ਇਨਕਮ ਟੈਕਸ ਮਾਮਲਾ ਚਾਰਜਸ਼ੀਟ ਨਹੀਂ, ਸਗੋਂ ਸਿਰਫ ਇਕ ਸ਼ਿਕਾਇਤ ਹੈ: ਸੀਨੀਅਰ ਪੰਜਾਬ ਕਾਂਗਰਸੀ ਆਗੂ

ss1

ਇਨਕਮ ਟੈਕਸ ਮਾਮਲਾ ਚਾਰਜਸ਼ੀਟ ਨਹੀਂ, ਸਗੋਂ ਸਿਰਫ ਇਕ ਸ਼ਿਕਾਇਤ ਹੈ: ਸੀਨੀਅਰ ਪੰਜਾਬ ਕਾਂਗਰਸੀ ਆਗੂ

ਨਵੀਂ ਦਿੱਲੀ, 3 ਦਸੰਬਰ (ਏਜੰਸੀ): ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਉਪਰ ਪੰਜਾਬ ਕਾਂਗਰਸ ਪ੍ਰਧਾਨ ਨੂੰ ਬਦਨਾਮ ਕਰਨ ਲਈ ਸਾਜਿਸ਼ ਰੱਚਣ ਦਾ ਦੋਸ਼ ਲਗਾਉਂਦਿਆਂ, ਇਨਕਮ ਟੈਕਸ ਵਿਭਾਗ ਦੀ ਸ਼ਿਕਾਇਤ ਨੂੰ ਜਾਣਬੁਝ ਕੇ ਮੀਡੀਆ ‘ਚ ਚਾਰਜ਼ਸ਼ੀਟ ਵਜੋਂ ਪੇਸ਼ ਕਰਦਿਆਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਉਨ੍ਹਾਂ ਦੀਆਂ ਇਹ ਟਿੱਪਣੀਆਂ ਕੈਪਟਨ ਅਮਰਿੰਦਰ ਸਿੰਘ ਦੇ ਵਕੀਲ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਅਤੁਲ ਨੰਦਾ ਦੇ ਖੁਲਾਸੇ ਤੋਂ ਬਾਅਦ ਆਈਆਂ ਹਨ ਕਿ ਮੀਡੀਆ ਦੀਆਂ ਰਿਪੋਰਟਾਂ ਦੇ ਉਲਟ ਇਨਕਮ ਟੈਕਸ ਵਿਭਾਗ ਵੱਲੋਂ ਲੁਧਿਆਣਾ ਦੀ ਅਦਾਲਤ ‘ਚ ਦਿੱਤੀ ਗਈ ਸ਼ਿਕਾਇਤ, ਕੋਈ ਚਾਰਜ਼ਸ਼ੀਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਇਕ ਸ਼ਿਕਾਇਤ ਹੈ, ਜਿਸ ‘ਤੇ ਅਦਾਲਤ ਨੇ ਹਾਲੇ ਧਿਆਨ ਦੇਣਾ ਹੈ।
ਜਦਕਿ ਸ਼ਿਕਾਇਤ ਲੀਕ ਹੋਣ ਨੂੰ ਜੇਤਲੀ ਅਤੇ ਉਨ੍ਹਾਂ ਦੇ ਬੁਰੇ ਕੰਮ ਕਰਨ ਵਾਲੇ ਵਿਭਾਗ ਦੀ ਹਰਕਤ ਕਰਾਰ ਦਿੰਦਿਆਂ, ਪਾਰਟੀ ਆਗੂਆਂ ਲਾਲ ਸਿੰਘ, ਸੁਨੀਲ ਜਾਖੜ ਤੇ ਕੇਵਲ ਢਿਲੋਂ ਨੇ ਕਿਹਾ ਕਿ ਇਹ ਸਪੱਸ਼ਟ ਤੌਰ ‘ਤੇ ਚੋਣਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਵੋਟਰਾਂ ਸਾਹਮਣੇ ਗਲਤ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਹੈ।
ਇਸ ਦੌਰਾਨ ਇਨਕਮ ਟੈਕਸ ਵਿਭਾਗ ਦੀ ਸ਼ਿਕਾਇਤ ਦੀ ਟਾਈਮਿੰਗ ‘ਤੇ ਸਵਾਲ ਕਰਦਿਆਂ, ਆਗੂਆਂ ਨੇ ਕਿਹਾ ਕਿ ਬੀਤੇ ਦੋ ਸਾਲਾਂ ‘ਚ ਕੁਝ ਨਹੀਂ ਕਰ ਸਕਿਆ ਵਿਭਾਗ, ਜਿਸਦੇ ਦੋਸ਼ਾਂ ‘ਚ ਕੋਈ ਸੱਚਾਈ ਨਹੀਂ ਸੀ, ਹੁਣ ਭਾਜਪਾ ਅਕਾਲੀ ਦਲ ਦੇ ਹਿੱਤ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਦਾ ਅਕਸ ਖ਼ਰਾਬ ਕਰਨ ਵਾਸਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਹਰ ਦਿਨ ਅਦਾਲਤਾਂ ‘ਚ ਹਜ਼ਾਰਾਂ ਸ਼ਿਕਾਇਤਾਂ ਦਾਇਰ ਕੀਤੀਆਂ ਜਾਂਦੀਆਂ ਹਨ, ਲੇਕਿਨ ਕਿਸੇ ਨੂੰ ਵੀ ਮੀਡੀਆ ‘ਚ ਰਿਲੀਜ਼ ਕਰਕੇ ਉਸਨੂੰ ਚਾਰਜਸ਼ੀਟ ਵਜੋਂ ਪੇਸ਼ ਨਹੀਂ ਕੀਤਾ ਜਾਂਦਾ। ਅਜਿਹੇ ‘ਚ ਸਪੱਸ਼ਟ ਹੈ ਕਿ ਜੇਤਲੀ ਐਂਡ ਕੰਪਨੀ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕੇਸ ਨਿਆਂਇਕ ਪੜਤਾਲ ‘ਚ ਟਿੱਕ ਨਹੀਂ ਸਕੇਗਾ ਅਤੇ ਉਹ ਸਿਰਫ ਸਿਆਸੀ ਨਿਰਾਸ਼ਾ ਤੇ ਦੁਸ਼ਮਣੀ ਹੇਠ ਝੂਠੀ ਅਫਵਾਹ ਫੈਲ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਸ਼ੁੱਕਰਵਾਰ ਨੂੰ ਖੁਦ ਵਿਦੇਸ਼ੀ ਜਾਇਦਾਦਾਂ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਅਤੇ ਉਨ੍ਹਾਂ ਖਿਲਾਫ ਦਾਇਰ ਕੀਤੀ ਗਈ ਸ਼ਿਕਾਇਤ ਨੂੰ ਪੂਰੀ ਤਰ੍ਹਾਂ ਨਾਲ ਬਦਨੀਅਤੀ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਅਦਾਲਤ ਨੂੰ ਵਿੱਤ ਮੰਤਰੀ ਤੇ ਇਨਕਮ ਟੈਕਸ ਵਿਭਾਗ ਦੇ ਹੋਰ ਸੀਨੀਅਰ ਅਫਸਰਾਂ ਨੂੰ ਸੰਮਨ ਭੇਜਣ ਦੀ ਅਪੀਲ ਕਰਨਗੇ, ਤਾਂ ਜੋ ਇਸ ਸਾਜਿਸ਼ ‘ਚ ਸ਼ਾਮਿਲ ਸਾਰੇ ਲੋਕਾਂ ਦਾ ਭਾਂਡਾਫੋੜ ਕੀਤਾ ਜਾ ਸਕੇ। ਉਨ੍ਹਾਂ ਨੇ ਇਨਕਮ ਟੈਕਸ ਵਿਭਾਗ ਵੱਲੋਂ ਸ਼ਿਕਾਇਤ ਦਾਇਰ ਕਰਨ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਕਿ ਉਹ ਬੀਤੇ ਦੋ ਸਾਲਾਂ ਤੋਂ ਇਸ ਸਾਜਿਸ਼ ਬਾਰੇ ਜਾਣਦੇ ਹਨ ਅਤੇ ਸਿਰਫ ਇਨ੍ਹਾਂ ਲੋਕਾਂ ਦੀ ਸੱਚਾਈ ਸਾਹਮਣੇ ਲਿਆਉਣ ਖਾਤਿਰ ਇਸ ਮੌਕੇ ਦਾ ਇੰਤਜ਼ਾਰ ਕਰ ਰਹੇ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *