ਜਿਊਂਦਾ ਰਹੁ ਪੁੱਤ !

ss1

ਜਿਊਂਦਾ ਰਹੁ ਪੁੱਤ !

ਬੜੇ ਲਾਡਾਂ ਨਾਲ ਪਾਲਦੇ ਨੇ ਮਾਪੇ ਪੁੱਤਾਂ ਨੂੰ । ਲੱਖ ਅਸੀਸਾਂ ਦਿੰਦੀਆਂ ਨੇ ਉਹ ਮਾਵਾਂ, ਜਿਨ੍ਹਾਂ ਨੇ ਮੱਥੇ ਰਗੜ ਰਗੜਕੇ ਦੇਖਿਆ ਹੁੰਦਾ ਮੂੰਹ ਪੁੱਤਾਂ ਦਾ।……..ਬੀਬੀ ਕਰਮੋ, ਜਿਸਦਾ ਇਕਲੋਤਾ ਮਿੰਧੀ ਕੋਰਸ ਕਰਨ ਲਈ ਦੂਰ-ਦੁਰਾਡੇ ਗਿਆ ਹੋਇਆ ਸੀ, ਬੜੀਆਂ ਤੰਗੀਆਂ-ਤੁਰਸ਼ੀਆਂ ਨਾਲ ਉਸ ਦੀ ਪੜ੍ਹਾਈ ਦਾ ਖਰਚਾ ਪੂਰਾ ਕਰ ਰਹੀ ਸੀ। ਭਾਂਵੇਂ ਘਰ ਵਿਚ ਅੱਤ ਦੀ ਗਰੀਬੀ ਸੀ, ਪਰ ਪੁੱਤਰ ਨੂੰ ਜਵਾਨ ਹੁੰਦਿਆਂ ਦੇਖਕੇ, ਉਸ ਦੀ ਹਰ ਰੀਝ ਪੂਰੀ ਕਰਨ ਲਈ ਸਾਰੇ ਦੁੱਖ ਹੱਸ ਹੱਸਕੇ ਝੱਲਣ ਲਈ ਤਿਆਰ ਸੀ, ਉਹ। ਜਦੋਂ ਉਸ ਨੂੰ ਘਰ ਦੀ ਗਰੀਬੀ ਬਾਰੇ ਕੋਈ ਸਵਾਲ ਕਰਦਾ ਤਾਂ ਉਹ ਅੱਗੋਂ ਬੜੇ ਬੁਲੰਦ ਹੌਸਲੇ ਨਾਲ ਜੁਵਾਬ ਦਿੰਦੀ, ”ਮੇਰਾ ਮਿੰਧੀ ਬੜਾ ਲਾਇਕ ਪੁੱਤ ਐ। ਕੋਰਸ ਪੂਰਾ ਕਰਕੇ ਉਸ ਨੇ ਨੌਕਰੀ ਲੱਗ ਜਾਣੈ ਤੇ ਆਪੇ ਚੁੱਕ ਦੇਊ ਸਾਰੀ ਘਰ ਦੀ ਗਰੀਬੀ। ਕੀ ਹੋਇਆ ਜੇਕਰ ਮੈਂ ਕਰਜਾਈ ਵੀ ਹਾਂ ਅੱਜ ਦਿਨ : ਮਿੰਧੀ ਨੇ ਆਪੇ ਈ ਲਾਹ ਦੇਣਾ ਪਾਈ-ਪਾਈ ਕਰਜਾ। ਐਵੇਂ ਈ ਤਾਂ ਨਹੀਂ ਲਾਲਾ ਹੁਧਾਰ ਦੇਈ ਜਾ ਰਿਹੈ| ਉਸ ਨੂੰ ਵੀ ਤਾਂ ਦਿਸਦਾ ਈ ਹੋਣੈ ਕਿ ਮਿੰਧੀ ਨੇ ਡਿਪਲੋਮਾ ਕਰਕੇ ਸਿੱਧੇ ਅਫਸਰ ਲੱਗਣਾ।”
ਜਿਵੇ-ਕਿਵੇਂ ਕਰਮੋ ਦੇ ਗਰੀਬੀ ‘ਚ ਜੂਝਦਿਆਂ ਸੰਘਰਸ਼ ਭਰੇ ਚਾਰ ਸਾਲ ਗੁਜਰ ਗਏ। ਅੱਜ ਜਦੋਂ ਉਸਦਾ ਮਿੰਧੀ ਕੋਰਸ ਪੂਰਾ ਕਰਕੇ ਅਤੇ ਨਾਲ-ਦੀ-ਨਾਲ ਹੀ ਫੈਕਟਰੀ ਵਿਚ ਨੌਕਰੀ ਵੀ ਜੁਆਇੰਨ ਕਰਕੇ ਘਰ ਆਇਆ ਤਾਂ ਕਰਮੋ ਦੇ ਪੈਰ ਖੁਸ਼ੀ ਵਿਚ ਧਰਤੀ ਉਤੇ ਨਹੀਂ ਸੀ ਲੱਗ ਰਹੇ। ਉਹ ਪਿਆਰ ਨਾਲ ਆਪਣੇ ਮਨ ਦੀ ਗੱਲ ਪੁੱਤਰ ਨਾਲ ਸਾਂਝੀ ਕਰਦੀ ਹੋਈ ਕਹਿਣ ਲੱਗੀ, ‘ਮਿੰਧੇ ਪੁੱਤ, ਹੁਣ ਤੇਰਾ ਕੋਰਸ ਪੂਰਾ ਹੋ ਗਿਆ ਹੈ, ਨੌਕਰੀ ਵੀ ਮਿਲ ਗਈ ਹੈ, ਹੁਣ ਮੇਰੀ ਇਕ ਗੱਲ ਮੰਨ।’
‘ਦੱਸੋ ਮੰਮੀ ਕੀ?’ ਮਿੰਧੀ ਨੇ ਚਾਹ ਦੀਆਂ ਚੁਸਕੀਆਂ ਲੈਂਦੇ ਨੇ ਪੁੱਛਿਆ।
‘ਪੁੱਤਰ ! ਤੇਰੀ ਮਾਂ ਹੁਣ ਬੁੱਢੀ ਹੋ ਗਈ ਹੈ। ਹੁਣ ਮੇਰੇ ਤੋਂ ਰੋਟੀ-ਟੁੱਕ ਨਹੀ ਹੁੰਦੈ। ਇਸ ਕਰਕੇ ਤੇਰਾ ਵਿਆਹ ਕਰ ਦਈਏ ਹੁਣ। ਮੈਂ ਤੇਰੇ ਲਈ ਕੁੜੀ ਪਸੰਦ ਕਰ ਲਈ ਹੈ। ਚੰਗੇ ਖਾਨਦਾਨ ਦੀ, ਪੜ੍ਹੀ-ਲਿਖੀ ਲੜਕੀ ਹੈ, ਬੇਟਾ।’
‘ਨਹੀ ਮੰਮੀ : ਕੁੜੀ ਤਾਂ ਮੈ ਆਪ ਹੀ ਖੁਦ ਦੇਖ ਰੱਖੀ ਹੈ। ਮੇਰੇ ਨਾਲ ਹੀ ਕੋਰਸ ਕਰਦੀ ਸੀ। ਅਸੀਂ ਇਕ ਦੂਜੇ ਨੂੰ ਸਮਝਦੇ ਵੀ ਹਾਂ। ਉਹ ਸ਼ਹਿਰ ਦੀ ਜੰਮੀ ਪਲੀ ਹੈ।’
‘ਪੁੱਤਰ ਮਿੰਧੀ ! ਸ਼ਹਿਰ ਦੀ ਜੰਮੀ ਪਲੀ ਕਿਵੇਂ ਰਹਿ ਸਕੇਗੀ ਪਿੰਡ ਵਿਚ ?’
ਨੀਵੀਂ ਜਿਹੀ ਪਾਈ ਮਿੰਧੀ ਬੋਲਿਆ, ‘ਪਰ, ਕੋਈ ਗੱਲ ਨਹੀ ਮੰਮੀ। ਅਸੀਂ ਨੌਕਰੀ ਵੀ ਤਾਂ ਬਾਹਰ ਸ਼ਹਿਰ ਵਿਚ ਹੀ ਕਰਨੀ ਹੈ। ਸ਼ਹਿਰ ਵਿਚ ਹੀ ਮਕਾਨ ਲੈ ਲਵਾਂਗੇਂ ਅਸੀਂ ਦੋਨੋ। ਤੁਸੀਂ ਇੱਥੇ ਪਿੰਡ ਹੀ ਰਹੀ ਜਾਣਾ। ਕਿਸੇ ਚੀਜ ਦੀ ਕਮੀ ਨਹੀਂ ਆਉਣ ਦਿਆਂਗੇ ਤੈਨੂੰ। ਮੈਂ ਬਥੇਰਾ ਪੈਸਾ ਭੇਜੀ ਜਾਣਾ ਤੈਨੂੰ।’
ਸੁਣ ਕੇ ਮਾਂ ਦੇ ਸਿਰ ਉਤੇ ਜਿਉਂ ਪਾਣੀ ਦਾ ਸੌ ਘੜਾ ਪੈ ਗਿਆ ਹੋਵੇ। ਉਸ ਦੀਆਂ ਸਾਰੀਆਂ ਆਸਾਂ-ਉਮੀਦਾਂ ਹਵਾ ਵਿਚ ਉਡ ਗਈਆਂ। ਤ੍ਰਿਪ-ਤ੍ਰਿਪ ਵਗਦੇ ਹੰਝੂ ਉਸਤੋਂ ਅੱਖਾਂ ਵਿਚ ਛੁਪਾਏ ਨਾ ਜਾ ਸਕੇ। ਆਪਣੀ ਚੁੰਨੀ ਨਾਲ ਹੰਝੂਆਂ ਨੂੰ ਪੂੰਝਦੀ ਹੋਈ ਲੰਬਾ ਜਿਹਾ ਹੌਕਾ ਲੈਂਦਿਆਂ ਬੋਲੀ, ‘ਜਿਊਂਦਾ ਰਹੁ ਪੁੱਤ ! ਜਵਾਨੀਆਂ ਮਾਣ! ਅਸੀਂ ਤਾਂ ਉਮਰ ਹੰਢਾਅ ਲਈ ਹੈ। ਲੰਮੀਆਂ ਉਮਰਾਂ ਹੋਣ ਪੁੱਤਰ ਮਿੰਧੀ ਤੇਰੀਆਂ !’

kulwindr-mehakਕੁਲਵਿੰਦਰ ਕੌਰ ਮਹਿਕ,
ਮੁਹਾਲੀ (9814125477)

print
Share Button
Print Friendly, PDF & Email

Leave a Reply

Your email address will not be published. Required fields are marked *