ਗੁਰਪੁਰਬ ਦੇ ਸਬੰਧ ਵਿੱਚ ਸ਼ਹਿਰ ਅੰਦਰ ਵਿਸ਼ਾਲ ਨਗਰ ਕੀਰਤਨ ਕੱਢਿਆ

ss1

ਗੁਰਪੁਰਬ ਦੇ ਸਬੰਧ ਵਿੱਚ ਸ਼ਹਿਰ ਅੰਦਰ ਵਿਸ਼ਾਲ ਨਗਰ ਕੀਰਤਨ ਕੱਢਿਆ

12malout05ਮਲੋਟ, 12 ਨਵੰਬਰ (ਆਰਤੀ ਕਮਲ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਅੱਜ ਗੁਰਦੁਆਰਾ ਮਹੱਲਾ ਕਰਨੈਲ ਸਿੰਘ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰੂ ਘਰ ਤੋਂ ਸ਼ੁਰੂ ਹੋ ਕੇ ਮੇਨ ਬਜਾਰ, ਸੁਪਰ ਬਜਾਰ, ਦਾਨੇਵਾਲਾ ਚੌਂਕ, ਮੰਡੀ ਹਰਜੀ ਰਾਮ ਅਤੇ ਰਾਸ਼ਟਰੀ ਰਾਜ ਮਾਰਗ ਤੇ ਬੱਸ ਅੱਡੇ ਤੱਕ ਹੁੰਦਾ ਹੋਇਆ ਵਾਪਸ ਗੁਰੂ ਘਰ ਵਿਖੇ ਸਮਾਪਤ ਹੋਇਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਕੱਢੇ ਗਏ ਇਸ ਨਗਰ ਕੀਰਤਨ ਅੱਗੇ ਮੋਟਰਸਾਇਕਲਾਂ ਤੇ ਕੇਸਰੀ ਬਾਣੇ ਵਿਚ ਸਜੇ ਸਿੰਘ ਵੱਖਰਾ ਨਜ਼ਾਰਾ ਪੇਸ਼ ਕਰ ਰਹੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ੇਸ਼ ਤੌਰ ਤੇ ਪਹੁੰਚੀ ਫੁੱਲਾਂ ਨਾਲ ਸਜੀ ਪਾਲਕੀ ਵਿਚ ਸੁਸ਼ੋਭਿਤ ਸਨ। ਵੱਖ ਵੱਖ ਸਕੂਲਾਂ ਤੋਂ ਸਕੂਲੀ ਵਰਦੀ ਵਿਚ ਸਜੇ ਬੱਚਿਆਂ ਨੇ ਬਹੁਤ ਵਧੀਆ ਅਨੁਸ਼ਾਸਨ ਦਿਖਾ ਕੇ ਨਗਰ ਕੀਰਤਨ ਦੀ ਰੌਣਕ ਨੂੰ ਚਾਰ ਚੰਦ ਲਗਾ ਦਿੱਤਾ । ਗਤਕਾ ਪਾਰਟੀਆਂ ਵਿਚ ਸ਼ਾਮਲ ਸਿੰਘਾਂ ਨੇ ਗਤਕੇ ਦੇ ਹੈਰਾਨੀਜਨਕ ਜੌਹਰ ਵਿਖਾਏ। ਇਸ ਮੌਕੇ ਰਸਤੇ ਵਿਚ ਸੰਗਤਾਂ ਵੱਲੋਂ ਵੱਖ ਵੱਖ ਥਾਵਾਂ ਤੇ ਤਰਾਂ ਤਰਾਂ ਦੇ ਲੰਗਰ ਲਗਾਏ ਗਏ ਸਨ ਤੇ ਨੌਜਵਾਨ ਬੜੇ ਹੀ ਜੋਸ਼ ਨਾਲ ਸੰਗਤਾਂ ਦੀ ਸੇਵਾ ਕਰ ਰਹੇ ਸਨ । ਸਥਾਨਕ ਰਾਸ਼ਟਰੀ ਰਾਜ ਮਾਰਗ ਤੇ ਸੰਗਤਾਂ ਦੀ ਸੇਵਾ ਲਈ ਛਾਬੜਾ ਟੈਂਟ ਹਾਊਸ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਹੇਠ ਬਰੈਡ ਚਾਹ ਦਾ ਲੰਗਰ ਲਗਾਇਆ ਹੋਇਆ ਸੀ ਤੇ ਸੰਗਤ ਨੇ ਇਸ ਦਾ ਖੂਬ ਲੁਤਫ ਉਠਾਇਆ । ਇਸ ਮੌਕੇ ਵੱਖ ਵੱਖ ਰਾਗੀ ਢਾਡੀ ਜੱਥਿਆਂ ਸਮੇਤ ਭਾਈ ਮਲਕੀਤ ਸਿੰਘ ਦੇ ਰਾਗੀ ਜੱਥੇ ਨੇ ਵਿਸ਼ੇਸ਼ ਕਰਕੇ ਸੰਗਤ ਨੂੰ ਬੁਰਾਈਆਂ ਤੋਂ ਦੂਰ ਰਹਿਣ ਅਤੇ ਗੁਰੁੂਆਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਬੈਂਡ ਪਾਰਟੀਆਂ ਧਾਰਮਿਕ ਧੁਨਾਂ ਰਾਹੀਂ ਫ਼ਿਜਾ ਵਿਚ ਵੱਖਰਾ ਰੰਗ ਬਿਖੇਰ ਰਹੀਆਂ ਸਨ। ਨਗਰ ਕੀਰਤਨ ਵਿਚ ਸਿੱਖ ਅਕੈਡਮੀਆਂ ਦੇ ਸੁੰਦਰ ਬਾਣੇ ਵਿਚ ਸਜੇ ਬੱਚੇ ਹੋਰ ਵੀ ਸ਼ੋਭਾ ਵਧਾ ਰਹੇ ਸਨ।

print
Share Button
Print Friendly, PDF & Email