੇਡਦੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹਨਾਂ ਤੋਂ ਇੱਕ ਲੱਖ ਰੁਪਏ ਦੇ ਨਵੇਂ ਕਰੰਸੀ ਨੋਟ ਬਰਾਮਦ ਕੀਤੇ ਹਨ।

  ਪੁਲਿਸ ਮੁਤਾਬਕ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਸ਼ਹਿਰ ‘ਚ ਇੱਕ ਦੁਕਾਨ ਅੰਦਰ ਕੁੱਝ ਲੋਕ ਜੂਆ ਖੇਡ ਰਹੇ ਹਨ, ਤੇ ਇਹਨਾਂ ਕੋਲ ਵੱਡੀ ਗਿਣਤੀ ਨਵੇਂ ਨਵੇਂ ਕਰੰਸੀ ਨੋਟ ਹਨ। ਪੁਲਿਸ ਨੇ ਤੁਰੰਤ ਛਾਪੇਮਾਰੀ ਕੀਤੀ ਤਾਂ ਇੱਥੋਂ ਹਰਕੀਰਤ ਸਿੰਘ, ਚੇਤਨ ਕੁਮਾਰ, ਸੁਮੇਸ਼ ਕੁਮਾਰ, ਮਨਪ੍ਰੀਤ ਸਿੰਘ, ਸੂਰਜ ਮਹਿਰਾ ਤੇ ਹਰਸਿਮਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਇਹਨਾਂ ਵਿਅਕਤੀਆਂ ਤੋਂ ਕੁੱਲ 1 ਲੱਖ 27 ਹਜਾਰ ਰੁਪਏ ਨਕਦੀ ਬਰਾਮਦ ਕੀਤੀ। ਇਸ ‘ਚੋਂ 1 ਲੱਖ ਰੁਪਏ ਨਵੇਂ 2000 ਦੇ ਨੋਟ ਸਨ।

ਮੌਕੇ ਤੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਤੋਂ ਪੁਲਿਸ ਨੇ ਪੁੱਛਗਿੱਛ ਸ਼ੁਰੂ ਕੀਤੀ। ਪੁਲਿਸ ਕੋਲ ਸਵਾਲ ਸੀ ਕਿ ਆਖਰ ਇੰਨੀ ਵੱਡੀ ਗਿਣਤੀ ‘ਚ ਨਵੇਂ ਨੋਟ ਇਹਨਾਂ ਕੋਲ ਕਿਵੇਂ ਪਹੁੰਚੇ। ਪਰ ਕਾਫੀ ਪੁੱਛਗਿੱਛ ਦੇ ਬਾਅਦ ਵੀ ਪੁਲਿਸ ਇਹਨਾਂ ਮੁਲਜ਼ਮਾਂ ਤੋਂ ਕਰੰਸੀ ਬਾਰੇ ਕੁੱਝ ਵੀ ਪਤਾ ਨਾ ਲਗਾ ਸਕੀ। ਇਸ ਤੋਂ ਬਾਅਦ ਪੁਲਿਸ ਨੇ ਜਦ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਤਾਂ ਸਾਰੇ ਮੁਲਜ਼ਮਾਂ ਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ।

ਫਿਲਹਾਲ ਵੱਡਾ ਸਵਾਲ ਇਹੀ ਹੈ ਕਿ ਇਹਨਾਂ ਸੱਟੇਬਾਜਾਂ ਕੋਲ ਇੰਨੀ ਵੱਡੀ ਗਿਣਤੀ ‘ਚ ਨਵੇਂ ਕਰੰਸੀ ਨੋਟ ਕਿੱਥੋਂ ਆਏ। ਉਹ ਵੀ ਅਜਿਹੇ ਸਮੇਂ ਜਦ ਕਈ ਕਈ ਘੰਟੇ ਏਟੀਐਮ ਦੀ ਲਾਈਨ ‘ਚ ਲੱਗਣ ਮਗਰੋਂ ਇੱਕ ਵਿਅਕਤੀ ਨੂੰ ਸਿਰਫ ਇੱਕ ਹੀ 2000 ਦਾ ਨਵਾਂ ਨੋਟ ਮਿਲਦਾ ਹੈ। ਇਸ ਸਵਾਲ ਦਾ ਜਵਾਬ ਹਰ ਆਮ ਜਾਨਣਾ ਚਾਹੁੰਦਾ ਹੈ। ਪਰ ਇਸ ਸਵਾਲ ਦਾ ਜਵਾਬ ਪੁਲਿਸ ਨੇ ਹੀ ਇਹਨਾਂ ਮੁਲਜ਼ਮਾਂ ਤੋਂ ਲੈਣਾ ਸੀ। ਜਦਕਿ ਸਾਡੀ ਕਾਬਿਲ ਜਲੰਧਰ ਪੁਲਿਸ ਨੇ ਹੱਥ ਖੜੇ ਕਰਦਿਆਂ ਇਹ ਕਹਿ ਕਿ ਪੱਲਾ ਝਾੜ ਲਿਆ ਹੈ ਕਿ ਮੁਲਜ਼ਮਾਂ ਨੇ ਕੁੱਝ ਨਹੀਂ ਦੱਸਿਆ। ਅਜਿਹੇ ‘ਚ ਪੁਲਿਸ ਦੀ ਕਾਰਜਪ੍ਰਣਾਲੀ ਵੀ ਸਵਾਲਾਂ ਦੇ ਘੇਰੇ ‘ਚ ਹੈ ਕਿ ਗੂੰਗਿਆਂ ਨੂੰ ਬੁਲਵਾਉਣ ਦਾ ਦਾਅਵਾ ਕਰਨ ਵਾਲੀ ਪੰਜਾਬ ਪੁਲਿਸ ਦੇ ਹੱਥ ਇੰਨਾਂ ਸੱਟੇਬਾਜਾਂ ਅੱਗੇ ਕਿਵੇਂ ਖੜੇ ਹਨ। ਕੀ ਇਸ ਮਾਮਲੇ ‘ਚ ਕੋਈ ਵੱਡਾ ਗੋਲਮਾਲ ਤਾਂ ਨਹੀਂ ? ਜਵਾਬ ਸਾਡੀ ਪੁਲਿਸ ਨੇ ਦੇਣਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *