ਕੇਂਦਰ ਸਰਕਾਰ ਵੱਲੋਂ ਚਲਾਈਆਂ ਯੋਜਨਾਵਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾਵੇ-ਰਵਨੀਤ ਸਿੰਘ ਬਿੱਟੂ

ss1

ਕੇਂਦਰ ਸਰਕਾਰ ਵੱਲੋਂ ਚਲਾਈਆਂ ਯੋਜਨਾਵਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾਵੇ-ਰਵਨੀਤ ਸਿੰਘ ਬਿੱਟੂ

ਲੁਧਿਆਣਾ (ਪ੍ਰੀਤੀ ਸ਼ਰਮਾ) ਮਗਨਰੇਗਾ ਯੋਜਨਾ ਤਹਿਤ ਜ਼ਿਲਾ ਲੁਧਿਆਣਾ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਸz. ਰਵਨੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਹੋਈ ਜ਼ਿਲਾ ਪੱਧਰੀ ਵਿਜੀਲੈਂਸ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਸਾਰੇ ਹਾਊਸ ਨੂੰ ਦਿੱਤੀ। ਮੀਟਿੰਗ ਦੌਰਾਨ ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਸz. ਰਵਨੀਤ ਸਿੰਘ ਬਿੱਟੂ ਨੇ ਜ਼ਿਲਾ ਪ੍ਰਸਾਸ਼ਨ ਨੂੰ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਨੂੰ ਲੋਕ ਹਿੱਤ ਵਿੱਚ ਦੇਖਦਿਆਂ ਸਹੀ ਅਰਥਾਂ ਵਿੱਚ ਲਗਾਉਣ, ਤਾਂ ਜੋ ਇਨਾਂ ਯੋਜਨਾਵਾਂ ਦਾ ਲੱਖਾਂ ਲੋੜਵੰਦ ਲੋਕ ਲਾਹਾ ਲੈ ਸਕਣ। ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਵੇਰਵਾ ਦਿੰਦਿਆਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਈਮੈਂਟ ਗਰੰਟੀ ਐਕਟ (ਮਗਨਰੇਗਾ) ਯੋਜਨਾ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕੀਤਾ ਜਾ ਰਿਹਾ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਹਰੇਕ ਬੇਗਾਰ ਨੂੰ ਇਸ ਯੋਜਨਾ ਤਹਿਤ ਲਿਆ ਕੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ। ਸ੍ਰੀ ਰਵੀ ਭਗਤ ਨੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਾਰੀਆਂ ਯੋਜਨਾਵਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਜ਼ਿਲੇ ਦੇ ਵੱਖ-ਵੱਖ ਖੇਤਰਾਂ ਵਿੱਚ ਇਨਾਂ ਯੋਜਨਾਵਾਂ ਦਾ ਲੱਖਾਂ ਲਾਭਪਾਤਰੀ ਲਾਭ ਲੈ ਰਹੇ ਹਨ। ਉਨਾਂ ਦੱਸਿਆ ਕਿ ਪਿਛਲੀ ਮੀਟਿੰਗ ਵਿੱਚ ਜੋ ਟੀਚੇ ਮਿਥੇ ਗਏ ਸਨ, ਉਹ ਇਸ ਵਾਰ ਤਕਰੀਬਨ ਪੂਰੇ ਕਰ ਲਏ ਗਏ ਹਨ। ਉਨਾਂ ਦੱਸਿਆ ਕਿ ਵੱਖ-ਵੱਖ ਯੋਜਨਾਵਾਂ ਤਹਿਤ ਮਿਲ ਰਹੇ ਪੈਸੇ ਨੂੰ ਲੋਕ ਹਿੱਤ ਵਿੱਚ ਪਹਿਲ ਦੇ ਆਧਾਰ ‘ਤੇ ਖਰਚਿਆ ਗਿਆ ਹੈ। ਸਾਰੇ ਖਰਚੇ ਦਾ ਵੇਰਵਾ ਸਰਕਾਰੀ ਵੈੱਬਸਾਈਟ ‘ਤੇ ਨਾਲ ਦੀ ਨਾਲ ਪਾ ਦਿੱਤਾ ਜਾਂਦਾ ਹੈ। ਸ੍ਰੀ ਰਵੀ ਭਗਤ ਨੇ ਭਰੋਸਾ ਦਿੱਤਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਕੇਂਦਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਨੂੰ ਸਹੀ ਅਰਥਾਂ ਵਿੱਚ ਪਹਿਲ ਦੇ ਆਧਾਰ ‘ਤੇ ਲਾਗੂ ਕੀਤਾ ਜਾਵੇਗਾ। ਸz. ਬਿੱਟੂ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਵੱਲੋਂ ਲੋਕਾਂ ਦੀ ਭਲਾਈ ਲਈ ਕਈ ਤਰਾਂ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਅੱਜ ਲੋੜ ਹੈ ਕਿ ਇਨਾਂ ਯੋਜਨਾਵਾਂ ਨੂੰ ਲੋਕ ਹਿੱਤ ਵਿੱਚ ਚੰਗੀ ਤਰਾਂ ਲਾਗੂ ਕੀਤਾ ਜਾਵੇ। ਮੀਟਿੰਗ ਦੌਰਾਨ ਉਨਾਂ ਨੇ ਮਗਨਰੇਗਾ, ਇੰਦਰਾ ਆਵਾਸ ਯੋਜਨਾ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਰਾਜੀਵ ਗਾਂਧੀ ਯੋਜਨਾ, ਨੈਸ਼ਨਲ ਰੂਰਲ ਹੈਲਥ ਮਿਸ਼ਨ, ਮਿੱਡ ਡੇਅ ਮੀਲ, ਰਮਸਾ, ਸਰਵ ਸਿੱਖਿਆ ਅਭਿਆਨ, ਸਿੱਖਿਆ ਦਾ ਅਧਿਕਾਰ ਕਾਨੂੰਨ, ਡੀ. ਆਰ. ਡੀ. ਏ., ਐੱਮ. ਪੀ. ਲੈਡ ਅਤੇ ਹੋਰ ਅਨੇਕਾਂ ਯੋਜਨਾਵਾਂ ਬਾਰੇ ਵਿਸਥਾਰ ਸਹਿਤ ਪ੍ਰਗਤੀ ਦਾ ਜਾਇਜ਼ਾ ਲਿਆ। ਉਨਾਂ ਕਿਹਾ ਕਿ ਮਗਨਰੇਗਾ ਯੋਜਨਾ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸ਼ਾਹਕਾਰ ਯੋਜਨਾ ਹੈ, ਜਿਸ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਦੀ ਲੋੜ ਦੇ ਨਾਲ-ਨਾਲ ਇਸ ਬਾਰੇ ਕਿਰਤੀ ਵਰਗ ਨੂੰ ਜਾਗਰੂਕ ਕਰਨ ਦੀ ਵੀ ਲੋੜ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਇਸ ਯੋਜਨਾ ਤਹਿਤ ਰੁਜ਼ਗਾਰ ਪ੍ਰਾਪਤ ਕਰਕੇ ਆਪਣਾ ਗੁਜ਼ਾਰਾ ਕਰ ਸਕਣ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਯੋਜਨਾ ਤਹਿਤ ਜ਼ਿਲਾ ਅਤੇ ਬਲਾਕ ਪੱਧਰੀ ਪ੍ਰੋਜੈਕਟ ਸ਼ੁਰੂ ਕਰਨ, ਤਾਂ ਜੋ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਜ਼ਿਲੇ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਜਾ ਸਕੇ। ਮੀਟਿੰਗ ਦੌਰਾਨ ਵਿਧਾਇਕ ਸ੍ਰੀ ਸੁਰਿੰਦਰ ਡਾਬਰ, ਵਿਧਾਇਕ ਸ. ਅਮਰੀਕ ਸਿੰਘ ਢਿੱਲੋਂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਪਨੀਤ ਰਿਐਤ, ਜ਼ਿਲੇ ਦੇ ਸਮੂਹ ਐਸ.ਡੀ.ਐਮਜ਼ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

print
Share Button
Print Friendly, PDF & Email