ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਅਕਾਲੀ ਦਲ, ਖਾਲੀ ਦਲ ਵਿੱਚ ਤਬਦੀਲ ਹੋ ਜਾਵੇਗਾ: ਦੀਵਾਨ

ss1

ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਅਕਾਲੀ ਦਲ, ਖਾਲੀ ਦਲ ਵਿੱਚ ਤਬਦੀਲ ਹੋ ਜਾਵੇਗਾ: ਦੀਵਾਨ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਨੇ ਕਿਹਾ ਹੈ ਕਿ ਜਿਸ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਪਾਰਟੀ ਨੂੰ ਛੱਡ ਕੇ ਲਗਾਤਾਰ ਕਾਂਗਰਸ ਦਾ ਹੱਥ ਫੜ ਰਹੇ ਹਨ, ਚੋਣ ਜਾਬਤਾ ਲਾਗੂ ਹੋ ਜਾਣ ਤੋਂ ਬਾਅਦ ਅਕਾਲੀ ਦਲ ਨੂੰ ਖਾਲੀ ਦਲ ਬਣਨ ਵਿੱਚ ਵਾਧੂ ਸਮਾਂ ਨਹੀਂ ਲੱਗੇਗਾ। ਇਸੇ ਤਰਾਂ, ਦੀਵਾਨ ਨੇ ਆਮ ਆਦਮੀ ਪਾਰਟੀ ਉਪਰ ਵੀ ਚੁਟਕੀ ਲਈ ਹੈ, ਜਿਸਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਰੈਲੀਆਂ ਫਲਾਪ ਹੋ ਜਾਣ ਤੋਂ ਬਾਅਦ ਇਕ ਵਾਰ ਫਿਰ ਤੋਂ ਪੰਜਾਬ ਤੋਂ ਭੱਜਣ ਲਈ ਦਿੱਲੀ ਵਿੱਚ ਅਦਾਲਤ ਦੀ ਤਰੀਖ ਦਾ ਬਹਾਨਾ ਲੱਭਣਾ ਪਿਆ ਹੈ। ਦੀਵਾਨ ਨੇ ਬੀਤੇ ਦਿਨ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਦੇ ਪਿੰਡ ਸੋਫੀ ਵਿਖੇ ਸੁਖਬੀਰ ਦੇ ਪ੍ਰੋਗਰਾਮ ਦੌਰਾਨ ਖਾਲੀ ਕੁਰਸੀਆਂ ਨੂੰ ਲੈ ਕੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਹੈ ਕਿ ਇਹ ਖਾਤਮੇ ਵੱਲ ਵੱਧ ਰਹੇ ਅਕਾਲੀ ਦਲ ਲਈ ਸੱਚਾਈ ਦੀ ਇਕ ਤਸਵੀਰ ਹੈ। ਉਨਾਂ ਨੇ ਕਿਹਾ ਕਿ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਦੀ ਉਦਯੋਗ ਵਿਰੋਧੀ ਨੀਤੀਆਂ ਤੋਂ ਪ੍ਰਤਾੜਤ ਉਦਯੋਗਾਂ ਨੂੰ ਭਾਜਪਾ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨੇ ਬੰਦ ਹੋਣ ਦੇ ਕੰਢੇ ਪਹੁੰਚਾ ਦਿੱਤਾ ਹੈ। ਇਸ ਦਿਸ਼ਾ ਵਿੱਚ ਨਾ ਸਿਰਫ ਉਦਯੋਗ, ਸਗੋਂ ਸਮਾਜ ਦਾ ਹਰੇਕ ਵਰਗ ਗੈਰ ਸੰਗਠਿਤ ਨੋਟਬੰਦੀ ਦੀਆਂ ਪ੍ਰੇਸ਼ਾਨੀਆਂ ਨੂੰ ਝੇਲਣ ਵਾਸਤੇ ਮਜ਼ਬੂਰ ਹੈ। ਉਥੇ ਹੀ, ਆਪ ਦੀ ਫਲਾਪ ਰੈਲੀਆਂ ਅਤੇ ਪਾਰਟੀ ਵਰਕਰਾਂ ਵੱਲੋਂ ਹੀ ਕੇਜਰੀਵਾਲ ਅਤੇ ਹੋਰਨਾਂ ਆਗੂਆਂ ਵਿਰੁੱਧ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਾ ਜ਼ਿਕਰ ਕਰਦਿਆਂ ਉਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਹੁਣ ਇਨਾਂ ਦੇ ਜਾਅਲ ਵਿੱਚ ਨਹੀਂ ਫੱਸਣ ਵਾਲੇ। ਇਹੋ ਕਾਰਨ ਹੈ ਕਿ ਕੇਜਰੀਵਾਲ ਆਪਣਾ ਪੰਜਾਬ ਦੌਰਾ ਵਿੱਚੇ ਛੱਡ ਕੇ ਚੱਲ ਪਏ ਹਨ, ਕਿਉਂਕਿ ਉਨਾਂ ਨੂੰ ਕੌੜੀ ਸੱਚਾਈ ਸਾਫ ਨਜ਼ਰ ਆਉਣ ਲੱਗੀ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਵਿੱਚ ਅਗਲੀ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ। ਲੋਕਾਂ ਤੋਂ ਕਾਂਗਰਸ ਨੂੰ ਮਿੱਲ ਰਹੇ ਸ਼ਾਨਦਾਰ ਸਮਰਥਨ ਦਾ ਹੀ ਨਤੀਜ਼ਾ ਹੈ ਕਿ ਦੂਜੀਆਂ ਪਾਰਟੀਆਂ ਨਾਲ ਸਬੰਧਤ ਆਗੂ ਪਾਰਟੀ ਦਾ ਹਿੱਸਾ ਬਣ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *