ਝੋਨੇ ਦੇ ਅਦਾਇਗੀ ਨੂੰ ਲੈ ਕੇ ਸਾਦਿਕ ਦੇ ਆੜਤੀਆਂ ਵੱਲੋਂ ਡੀ.ਸੀ ਦਫਤਰ ਮੂਹਰੇ ਨਾਅਰੇਬਾਜ਼ੀ

ss1

ਝੋਨੇ ਦੇ ਅਦਾਇਗੀ ਨੂੰ ਲੈ ਕੇ ਸਾਦਿਕ ਦੇ ਆੜਤੀਆਂ ਵੱਲੋਂ ਡੀ.ਸੀ ਦਫਤਰ ਮੂਹਰੇ ਨਾਅਰੇਬਾਜ਼ੀ

ਫਰੀਦਕੋਟ, 18 ਨਵੰਬਰ ( ਜਗਦੀਸ਼ ਬਾਂਬਾ ) ਕਰੀਬ ਡੇਢ ਮਹੀਨੇ ਪਹਿਲਾਂ ਖਰੀਦ ਹੋਏ ਝੋਨੇ ਦੀ ਅਦਾਇਗੀ ਨਾ ਹੋਣ ਕਾਰਨ ਸਾਦਿਕ ਦੇ ਆੜਤੀਆਂ ਨੇ ਡੀ.ਸੀ ਦਫਤਰ ਮੂਹਰੇ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵਰਾਜ ਸਿੰਘ ਢਿੱਲੋਂ ਵਾਈਸ ਪ੍ਰਧਾਨ ਆੜਤੀਆ ਐਸੋਸੀਏਸ਼ਨ ਸਾਦਿਕ, ਦਲਜੀਤ ਸਿੰਘ ਢਿੱਲੋਂ, ਰਾਜ ਸੰਧੂ ਤੇ ਰਣਧੀਰ ਸਿੰਘ ਸੰਧੂ ਨੇ ਦੱਸਿਆ ਕਿ ਸਾਦਿਕ ਮੰਡੀ ਵਿਚੋਂ ਪਨਸਪ ਵੱਲੋਂ 8 ਅਕਤੂਬਰ ਤੋਂ ਲੈ ਕੇ 3 ਨਵੰਬਰ ਤੱਕ ਹੋਈਆਂ 8 ਖਰੀਦਾਂ ਦੀ ਕਰੋੜਾਂ ਰੁਪਏ ਦੀ ਅਦਾਇਗੀ ਨਹੀਂ ਕੀਤੀ ਗਈ। ਜਦੋਂ ਕਿ ਕਈ ਮੰਡੀਆਂ ਵਿਚ 4 ਨਵੰਬਰ ਤੱਕ ਦੀ ਅਦਾਇਗੀ ਹੋ ਚੁੱਕੀ ਹੈ। ਅਸੀਂ ਵਾਰ ਵਾਰ ਡੀ.ਸੀ ਫਰੀਦਕੋਟ ਅਤੇ ਜ਼ਿਲਾ ਮੈਨੇਜਰ ਪਨਸਪ ਦੇ ਦਫਤਰਾਂ ਦੇ ਗੇੜੇ ਮਾਰ ਮਾਰ ਥੱਕ ਗਏ ਹਾਂ ਪਰ ਕਿਸੇ ਨੂੰ ਵੀ ਕਰੋੜਾਂ ਰੁਪਏ ਦੀ ਫਸੀ ਪੇਮੈਂਟ ਵੱਲੋਂ ਬਹੁਤ ਧਿਆਨ ਨਹੀਂ ਦਿੱਤਾ, ਜਿਸ ਕਾਰਨ ਅਸੀਂ ਸ. ਬਾਦਲ ਨੂੰ ਪਿੰਡ ਛਾਪਿਆਂਵਾਲੀ ਦੇ ਸੰਗਤ ਦਰਸ਼ਨ ਦੌਰਾਨ ਮਿਲੇ ਸੀ ਤੇ ਵਿਭਾਗ ਤੇ ਜ਼ਿਲਾ ਪ੍ਰਸ਼ਾਸ਼ਨ ਫਰੀਦਕੋਟ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਕਾਰਨ ਲੇਟ ਹੋਈ ਅਦਾਇਗੀ ਬਾਰੇ ਵਿਸਥਾਰ ਨਾਲ ਦੱਸਿਆ। ਪਰ ਅੱਠ ਦਿਨ ਬੀਤਣ ਤੇ ਵੀ ਕੋਈ ਕਾਰਵਾਈ ਨਹੀਂ। ਕੱਲ ਫਿਰ ਪੋਰਟਲ ਖੁੱਲਿਆ ਤੇ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਫਰੀਦਕੋਟ ਤੇ ਹਰ ਵਾਰ ਦੀ ਤਰਾਂ ਸਾਦਿਕ ਦੇ ਆੜਤੀਆਂ ਨਾਲ ਵਧੀਕੀ ਕਰਦੇ ਹੋਏ ਆਪਣੇ ਮਹਿਕਮੇ ਪਨਗ੍ਰੇਨ ਦੀਆਂ ਪੇਮੈਂਟ ਪਾ ਲਈਆਂ ਤੇ ਪਨਸਪ ਨੂੰ ਪੋਰਟਲ ਖੁੱਲਣ ਦਾ ਸੁਨੇਹਾ ਹੀ ਨਹੀਂ ਲਗਾਇਆ। ਜਿਸ ਕਾਰਨ ਮਹਿਕਮੇ ਦੀ ਅਣਗਹਿਲੀ ਤੇ ਅਧਿਕਾਰੀਆਂ ਦੀਆਂ ਵਧੀਕੀਆਂ ਕਾਰਨ ਸਾਦਿਕ ਮੰਡੀ ਦੇ ਆੜਤੀ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋ ਕੇ ਇਹ ਕਦਮ ਚੁਕਣਾ ਪਿਆ । ਮੰਡੀ ਦੇ ਆੜਤੀਆਂ ਨੇ ਪੰਜਾਬ ਪ੍ਰਧਾਨ ਦੇ ਬਿਆਨਾਂ ਤੇ ਵੀ ਸਖਤ ਇਤਰਾਜ ਕੀਤਾ ਕਿ ਉਹ ਆੜਤੀਆਂ ਦਾ ਨਹੀਂ ਬਲਕਿ ਸਰਕਾਰ ਦਾ ਨੁਮਾਇਂੰਦਾ ਬਣ ਕੇ ਕੰਮ ਕਰ ਰਿਹਾ ਹੈ ਤੇ ਅਦਾਇਗੀ ਹੋਣ ਦੀ ਝੂਠੀਆਂ ਖਬਰਾਂ ਲਗਵਾ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ। ਆੜਤੀਆਂ ਨੇ ਕਿਹਾ ਕਿ ਡੀ.ਐਫ.ਐਸ.ਸੀ ਦੀਆਂ ਵਧੀਕੀਆਂ ਬਾਰੇ ਉਹ ਹਾਈਕੋਰਟ ਵਿਚ ਕੇਸ ਦਰਜ ਕਰਨ ਸਬੰਧੀ ਵੀ ਰਣਨੀਤੀ ਬਣਾ ਰਹੇ ਹਨ। ਇਸ ਮੌਕੇ ਰਾਜ ਸੰਧੂ, ਪੰਕਜ਼ ਅਗਰਵਾਲ, ਸੋਨੀ ਢਿੱਲੋਂ, ਦੀਪਕ ਕੁਮਾਰ ਸੋਨੂੰ ਸਮੇਤ ਵੱਖ ਵੱਖ ਮੰਡੀਆਂ ਦੇ ਆੜਤੀ ਵੱਡੀ ਗਿਣਤੀ ਵਿਚ ਹਾਜਰ ਸਨ। ਆੜਤੀ ਧਰਨੇ ਦੌਰਾਨ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਰਹੇ ਤੇ ਡੀ.ਸੀ ਫਰੀਦਕੋਟ ਦਫਤਰ ਅੰਦਰ ਬੈਠੇ ਰਹੇ। ਡੀ.ਸੀ ਨੇ ਆੜਤੀਆਂ ਦੇ ਵਫਦ ਨੂੰ ਅੰਦਰ ਬੁਲਾਇਆ ਪਰ ਆੜਤੀਆਂ ਨੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਡੀ.ਸੀ ਨੂੰ ਬਾਹਰ ਆ ਕੇ ਗੱਲ ਸੁਨਣੀ ਪਈ। ਉਸ ਸਮੇਂ ਮੁੱਖ ਸਸੰਦੀ ਸਕੱਤਰ ਮਨਤਾਰ ਸਿੰਘ ਬਰਾੜ ਵੀ ਧਰਨੇ ‘ਚ ਪੁੱਜੇ ਤੇ ਚੰਡੀਗੜ ਵਿਖੇ ਸਾਰੀ ਸਥਿਤੀ ਤੋਂ ਜਾਣੂ ਕਰਵਾ ਕੇ ਆੜਤੀਆਂ ਨੂੰ ਦੋ ਦਿਨਾਂ ੱਚ ਅਦਾਇਗੀ ਕਰਵਾਉਣ ਦਾ ਵਿਸ਼ਵਾਸ਼ ਦਿਵਾਇਆ ਜਿਸ ਤੇ ਆੜਤੀਆਂ ਨੇ ਦੋ ਦਿਨਾਂ ਲਈ ਧਰਨਾ ਮੁਲਤਵੀ ਕਰ ਦਿੱਤਾ।

print
Share Button
Print Friendly, PDF & Email