ਕਾਮੇਡੀ ਕਿੰਗ ਕਪਿਲ ਖਿਲਾਫ਼ ਥਾਣੇ ਪਹੁੰਚੀਆਂ ਨਰਸਾਂ

ss1

ਕਾਮੇਡੀ ਕਿੰਗ ਕਪਿਲ ਖਿਲਾਫ਼ ਥਾਣੇ ਪਹੁੰਚੀਆਂ ਨਰਸਾਂ

18-9

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਪੈਦਾ ਹੋ ਕੇ ਮਾਇਆ ਨਗਰੀ ਪਹੁੰਚੇ ਕਾਮੇਡੀ ਕਿੰਗ ਕਪਿਲ ਸ਼ਰਮਾ ਖਿਲਾਫ਼ ਗੁਰੂ ਨਗਰੀ ਦੀਆਂ ਹੀ ਨਰਸਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਨਰਸਾਂ ਵੱਲੋਂ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਰਸ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕੀਤੇ ਜਾਣ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਨਰਸਾਂ ਨੇ ਪੁਲਿਸ ਕੋਲੋਂ ਮੰਗ ਕੀਤੀ ਕਿ ਕਪਿਲ ਖਿਲਾਫ਼ ਨਰਸਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਐਫ.ਆਈ.ਆਰ. ਦਰਜ ਕੀਤੀ ਜਾਵੇ।

ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਨਰਸਾਂ ਵੱਲੋਂ ਕਪਿਲ ਸ਼ਰਮਾ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਜਾਬ ਨਰਸਿੰਗ ਐਸੋਸੀਏਸ਼ਨ ਦੀ ਜਨਰਲ ਸਕੱਤਰ ਰਾਜ ਬੇਦੀ ਨੇ ਕਿਹਾ ਕਿ ਪੂਰੇ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਵੀ ਕਪਿਲ ਦਾ ਸ਼ੋਅ ਦੇਖਦੇ ਹਨ। ਇਸ ਤਰ੍ਹਾਂ ਕਪਿਲ ਨੇ ਪੂਰੇ ਸੰਸਾਰ ਵਿੱਚ ਨਰਸਾਂ ਪ੍ਰਤੀ ਗਲਤ ਸੰਦੇਸ਼ ਪਹੁੰਚਾਇਆ ਹੈ। ਨਰਸਾਂ ਨੇ ਕਾਫੀ ਦੇਰ ਹਸਪਤਾਲ ਬਾਹਰ ਧਰਨਾ ਲਾਉਣ ਤੋਂ ਬਾਅਦ ਨਜ਼ਦੀਕੀ ਪੁਲਿਸ ਸਟੇਸ਼ਨ ਜਾ ਕੇ ਮੰਗ ਕੀਤੀ ਕਿ ਕਪਿਲ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਰਾਜ ਬੇਦੀ ਨੇ ਕਿਹਾ ਕਿ ਕਪਿਲ ਦੇ ਸ਼ੋਅ ਵਿੱਚ ਨਰਸਾਂ ਖਿਲਾਫ਼ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। ਇਸ ਨਾਲ ਆਮ ਜਨਤਾ ਦੀ ਸੇਵਾ ਕਰਨ ਵਾਲੀ ਹਰ ਨਰਸ ਨੇ ਮਨ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ੋਅ ਵਿੱਚ ਮੌਜੂਦ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਕਪਿਲ ਨੂੰ ਅਜਿਹਾ ਕਰਨ ਤੋਂ ਕਦੇ ਮਨ੍ਹਾਂ ਨਹੀਂ ਕੀਤਾ ਗਿਆ।

ਨਰਸਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਕਪਿਲ ਸ਼ਰਮਾ ਆਪਣੀ ਇਸ ਗਲਤੀ ਲਈ ਦੇਸ਼ ਦੀਆਂ ਨਰਸਾਂ ਤੋਂ ਮਾਫ਼ੀ ਨਹੀਂ ਮੰਗਦਾ ਤਾਂ ਉਨ੍ਹਾਂ ਵੱਲੋਂ ਉਸ ਦੇ ਘਰ ਦਾ ਘੇਰਾਓ ਕੀਤਾ ਜਾਵੇਗਾ। ਉੱਧਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਥਾਣੇ ਦੇ ਐਸ.ਐਚ.ਓ. ਗਗਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਉਹ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਕਰਕੇ ਬਣਦੀ ਕਾਰਵਾਈ ਕਰਨਗੇ।

print
Share Button
Print Friendly, PDF & Email